ਰੇਡਿਕਾ ਕਰਮਚਾਰੀਆਂ ਨੇ ਪਰਿਵਾਰਕ ਮੈਂਬਰਾਂ ਸਮੇਤ ਕੱਢੀ ਰੋਸ ਰੈਲੀ

07/19/2019 2:05:46 AM

ਕਪੂਰਥਲਾ, (ਮੱਲ੍ਹੀ)- ਰੇਲ ਡਿੱਬਾ ਕਾਰਖਾਨਾ ਦੇ ਨਿਗਮੀਕਰਨ/ਨਿਜੀਕਰਨ ਦੇ ਵਿਰੋਧ ’ਚ ਚੱਲ ਰਿਹਾ ਅੰਦੋਲਨ ਆਪਣੇ ਅਗਲੇ ਪਡ਼ਾਅ ’ਚ ਦਾਖਲ ਹੋ ਗਿਆ। ਆਰ. ਸੀ. ਐੱਫ. ਬਚਾਓ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸ਼ਾਮ 5.30 ਵਜੇ ਡਾ. ਅੰਬੇਡਕਰ ਚੌਕ ’ਚ ਰੇਡਿਕਾ ਕਰਮਚਾਰੀਆਂ ਉਨ੍ਹਾਂ ਦੇ ਪਰਿਵਾਰਾਂ ਮੈਂਬਰਾਂ ਵੱਲੋਂ ਵੱਡੀ ਗਿਣਤੀ ’ਚ ਸਕੂਟਰ/ਮੋਟਰ ਸਾਈਕਲ ਰੈਲੀ ’ਚ ਸ਼ਾਮਲ ਹੋ ਕੇ, ਪੂਰੀ ਰੇਡਿਕਾ ਕਾਲੋਨੀ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੇਲ ਕੋਚ ਫੈਕਟਰੀ ਦੇ ਬਾਹਰ ਰਹਿ ਰਹੇ ਕਰਮਚਾਰੀ ਵੀ ਆਪਣੇ ਦੋਪਹੀਆ ਵਾਹਨਾਂ ਤੇ ਪਰਿਵਾਰਾਂ ਸਮੇਤ ਇਸ ਰੋਸ ਰੈਲੀ ’ਚ ਸ਼ਾਮਲ ਹੋਏ। ਕਮੇਟੀ ਦੇ ਕਨਵੀਨਰ ਜਸਵੰਤ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਸੂਰਤ ’ਚ ਆਰ. ਸੀ. ਐੱਫ. ਦੇ ਬਹਾਦੁਰ ਸਾਥੀ ਆਪਣੇ ਪਿਆਰੇ ਕਾਰਖਾਨੇ ਦਾ ਨਿਗਮੀਕਰਨ/ਨਿਜੀਕਰਨ ਨਹੀਂ ਹੋਣ ਦੇਣਗੇ। ਰੇਲ ਮੰਤਰਾਲਾ ਦੇ ਇਸ ਤਾਨਾਸ਼ਾਹੀ ਹੁਕਮ ਨੂੰ ਕਿਸੇ ਵੀ ਸੂਰਤ ’ਚ ਲਾਗੂ ਨਹੀਂ ਹੋਣ ਦਿਆਂਗੇ। ਇਸ ਲਈ ਸਾਨੂੰ ਜੋ ਵੀ ਕੁਰਬਾਨੀ ਦੇਣੀ ਪਵੇ, ਉਹ ਦੇਵਾਂਗੇ ਤੇ ਇਸ ਕਾਰਖਾਨੇ ਦੀ ਰੱਖਿਆ ਕਰਾਂਗੇ। ਉਨ੍ਹਾਂ ਸਭ ਨੂੰ ਸੱਦਾ ਦਿੱਤਾ ਕਿ ਸੰਘਰਸ਼ ਦੀ ਅਗਲੀ ਲਡ਼ੀ ’ਚ 24 ਜੁਲਾਈ ਨੂੰ ਡੀ. ਸੀ. ਸਾਹਿਬ ਨੂੰ ਮੰਗ-ਪੱਤਰ ਦਿੱਤੇ ਜਾਣ ’ਚ ਵੱਧ ਚਡ਼੍ਹ ਕੇ ਸਾਥ ਤੇ ਸਮਰਥਨ ਦੇਣ ਦੀ ਅਪੀਲ ਕੀਤੀ।

ਸਕੱਤਰ ਸਰਵਜੀਤ ਸਿੰਘ ਨੇ ਰੈਲੀ ’ਚ ਆਏ ਸਭ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਖਾਸ ਕਰ ਕੇ ਔਰਤਾਂ ਦਾ ਧੰਨਵਾਦ ਕੀਤਾ ਤੇ ਸਭ ਨੂੰ ਸੰਘਰਸ਼ ਦੇ ਅਗਲੇ ਪਡ਼ਾਅ ਦੇ ਲਈ ਤਿਆਰ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਆਪਣੇ ਅੰਦਾਜ਼ ’ਚ ਕਿਹਾ ਕਿ ਰੇਡਿਕਾ ਦੇ ਕਰਮਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸਮੂਹ ਕਪੂਰਥਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡ ਦੇ ਹਜ਼ਾਰਾਂ ਲੋਕਾ ਤੇ ਆਸ-ਪਾਸ ਦੀਆਂ ਬਾਹਰੀ ਉਦਯੋਗਿਕ ਇਕਾਈਆਂ ਦੀ ਆਰਥਿਕ ਖੁਸ਼ਹਾਲੀ ਵੀ ਰੇਡਿਕਾ ਦੇ ਭਵਿੱਖ ’ਤੇ ਹੀ ਨਿਰਭਰ ਕਰਦੀ ਹੈ, ਇਸ ਲਈ ਆਰ. ਸੀ. ਐੱਫ. ਦੇ ਭਵਿੱਖ ਦਾ ਮੁੱਦਾ ਸਭ ਇਲਾਕਾ ਨਿਵਾਸੀਆ ਦੇ ਹਿੱਤ ਲਈ ਸਾਮਾਨ ਰੂਪ ਨਾਲ ਜੁਡ਼ਿਆ ਹੋਇਆ ਸੀ। ਇਸਦੇ ਲਈ ਆਸ-ਪਾਸ ਦੇ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਨੇ ਵੀ ਨਿਗਮੀਕਰਨ/ਨਿਜੀਕਰਨ ਦੇ ਵਿਰੋਧ ’ਚ ਲਡ਼ੇ ਜਾ ਰਹੇ ਇਸ ਕਰੋ ਜਾਂ ਮਰੋ ਅੰਦੋਲਨ ਨੂੰ ਭਰਪੂਰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਰੋਸ ਪ੍ਰਦਰਸ਼ਨ ’ਚ ਆਰ. ਸੀ. ਐੱਫ. ਬਚਾਓ ਸੰਘਰਸ਼ ਕਮੇਟੀ ਦੇ ਕੋ ਕਨਵੀਨਰ ਰਾਮ ਰਤਨ ਸਿੰਘ, ਕੈਸ਼ੀਅਰ ਮਨਜੀਤ ਸਿੰਘ ਬਾਜਵਾ, ਐਡੀਸ਼ਨਲ ਸੈਕਟਰੀ ਰਾਜਬੀਰ ਸ਼ਰਮਾ, ਪਰਮਜੀਤ ਸਿੰਘ ਖਾਲਸਾ, ਤਾਲਿਬ ਮੁਹੰਮਦ ਦੀ ਪ੍ਰਮੁੱਖ ਭੂਮਿਕਾ ਰਹੀ। ਇਸ ਮੌਕੇ ਹਰੀ ਦੱਤ, ਦਰਸ਼ਨ ਲਾਲ, ਸੁਰੇਸ਼ ਪਾਲ, ਰਾਜਿੰਦਰ ਸਿੰਘ, ਜੀਤ ਸਿੰਘ, ਰਾਜੇਸ਼ ਠਾਕੁਰ, ਓਮਾ ਸ਼ੰਕਰ, ਜਗਦੀਸ਼ ਸਿੰਘ, ਜੈਪਾਲ ਸਿੰਘ, ਮਯੰਕ ਭਟਨਾਗਰ, ਅਰਵਿੰਦ ਪ੍ਰਸ਼ਾਦ, ਬਲਦੇਵ ਰਾਜ, ਰਮਨ ਜੈਨ, ਰਣਜੀਤ ਸਿੰਘ, ਸੁਖਬੀਰ ਸਿੰਘ, ਆਰ. ਸੀ. ਮੀਨਾ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।


Bharat Thapa

Content Editor

Related News