ਰਿਸੈਪਸ਼ਨ ਪਾਰਟੀ ਬਣੀ ਅਖਾੜਾ, ਚੱਲੇ ਹਥਿਆਰ ਤੇ ਬੋਤਲਾਂ

11/18/2018 6:07:41 AM

ਜਲੰਧਰ,  (ਸ਼ੋਰੀ)-  ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਕਾਲਾ ਸੰਘਿਅਾਂ ਰੋਡ 'ਤੇ ਸਥਿਤ ਡੋਲੀ ਪੈਲੇਸ 'ਚ ਬੀਤੀ ਦੇਰ ਰਾਤ ਰਿਸੈਪਸ਼ਨ ਪਾਰਟੀ ਅਖਾੜਾ ਬਣ ਗਈ। 
ਪੈਲੇਸ ਦੇ ਅੰਦਰ ਹੀ ਡੰਡੇ, ਬੋਤਲਾਂ ਤੇ ਤੇਜ਼ਧਾਰ ਹਥਿਆਰ ਚੱਲੇ ਤੇ ਖੁੱਲ੍ਹ ਕੇ ਗੁੰਡਾਗਰਦੀ ਹੋਈ। ਇਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਤੇ ਹਮਲਾਵਰਾਂ ਨੇ ਤੋੜ-ਭੰਨ ਕਰ  ਕੇ  ਡੀ. ਜੇ. ਦਾ ਸਾਮਾਨ ਤੱਕ ਵੀ ਤੋੜ ਦਿੱਤਾ। ਜ਼ਖਮੀ ਸਿਵਲ ਹਸਪਤਾਲ 'ਚ ਇਲਾਜ ਕਰਵਾਉਣ ਪਹੁੰਚੇ ਤਾਂ ਉਥੇ ਵੀ ਜੰਮ ਕੇ ਗਾਲੀ-ਗਲੋਚ ਹੋਈ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਸ਼ਾਂਤ ਕਰਵਾਇਆ ਤੇ ਜ਼ਖਮੀ ਇਲਾਜ ਲਈ ਪ੍ਰਾਈਵੇਟ ਹਸਪਤਾਲ ਚਲੇ ਗਏ।
ਪਹਿਲੀ ਧਿਰ ਦੇ ਜ਼ਖਮੀਆਂ ਦੀ ਪਛਾਣ ਬੌਬੀ ਪੁੱਤਰ ਸੁਰਿੰਦਰ ਕੁਮਾਰ, ਅਵਿਨਾਸ਼ ਬੱਤਰਾ ਪੁੱਤਰ ਭੋਲੂ ਬੱਤਰਾ ਤੇ ਹਰਦੀਪ ਪੁੱਤਰ ਹਰਜਿੰਦਰ (ਸਾਰੇ) ਵਾਸੀ ਕੋਟ ਮੁਹੱਲਾ ਬਸਤੀ ਸ਼ੇਖ ਦੇ ਤੌਰ 'ਤੇ ਹੋਈ। ਬੌਬੀ ਨੇ ਕਿਹਾ ਕਿ ਉਹ ਸਮਾਗਮ ਬੁੱਕ ਕਰਵਾਉਣ ਲਈ ਡੋਲੀ ਪੈਲੇਸ ਆਪਣੇ ਦੋਸਤਾਂ ਨਾਲ ਗਿਆ ਸੀ, ਜਿਥੇ ਪਹਿਲਾਂ ਤੋਂ ਹੀ ਪਾਰਟੀ ਚੱਲ ਰਹੀ ਸੀ  ਅਤੇ ਸ਼ਰਾਬ ਦੇ ਨਸ਼ੇ 'ਚ ਕੁਝ ਨੌਜਵਾਨ ਵੀ ਉਥੇ ਮੌਜੂਦ ਸਨ, ਜਿਵੇਂ ਹੀ ਉਹ ਪੈਲੇਸ 'ਚ ਐਂਟਰੀ ਕਰਨ ਲੱਗੇ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਬੌਬੀ ਨੇ ਕਿਹਾ ਕਿ ਜਿਵੇਂ ਹੀ ਉਹ ਸਮਾਗਮ ਦੇ ਕਰੀਬ 22 ਹਜ਼ਾਰ  ਰੁਪਏ  ਪੈਲੇਸ ਦੇ ਮੈਨੇਜਰ ਸ਼ੰਭੂ ਨੂੰ ਦੇਣ ਲੱਗਾ ਤਾਂ ਉਕਤ ਸ਼ਰਾਬੀ ਨੌਜਵਾਨ ਪਵਨ ਦਿੱਲੀ ਵਾਲੇ ਨਾਲ ਆਏ ਤੇ ਉਨ੍ਹਾਂ  ਨਾਲ ਕੁੱਟ-ਮਾਰ ਕਰਨ ਲੱਗੇ ਤੇ ਉਨ੍ਹਾਂ ਤੋਂ  ਰੁਪਏ ਤੇ ਉਸ ਦੇ ਗਲ਼ੇ 'ਚ ਪਾਈ ਸੋਨੇ ਦੀ ਚੇਨ ਖੋਹ ਕੇ ਲੈ ਗਏ। ਕੁੱਟ-ਮਾਰ ਕਾਰਨ ਉਸ ਦੇ 2 ਦੋਸਤਾਂ ਦੀਆਂ ਬਾਂਹਾਂ ਟੁੱਟ ਚੁੱਕੀਆਂ ਹਨ। 
ਉਥੇ ਹੀ ਦੂਜੀ  ਧਿਰ ਦੇ ਜ਼ਖਮੀ ਪ੍ਰਦੀਪ ਪੁੱਤਰ ਪੂਰਨ ਚੰਦਰ ਵਾਸੀ ਦੁਸਹਿਰਾ ਗਰਾਊਂਡ ਕੈਂਟ ਨੇ ਪਹਿਲੀ ਧਿਰ  'ਤੇ ਦੋਸ਼ ਲਾਉਂਦਿਅਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਉਸ ਦੇ ਭਤੀਜੇ ਦੇ ਵਿਆਹ ਦੀ ਪਾਰਟੀ ਦੌਰਾਨ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਝਗੜਾ ਹੋਇਆ ਅਤੇ ਕੁਝ ਲੋਕਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। 
ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਸੂਚਨਾ ਤਾਂ ਪੁਲਸ ਕੋਲ ਆਈ ਹੈ ਪਰ ਕੋਈ ਐੱਮ. ਐੱਲ. ਆਰ. ਤੇ ਸ਼ਿਕਾਇਤ ਨਹੀਂ ਪਹੁੰਚੀ। 
ਸਿਵਲ ਹਸਪਤਾਲ ਪੁਲਸ ਗਈ ਸੀ  ਪਰ ਉਥੋਂ ਵੀ ਕੋਈ ਸ਼ਿਕਾਇਤ ਨਹੀਂ ਮਿਲੀ, ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News