ਮੈਡੀਕਲ ਕਾਲਜਾਂ ਦਾ ਸਿਹਰਾ ਲੈਣ ਤੋਂ ਬਾਜ਼ ਆਉਣ ਅਕਾਲੀ-ਭਾਜਪਾ: ਰਾਣਾ ਗੁਰਜੀਤ

11/30/2019 6:54:52 PM

ਕਪੂਰਥਲਾ (ਮੱਲੀ)— ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅਕਾਲੀ-ਭਾਜਪਾ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਿਹਾ ਕਿ ਅਕਾਲੀ-ਭਾਜਪਾ ਮੈਡੀਕਲ ਕਾਲਜਾਂ ਦਾ ਸਿਹਰਾ ਲੈਣ ਤੋਂ ਬਾਜ਼ ਆਉਣ। ਕਪੂਰਥਲਾ ਵਿਖੇ ਸਥਾਨਕ ਏਕਤਾ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਨੂੰ ਹੁੰਗਾਰਾ ਦਿੰਦੇ ਕੇਂਦਰ ਸਰਕਾਰ ਨੇ ਪੰਜਾਬ ਨੂੰ ਮੈਡੀਕਲ ਕਾਲਜ ਦਿੱਤਾ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਇਕ ਮੈਡੀਕਲ ਕਾਲਜ ਕਪੂਰਥਲਾ ਨੂੰ ਦਿੱਤਾ ਹੈ। ਜਿਸ ਦੇ ਲਈ ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦੀ ਹਾਂ। 

ਉਨ੍ਹਾਂ ਕਿਹਾ ਕਿ ਸਵਾ ਸਾਲ ਪਹਿਲਾਂ ਮੈਂ ਵਿਧਾਨ ਸਭਾ 'ਚ ਦੋਆਬੇ 'ਚ ਮੈਡੀਕਲ ਕਾਲਜ ਬਣਾਉਣ ਦੀ ਪ੍ਰਮੁੱਖਤਾ ਨਾਲ ਮੰਗ ਚੁੱਕੀ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਮਨਜੂਰ ਕਰਵਾ ਲਿਆ ਗਿਆ ਹੈ ਜਦਕਿ ਅਨੇਕਾਂ ਅਕਾਲੀ-ਭਾਜਪਾ ਆਗੂ ਮੈਡੀਕਲ ਕਾਲਜ ਨੂੰ ਮਿਲਣ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ। ਜਿਨ੍ਹਾਂ ਨੂੰ ਘਟੀਆ ਦਰਜੇ ਦੀ ਰਾਜਨੀਤੀ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ 7-8 ਸਾਲ ਪਹਿਲਾਂ ਵੀ ਕਪੂਰਥਲਾ ਦੇ ਰਮੀਦੀ ਪਿੰਡ ਨੂੰ ਏਮਜ਼ ਵਰਗੇ ਹਸਪਤਾਲ ਦਾ ਪ੍ਰਾਜੈਕਟ ਮਿਲਿਆ ਸੀ। ਜਿਸ ਨੂੰ ਸੂਬੇ 'ਤੇ ਕਾਬਜ਼ ਅਕਾਲੀ-ਭਾਜਪਾ ਗਠਜੋੜ ਸਰਕਾਰ ਇਕ ਗਿਣੀਮਿੱਥੀ ਸਾਜਿਸ਼ ਤਹਿਤ ਮਾਲਵਾ ਖੇਤਰ ਦੇ ਬਠਿੰਡਾ 'ਚ ਲੈ ਗਈ। ਰਾਣਾ ਗੁਰਜੀਤ ਨੇ ਅਕਾਲੀ-ਭਾਜਪਾ ਆਗੂਆਂ ਨੂੰ ਲੰਮੇ ਹੱਥੀ ਲੈਂਦੇ ਕਿਹਾ ਕਿ ਜਿਹੜੀਆਂ ਪਾਰਟੀਆਂ ਏਮਜ਼ ਵਰਗੇ ਹਸਪਤਾਲ ਨੂੰ ਨਹੀਂ ਸਾਂਭ ਸਕੀਆਂ, ਉਹ ਮੈਜੀਕਲ ਕਾਲਜ ਜਿਸ 'ਤੇ 325 ਕਰੋੜ ਰੁਪਇਆ ਖਰਚਿਆ ਜਾਵੇਗਾ, ਉਸ ਪ੍ਰਾਜੈਕਟ ਨੂੰ ਕਿਵੇਂ ਲਿਆ ਸਕਣਗੀਆਂ।

ਉਨ੍ਹਾਂ ਕਿਹਾ ਕਿ ਦੋਆਬੇ ਖੇਤਰ 'ਚ 37-38 ਫੀਸਦੀ ਅਨੁਸੂਚਿਤ ਜਨਜਾਤੀ ਦੇ ਲੋਕਾਂ ਦੀ ਆਬਾਦੀ ਹੈ। ਇਨ੍ਹਾਂ ਨੂੰ ਮੈਡੀਕਲ ਕਾਲਜ ਖੁੱਲ੍ਹਣ ਨਾਲ ਸਿਹਤ ਸਬੰਧੀ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਹੀ ਕਪੂਰਥਲਾ ਦੇ ਨੇੜਲੇ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਵੀ ਵਧੀਆ ਸਿਹਤ ਸੁਵਿਧਾਵਾਂ ਮਿਲਣ ਦੀ ਆਸ ਬੱਝੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਹਲਕਾ ਵਿਧਾਇਕਾ ਰਾਜਵੰਸ਼ ਕੌਰ ਰਾਣਾ, ਵਿਕਾਸ ਸ਼ਰਮਾ, ਸਰਪੰਚ ਦੀਪੂ ਚੰਦੂਪੁਰੀਆ ਆਦਿ ਹਾਜ਼ਰ ਸਨ।


shivani attri

Content Editor

Related News