ਰਾਣਾ ਗੁਰਜੀਤ ਸਿੰਘ ਨੇ ਹਲਕੇ ਦੇ ਪੁਰਾਣੇ ਵਰਕਰਾਂ ਦੀ ਪਿੱਠ ’ਚ ਮਾਰਿਆ ਛੁਰਾ : ਖਹਿਰਾ

6/28/2020 12:19:34 AM

ਭੁਲਥ,(ਭੂਪੇਸ਼)- ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਢਿੱਲਵਾਂ ਦੇ ਨਵੇਂ ਚੇਅਰਮੈਨ ਵਜੋਂ ਸ਼ਰਨਜੀਤ ਸਿੰਘ ਪੱਡਾ ਦੀ ਕੀਤੀ ਗਈ ਨਿਯੁਕਤੀ ਨੇ ਰਾਣਾ ਗੁਰਜੀਤ ਸਿੰਘ ਅਤੇ ਬੀਬੀ ਜਗੀਰ ਕੌਰ ਵਿਚਲੀ ਗੰਢਤੁੱਪ ਦਾ ਇਕ ਵਾਰ ਫਿਰ ਖੁਲ੍ਹਾਸਾ ਕੀਤਾ ਹੈ।
ਖਹਿਰਾ ਨੇ ਕਿਹਾ ਕਿ ਸ਼ਰਨਜੀਤ ਸਿੰਘ ਪੱਡਾ ਜੋ ਕਿ ਪਿਛਲੇ 25 ਸਾਲਾਂ ਤੋਂ ਬੀਬੀ ਜਗੀਰ ਕੌਰ ਦਾ ਕੱਟੜ ਅਕਾਲੀ ਸਮਰਥਕ ਸੀ, ਉਸ ਨੂੰ 2017 ਦੀਆਂ ਚੋਣਾਂ ਤੋਂ ਬਾਅਦ ਰਾਣਾ ਗੁਰਜੀਤ ਦੀ ਮਦਦ ਲਈ ਕਾਂਗਰਸ ‘ਚ ਡੈਪੂਟੇਸ਼ਨ ‘ਤੇ ਭੇਜਿਆ ਗਿਆ। ਹੁਣ ਉਸ ਨੂੰ ਬੀਬੀ ਜਗੀਰ ਕੌਰ ਦੇ ਕਹਿਣ ਉੱਪਰ ਰਾਣਾ ਗੁਰਜੀਤ ਸਿੰਘ ਨੇ ਮਾਰਕੀਟ ਕਮੇਟੀ ਢਿੱਲਵਾਂ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਖਹਿਰਾ ਨੇ ਕਿਹਾ ਕਿ ਇਸ ਨਾਲ ਕਾਂਗਰਸ ਲਈ ਪਿਛਲੇ 25 ਸਾਲ ਤੋਂ ਸੰਘਰਸ਼ ਕਰਨ ਵਾਲੇ ਵਰਕਰਾਂ ਨੂੰ ਅਣਗੌਂਲਿਆ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਭਾਵੇਂ ਉਹ ਹੁਣ ਕਾਂਗਰਸ ‘ਚ ਨਹੀਂ ਹਨ ਪਰ ਉਨ੍ਹਾਂ ਨੂੰ ਹਲਕੇ ਦੇ ਹਰ ਇਕ ਕਾਂਗਰਸੀ ਆਗੂ ਬਾਰੇ ਚੰਗੀ ਤਰ੍ਹਾਂ ਨਾਲ ਜਾਣਕਾਰੀ ਹੈ। ਅਕਾਲੀ ਸਰਕਾਰ ਦੇ ਵਿਰੋਧ ਦੌਰਾਨ ਉਨ੍ਹਾਂ ਕਾਂਗਰਸੀਆਂ ਨੇ ਜੇਲਾਂ ਕੱਟੀਆਂ, ਕੁਰਬਾਨੀਆਂ ਕੀਤੀਆਂ, ਝੂਠੇ ਪਰਚੇ ਤੱਕ ਆਪਣੇ ਪਿੰਡੇ ‘ਤੇ ਹੰਡਾਏ, ਉਨ੍ਹਾਂ ਸਾਰਿਆਂ ਨੂੰ ਅਣਦੇਖਾ ਕਰ ਕੇ ਇਕ ਨਵੇਂ ਕਾਂਗਰਸੀ ਨੂੰ ਮਾਰਕੀਟ ਕਮੇਟੀ ਢਿੱਲਵਾਂ ਦਾ ਚੇਅਰਮੈਨ ਬਣਾ ਕੇ ਰਾਣਾ ਗੁਰਜੀਤ ਨੇ ਕਾਂਗਰਸ ਨੂੰ ਨਾ ਸਿਰਫ ਵੱਡੀ ਸੱਟ ਮਾਰੀ ਹੈ ਬਲਕਿ ਪਾਰਟੀ ਨੂੰ ਕਮਜ਼ੋਰ ਕਰ ਕੇ ਹਲਕੇ ਨੂੰ ਅਕਾਲੀ ਦਲ ਦਾ ਗੜ੍ਹ ਬਣਾਉਣ ਦੀ ਸਾਜ਼ਿਸ਼ ਵੀ ਰਚੀ ਹੈ।ਖਹਿਰਾ ਨੇ ਕਿਹਾ ਕਿ ਮਾਰਕੀਟ ਕਮੇਟੀ ਢਿੱਲਵਾਂ ਦੇ ਨਵੇਂ ਚੇਅਰਮੈਨ ਵਜੋਂ ਸ਼ਰਨਜੀਤ ਪੱਡਾ ਦੀ ਨਿਯੁਕਤੀ ਕਰਵਾ ਕੇ ਰਾਣਾ ਗੁਰਜੀਤ ਨੇ ਆਪਣੀ ਹੀ ਪਾਰਟੀ ਨਾਲ ਧੋਖਾ ਕੀਤਾ ਹੈ ਅਤੇ ਪਿੱਠ ‘ਚ ਛੁਰਾ ਮਾਰਿਆ ਹੈ।
 


Deepak Kumar

Content Editor Deepak Kumar