ਸੰਤ ਸੀਚੇਵਾਲ ਦੀ ਪ੍ਰੇਰਣਾ ਸਦਕਾ ਦ੍ਰਿਸ਼ਟੀ ਫਾਊਂਡੇਸ਼ਨ ਕੈਨੇਡਾ ਵਲੋਂ ਚਾਰ ਪ੍ਰਾਇਮਰੀ ਸਕੂਲਾਂ ਨੂੰ ਕੰਪਿਊਟਰ ਦਾਨ

Tuesday, Apr 06, 2021 - 03:06 PM (IST)

ਸੁਲਤਾਨਪੁਰ ਲੋਧੀ (ਬਿਊਰੋ): ਦ੍ਰਿਸ਼ਟੀ ਫਾਊਡੇਸ਼ਨ ਕੈਨੇਡਾ ਵੱਲੋਂ ਮਾਲਵੇ ਦੇ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦਾਨ ਕਰਨ ਦੀ ਚਲਾਈ ਮੁਹਿੰਮ ਦੌਰਾਨ ਚਾਰ ਹੋਰ ਪਿੰਡਾਂ ਵਿੱਚ ਕੰਪਿਊਟਰ ਦਾਨ ਕੀਤੇ ਗਏ। ਦ੍ਰਿਸ਼ਟੀ ਪੰਜਾਬ ਵੱਲੋਂ ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਚੌਥੇ ਪੜਾਅ ਦੀ ਸੇਵਾ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੇ ਰਾਜਸਥਾਨ ਹੱਦ ਨਾਲ ਲੱਗਦੇ ਚਾਰ ਪਿੰਡਾਂ ਦੋਦੇਵਾਲਾ, ਵਹਾਬਵਾਲਾ, ਖਾਟਵਾਂ ਤੇ ਕੰਧਵਾਲਾ ਹਾਜ਼ਰ ਖਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਚਾਰ ਕੰਪਿਊਟਰ ਦਾਨ ਕੀਤੇ ਗਏ। ਦ੍ਰਿਸ਼ਟੀ ਫਾਊਡੇਸ਼ਨ ਕੈਨੇਡਾ ਵੱਲੋਂ ਦਸੰਬਰ 2020 ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਹੁਣ ਤੱਕ ਫਾਜ਼ਿਲਕਾ ਤੇ ਅਬੋਹਰ ਜ਼ਿਲ੍ਹਿਆਂ ਦੇ 15 ਸਕੂਲਾਂ ਨੂੰ ਕੰਪਿਊਟਰ ਦਾਨ ਕੀਤੇ ਜਾ ਚੁੱਕੇ ਹਨ।

PunjabKesari

ਪੰਜਾਬ ਦੇ ਲੋੜਵੰਦ ਬੱਚਿਆਂ ਨੂੰ ਸਿੱਖਿਆ, ਖੇਡਾਂ ਤੇ ਰੋਜ਼ਗਾਰ ਦੇ ਖ਼ੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੰਤ ਸੀਚੇਵਾਲ ਜੀ ਵੱਲੋਂ 1999 ਤੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨਿਰੰਤਰ ਕਾਰਜ ਕਰ ਰਹੇ ਹਨ। ਦ੍ਰਿਸ਼ਟੀ ਪੰਜਾਬ ਵੀ ਪਿਛਲੇ 8 ਸਾਲ ਤੋਂ ਪੰਜਾਬ ਦਾ ਭਵਿੱਖ ਤੇ ਸਰਮਾਇਆ ਇਸ ਧਰਤੀ ਦੇ ਬੱਚੇ ਤੇ ਨੌਜਵਾਨਾਂ ਨੂੰ ਸਾਰਥਿਕ ਦਿਸ਼ਾ ਦੇਣ ਲਈ ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਜੁਟੀ ਹੋਈ ਹੈ।ਇਨ੍ਹਾਂ ਚਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਕੰਪਿਊਟਰ ਦੇਣ ਲਈ ਗਏ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਸੇਵਾਦਾਰ ਅਤੇ ਦ੍ਰਿਸ਼ਟੀ ਪੰਜਾਬ ਤੇ ਨੁਮਾਇੰਦੇ ਗੁਰਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਵਾਤਾਵਰਣ, ਸਿੱਖਿਆ ਤੇ ਸਿਹਤ ਹਰੇਕ ਕੌਮ ਦਾ ਸਰਮਾਇਆ ਹੁੰਦੇ ਹਨ। ਜਿਨ੍ਹਾਂ ਕੌਮਾਂ ਨੇ ਆਪਣਾ ਵਾਤਾਵਰਣ, ਸਿੱਖਿਆ ਤੇ ਸਿਹਤ ਨਹੀਂ ਸੰਭਾਲੇ ਉਹ ਕੌਮਾਂ ਨਕਸ਼ੇ ਤੋਂ ਖ਼ਤਮ ਹੋ ਗਈਆਂ।

ਇਸ ਮੌਕੇ ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਕੂਲ ਅਧਿਆਪਕ ਮਹਿੰਦਰ ਕੁਮਾਰ ਤੇ ਰੋਹਤਾਸ਼ ਕੁਮਾਰ ਨੇ ਭਾਵੁਕ ਹੁੰਦਿਆ ਕਿਹਾ ਕਿ ਅੱਜ ਦੇ ਸਵਾਰਥੀ ਯੁੱਗ ਵਿੱਚ ਰਾਜਨੀਤਿਕ ਤੇ ਨਿੱਜੀ ਸਵਾਰਥ ਤੋਂ ਉਪਰ ਉਠ ਕੇ ਲੋੜਵੰਦ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਸੰਤ ਸੀਚੇਵਾਲ ਜੀ ਤੇ ਦ੍ਰਿਸ਼ਟੀ ਪੰਜਾਬ ਵੱਲੋਂ ਕੀਤੇ ਜਾ ਰਹੇ ਕਾਰਜ ਬੇਮਿਸਾਲ ਹਨ। ਅੱਜ ਦੇ ਸਮੇਂ ਵਿੱਚ ਹਰ ਕੋਈ ਧਰਮ ਅਤੇ ਸਵਾਰਥ ਵਿੱਚ ਬੱਝ ਕੇ ਆਪਣੇ ਇਲਾਕੇ ਵਿੱਚ ਹੀ ਦਾਨ ਕਰਨ ਨੂੰ ਤਰਜੀਹ ਦਿੰਦੇ ਹਨ। ਸੰਤ ਜੀ ਦਾ ਆਪਣੇ ਤੋਂ 200 ਕਿਲੋਮੀਟਰ ਤੋਂ ਵੀ ਦੂਰ ਪੱਛੜੇ ਇਲਾਕੇ ਵਿੱਚ ਬੈਠੇ ਲੋੜਵੰਦ ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਦਾ ਦਾਨ ਦੇ ਕੇ ਚੰਗੇ ਰਾਹ ਤੋਰਨਾ ਮਾਨਵਤਾ ਤੇ ਪੰਜਾਬ ਲਈ ਬੇਮਿਸਾਲ ਕਾਰਜ ਹਨ।

PunjabKesari

ਪਿੰਡ ਦੋਦੇਵਾਲਾ ਦੇ ਆਗੂ ਭਾਬਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਨੂੰ ਜ਼ਹਿਰ ਮੁਕਤ ਕਰਨ ਲਈ ਜੁੱਟੇ ਸੰਤ ਸੀਚੇਵਾਲ ਜੀ ਦੇ ਨੁਮਾਇੰਦਿਆਂ ਦਾ ਸਾਡੇ ਪਿੰਡ ਆਉਣਾ ਭਾਗਾ ਭਰਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸੰਤ ਸੀਚੇਵਾਲ ਜੀ ਦੀ ਨਜ਼ਰ ਪੈਂਦੀ ਹੈ ਉਹ ਧਰਤੀ ਪ੍ਰਦੂਸ਼ਣ ਮੁਕਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਕਾਰਜ ਹਮੇਸ਼ਾਂ ਬਰਕਤਾਂ ਭਰੇ ਹੁੰਦੇ ਹਨ। ਸੰਤ ਸੀਚੇਵਾਲ ਜੀ ਨੇ ਪੰਜਾਬ ਦੇ ਹਾਲਾਤਾਂ ਮੁਤਾਬਕ ਵਾਤਾਵਰਣ, ਵਿੱਦਿਆ ਤੇ ਸਿਹਤ ਵਿਸ਼ੇ ਬਹੁਤ ਸੋਚ ਸਮਝ ਕੇ ਚੁਣੇ ਹਨ। ਇਸ ਮੌਕੇ ਸਕੂਲਾਂ ਵੱਲੋਂ ਸੰਤ ਸੀਚੇਵਾਲ ਜੀ ਦੀ ਟੀਮ ਦਾ ਮਾਣ ਸਨਮਾਨ ਕੀਤਾ ਗਿਆ।ਸਰਕਾਰੀ ਪ੍ਰਇਮਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਤੋਂ ਮਾਸਟਰ ਸੀਤਾ ਰਾਮ, ਮਹਿੰਦਰ ਕੁਮਾਰ, ਰੋਹਤਾਸ਼ ਕੁਮਾਰ, ਦਲੀਪ ਕੁਮਾਰ, ਸੀਮਾ ਰਾਣੀ, ਆਰਤੀ ਬੱਤਰਾ, ਸ਼ਰਨਜੀਤ ਕੌਰ, ਸੰਦੀਪ ਕੌਰ, ਪਿੰਡ ਦੇ ਸਰਪੰਚ ਸ. ਸਾਹਿਬ ਸਿੰਘ ਅਤੇ ਨਗਰ ਪੰਚਾਇਤ ਹਾਜ਼ਰ ਸਨ।


Shyna

Content Editor

Related News