ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੀਤੀ 2.75 ਲੱਖ ਦੀ ਠੱਗੀ, ਮੁਲਜ਼ਮ ਗ੍ਰਿਫਤਾਰ
Thursday, Apr 22, 2021 - 02:25 PM (IST)

ਜਲੰਧਰ (ਮਹੇਸ਼)-ਰੇਲਵੇ ਵਿਚ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ 75 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਚ. ਓ. ਪਤਾਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਤਿਲਕ ਰਾਜ ਬਾਲੀ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਪੂਰਨਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਉਸ ਦੇ ਖ਼ਿਲਾਫ਼ ਸਰਵਣ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਸਾਰੋਬਾਦ ਥਾਣਾ ਆਦਮਪੁਰ ਜ਼ਿਲਾ ਜਲੰਧਰ ਦੀ ਸ਼ਿਕਾਇਤ ’ਤੇ ਏ. ਐੱਸ. ਆਈ. ਜਸਪਾਲ ਸਿੰਘ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨ ਦੇ ਬਾਅਦ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)
ਸਰਵਣ ਸਿੰਘ ਨੇ ਐੱਸ. ਐੱਸ. ਪੀ. ਦਿਹਾਤੀ ਡਾ. ਸੰਦੀਪ ਕੁਮਾਰ ਗਰਗ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ਤਿਲਕ ਰਾਜ ਬਾਲੀ ਨੇ ਉਨ੍ਹਾਂ ਦੀਆਂ ਬੇਟੀਆਂ ਸਿਮਰਨ ਅਤੇ ਸਪਨਾ ਨੂੰ ਰੇਲਵੇ ਵਿਚ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 3 ਲੱਖ ਰੁਪਏ ਲਏ ਸਨ ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਤਿਲਕ ਰਾਜ ਬਾਲੀ ਨੇ ਉਨ੍ਹਾਂ ਨਾਲ ਧੋਖਾਦੇਹੀ ਕੀਤੀ ਹੈ ਤਾਂ ਉਨ੍ਹਾਂ ਨੇ ਉਸ ਕੋਲੋਂ ਆਪਣੇ ਪੈਸੇ ਵਾਪਸ ਦੇਣ ਨੂੰ ਕਿਹਾ ਜੋ ਕਿ ਉਸ ਨੇ ਨਹੀਂ ਦਿੱਤੇ। ਥਾਣਾ ਪਤਾਰਾ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਤੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਬਾਕੀ ਰਕਮ ਦੀ ਰਿਕਵਰੀ ਲਈ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ