ਰੇਲਵੇ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਟਰੈਫਿਕ ਦੀ ਸਮੱਸਿਆ ਹੋਈ ਗੰਭੀਰ

Wednesday, Jul 29, 2020 - 08:31 AM (IST)

ਰੇਲਵੇ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਟਰੈਫਿਕ ਦੀ ਸਮੱਸਿਆ ਹੋਈ ਗੰਭੀਰ

ਜਲੰਧਰ, (ਖੁਰਾਣਾ)- ਇਨ੍ਹੀਂ ਦਿਨੀਂ ਮਾਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਜਲੰਧਰ ਸਣੇ ਕਈ ਸ਼ਹਿਰਾਂ ’ਚ ਚੰਗੀ ਵਧੀਆ ਬਰਸਾਤ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸਦੇ ਬਾਵਜੂਦ ਨਗਰ ਨਿਗਮ ਨੇ ਭਗਤ ਸਿੰਘ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੀ ਰੋਡ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਤਹਿਤ ਪੂਰੀ ਸੜਕ ਨੂੰ ਪੁੱਟ ਦਿੱਤਾ ਗਿਆ ਹੈ।
ਇਹ ਕੰਮ ਸ਼ੁਰੂ ਹੋਣ ਨਾਲ ਪੂਰੇ ਇਲਾਕੇ ’ਚ ਟਰੈਫਿਕ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ ਕਿਉਂਕਿ ਰੇਲਵੇ ਰੋਡ ਇਕ ਅਜਿਹਾ ਮੇਨ ਰਸਤਾ ਹੈ, ਜੋ ਰੇਲਵੇ ਦੇ ਨਾਲ-ਨਾਲ ਨੇੜਲੀਆਂ ਕਈ ਰਿਹਾਇਸ਼ੀ ਕਾਲੋਨੀਆਂ ਅਤੇ ਵੱਡੇ ਵਪਾਰਕ ਖੇਤਰ ਨੂੰ ਟੱਚ ਕਰਦਾ ਹੈ। ਸੜਕ ਪੁੱਟਣ ਕਰ ਕੇ ਜਿੱਥੇ ਇਸ ਸੜਕ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ, ਉੱਥੇ ਹੀ ਰੇਲਵੇ ਰੋਡ ਦੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਦੀਆਂ ਦੁਕਾਨਾਂ ਲਗਭਗ ਬੰਦ ਹੀ ਹੋ ਗਈਆਂ ਹਨ ਅਤੇ ਗਾਹਕਾਂ ਦੀ ਆਵਾਜਾਈ ਬਿਲਕੁਲ ਰੁਕ ਗਈ ਹੈ।

ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਨਗਰ ਨਿਗਮ ਨੇ ਰੇਲਵੇ ਸਟੇਸ਼ਨ ਵਲੋਂ ਆਉਣ ਵਾਲੇ ਦੂਜੇ ਰਸਤੇ, ਜੋ ਪਟੇਲ ਚੌਕ ਤੋਂ ਸ਼ੁਰੂ ਹੁੰਦਾ ਹੈ, ਨੂੰ ਵੀ ਪੁੱਟ ਰੱਖਿਆ ਹੈ ਅਤੇ ਉੱਥੇ ਸੀਮੈਂਟ ਦੀ ਸੜਕ ਬਣਾਈ ਜਾ ਰਹੀ ਹੈ। ਪਟੇਲ ਚੌਕ ਵਾਲੀ ਸੜਕ ਦਾ ਕੰਮ ਠੇਕੇਦਾਰ ਵੱਲੋਂ ਬੜੀ ਹੌਲੀ ਰਫਤਾਰ ਨਾਲ ਕੀਤਾ ਜਾ ਰਿਹਾ ਹੈ, ਜਿਸ ਕਾਰਣ ਉਸ ਇਲਾਕੇ ਦੇ ਦੁਕਾਨਦਾਰ ਕਈ ਵਾਰ ਰੋਸ ਪ੍ਰਦਰਸ਼ਨ ਤੱਕ ਕਰ ਚੁੱਕੇ ਹਨ। ਹੁਣ ਫਿਰ ਉੱਥੇ ਨਿਰੰਕਾਰੀ ਭਵਨ ਦੇ ਸਾਹਮਣੇ ਸੜਕ ਨੂੰ ਪੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਉਸ ਖੇਤਰ ’ਚ ਟਰੈਫਿਕ ਦੀ ਗੰਭੀਰ ਸਮੱਸਿਆ ਪੈਦਾ ਹੋੋ ਗਈ ਹੈ।

ਨਿਰੰਕਾਰੀ ਭਵਨ ਤੋਂ ਲੈ ਕੇ ਵਾਲਮੀਕੀ ਗੇਟ ਤੱਕ ਦੇ ਦੁਕਾਨਦਾਰ ਇਸ ਕੰਮ ਤੋਂ ਕਾਫੀ ਪ੍ਰਭਾਵਿਤ ਹਨ ਪਰ ਠੇਕੇਦਾਰ ਵਲੋਂ ਜਿਸ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਇਸ ਟੁਕੜੇ ਨੂੰ ਬਣਾਉਣ ’ਚ ਹੀ ਮਹੀਨੇ ਲੱਗ ਜਾਣਗੇ।


ਭਗਤ ਸਿੰਘ ਚੌਕ ਤੋਂ ਰੇਲਵੇ ਸਟੇਸ਼ਨ ਵੱਲ ਜਾਂਦੀ ਰੋਡ ’ਤੇ ਚੱਲ ਿਰਹਾ ਪੁਟਾਈ ਦਾ ਕੰਮ, ਜਿਸ ਕਾਰਣ ਪੂਰੇ ਇਲਾਕੇ ਨੂੰ ਬੰਦ ਕਰ ਦਿੱਤਾ ਗਿਆ ਹੈ। ਪਟੇਲ ਚੌਕ ਖੇਤਰ ’ਚ ਨਿਰੰਕਾਰੀ ਭਵਨ ਦੇ ਸਾਹਮਣੇ ਸੜਕ ਨੂੰ ਪੁੱਟੇ ਜਾਣ ਦਾ ਦ੍ਰਿਸ਼, ਜਿਸ ਕਾਰਣ ਇਹ ਪੂਰਾ ਇਲਾਕਾ ਟਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ।

ਟਰੈਫਿਕ ਪੁਲਸ ਦੀ ਕਿਤੇ ਕੋਈ ਵਿਵਸਥਾ ਨਹੀਂ

ਪਟੇਲ ਚੌਕ ਵਾਲੀ ਸੜਕ ਅਤੇ ਭਗਤ ਸਿੰਘ ਚੌਕ ਵਾਲੀ ਸੜਕ ਸਥਾਨਕ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਦੋ ਮੁੱਖ ਰਸਤੇ ਹਨ ਪਰ ਦੋਵਾਂ ਰਸਤਿਆਂ ਨੂੰ ਹੀ ਇਨ੍ਹੀਂ ਦਿਨੀਂ ਨਗਰ ਨਿਗਮ ਵੱਲੋਂ ਪੁੱਟ ਦਿੱਤਾ ਗਿਆ ਹੈ ਅਤੇ ਉੱਥੇ ਸੜਕ ਬਣਾਉਣ ਦਾ ਕੰਮ ਜਾਰੀ ਹੈ। ਭਾਵੇਂ ਇਹ ਕੰਮ ਟੁੱਟੀਆਂ ਸੜਕਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੀਤਾ ਜਾ ਰਿਹਾ ਹੈ ਪਰ ਟਰੈਫਿਕ ਦੀ ਸਮੱਸਿਆ ਕਾਰਣ ਇਲਾਕੇ ਦੇ ਸੈਂਕੜੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਲੱਗੇ ਲਾਕਡਾਊਨ ਦੌਰਾਨ ਕਰੀਬ 4 ਮਹੀਨੇ ਉਨ੍ਹਾਂ ਦੇ ਕਾਰੋਬਾਰ ਪਹਿਲਾਂ ਹੀ ਬੰਦ ਰਹੇ ਅਤੇ ਹੁਣ ਵੀ ਹੌਲੀ ਰਫਤਾਰ ਨਾਲ ਕੰਮ-ਧੰਦੇ ਚੱਲ ਰਹੇ ਹਨ ਪਰ ਸੜਕ ਦੇ ਨਿਰਮਾਣ ਕਾਰਣ ਉਨ੍ਹਾਂ ਦੀਆਂ ਦੁਕਾਨਾਂ ਬਿਲਕੁਲ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ, ਜਿਸ ਕਾਰਣ ਪਰਿਵਾਰਾਂ ਨੂੰ ਪਾਲਣਾ ਬਹੁਤ ਔਖਾ ਹੋ ਗਿਆ ਹੈ।

ਖਾਸ ਗੱਲ ਇਹ ਹੈ ਕਿ ਦੋਵਾਂ ਹੀ ਇਲਾਕਿਆਂ ’ਚ ਟਰੈਫਿਕ ਪੁਲਸ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ। ਪਟੇਲ ਚੌਕ ਅਤੇ ਅੱਡਾ ਹੁਸ਼ਿਆਰਪੁਰ ਵਲੋਂ ਇਸ ਸੜਕ ’ਤੇ ਆਉਣ ਵਾਲਾ ਟਰੈਫਿਕ ਪੁੱਟੀ ਸੜਕ ਕਾਰਣ ਕਾਫੀ ਪ੍ਰੇਸ਼ਾਨ ਹੁੰਦਾ ਹੈ, ਜਿਸ ਕਾਰਣ ਲੰਬੇ-ਲੰਬੇ ਟਰੈਫਿਕ ਜਾਮ ਲੱਗ ਰਹੇ ਹਨ। ਟਰੈਫਿਕ ਦੀ ਇਹ ਬਦਹਾਲ ਸਥਿਤੀ ਭਗਤ ਸਿੰਘ ਚੌਕ ਇਲਾਕੇ ’ਚ ਵੀ ਦੇਖਣ ਨੂੰ ਮਿਲ ਰਹੀ ਹੈ, ਜਿਥੇੇ ਪੁਲਸ ਮਾਸਕ ਨਾ ਪਾਉਣ ਵਾਲੇ ਗਰੀਬਾਂ ਦੇ ਤਾਂ ਚਲਾਨ ਕੱਟ ਰਹੀ ਹੈ ਪਰ ਪ੍ਰਤਾਪ ਬਾਗ, ਮੰਡੀ ਫੈਂਟਨਗੰਜ, ਨੀਵੀਂ ਚੱਕੀ ਰੋਡ ਅਤੇ ਢੰਨ ਮੁਹੱਲਾ ਇਲਾਕਿਆਂ ’ਚ ਟਰੈਫਿਕ ਵਿਵਸਥਾ ਕਾਫੀ ਗੜਬੜਾ ਗਈ ਹੈ। ਇਹ ਸਥਿਤੀ ਆਉਣ ਵਾਲੇ ਕਈ ਮਹੀਨਿਆਂ ਤੱਕ ਜਾਰੀ ਰਹਿ ਸਕਦੀ ਹੈ। ਲੋਕਾਂ ਅਤੇ ਦੁਕਾਨਦਾਰਾਂ ਦੀ ਮੰਗ ਹੈ ਕਿ ਇਸ ਖੇਤਰ ’ਚ ਟਰੈਫਿਕ ਪੁਲਸ ਦੀ ਸਥਾਈ ਤਾਇਨਾਤੀ ਕੀਤੀ ਜਾਵੇ, ਤਾਂਕਿ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ।


author

Lalita Mam

Content Editor

Related News