ਜੇ. ਸੀ. ਟੀ. ਮਿੱਲ ਦੇ ਨੇਡ਼ੇ ਰੇਲ ਲਾਈਨ ’ਤੇ ਫਰਮਾਉਂਦੇ ਹਨ ਆਰਾਮ
Wednesday, Oct 24, 2018 - 05:33 AM (IST)

ਫਗਵਾਡ਼ਾ, (ਮੁਕੇਸ਼)- ਅੰਮ੍ਰਿਤਸਰ ਵਿਖੇ ਸਥਿਤ ਜੌਡ਼ਾ ਫਾਟਕ ਨੇਡ਼ੇ ਦੁਸਹਿਰਾ ਦੇਖ ਰਹੇ ਲੋਕਾਂ ਨਾਲ ਹੋਏ ਦੁਖਦਾਈ ਟਰੇਨ ਹਾਦਸੇ ਤੋਂ ਬਾਅਦ ਕੀ ਲੋਕਾਂ ਦੇ ਦਿਲੋ-ਦਿਮਾਗ ’ਚ ਕੋਈ ਅਸਰ ਹੋਇਆ ਹੈ ਜਾਂ ਫਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਰੇਲ ਵਿਭਾਗ ਨੇ ਕੋਈ ਠੋਸ ਕਦਮ ਚੁੱਕੇ ਹਨ ਜਾਂ ਫਿਰ ਕੋਈ ਵੱਡੇ ਪੱਧਰ ਦੀ ਜਾਗਰੂਕ ਮੁਹਿੰਮ ਛੇਡ਼ੀ ਹੈ, ਸ਼ਾਇਦ ਨਹੀਂ। ਸਬੂਤ ਵਜੋਂ ਅੱਜ ਵੀ ਫਗਵਾਡ਼ਾ ਦੇ ਜੇ. ਸੀ. ਟੀ. ਮਿੱਲ ਨੇਡ਼ੇ ਕਾਫੀ ਲੋਕ ਰੇਲ ਪਟਡ਼ੀ ’ਤੇ ਬੈਠ ਘੰਟਿਆਂਬੱਧੀ ਆਰਾਮ ਫਰਮਾਉਂਦੇ ਦਿਖੇ।
ਅੰਮ੍ਰਿਤਸਰ ’ਚ ਹੋਏ ਦੁਖਦਾਈ ਰੇਲ ਹਾਦਸੇ ਦੇ ਬਾਵਜੂਦ ਵੀ ਕਿਸੇ ਵਿਅਕਤੀ ਦੇ ਦਿਲੋ- ਦਿਮਾਗ ’ਚ ਡਰ ਨਾਂ ਦਾ ਕੋਈ ਸ਼ਬਦ ਦੂਰ-ਦੂਰ ਤੱਕ ਨਹੀਂ ਦਿਖਾਈ ਦਿੱਤਾ। ਗੌਰ ਹੋਵੇ ਕਿ ਜੀ. ਟੀ. ਰੋਡ ਨੇਡ਼ੇ ਜੇ. ਸੀ. ਟੀ. ਮਿੱਲ ਕੋਲ ਰੇਲਵੇ ਬ੍ਰਿਜ ਥੱਲੇ ਰੇਲ ਲਾਈਨ ’ਤੇ ਰੋਜ਼ਾਨਾ ਕਾਫੀ ਪ੍ਰਵਾਸੀ ਤੇ ਹੋਰ ਲੋਕ ਘੰਟਿਆਂਬੱਧੀ ਬੈਠ ਕੇ ਗੱਪਾਂ ਮਾਰਨ ਯਾਨੀ ਗੱਲਬਾਤ ਕਰ ਕੇ ਟਾੲੀਮ ਪਾਸ ਕਰਦੇ ਹਨ। ਕਈ ਲੋਕ ਤਾਂ ਰੇਲ ਫਾਟਕ ਬੰਦ ਹੋ ਜਾਣ ’ਤੇ ਵੀ ਰੇਲ ਪਟਡ਼ੀ ਤੋਂ ਨਹੀਂ ਉੱਠਦੇ। ਜਦੋਂ ਟਰੇਨ ਨੇਡ਼ੇ ਆਉਣ ’ਤੇ ਟਰੇਨ ਦਾ ਹਾਰਨ ਵੱਜਦਾ ਹੈ ਉਦੋਂ ਉਹ ਚੰਦ ਮਿੰਟਾਂ ਲਈ ਉੱਠਦੇ ਹਨ ਤੇ ਬਾਅਦ ’ਚ ਫਿਰ ਉਸੇ ਪਟਡ਼ੀ ’ਤੇ ਬੈਠ ਜਾਂਦੇ ਹਨ। ਅਜਿਹਾ ਨਹੀਂ ਕਿ ਇਸ ਗੱਲ ਦਾ ਪਤਾ ਜੀ. ਆਰ. ਪੀ., ਆਰ. ਪੀ. ਐੱਫ. ਦੇ ਮੁਲਾਜ਼ਮਾਂ ਨੂੰ ਨਹੀਂ ਹੈ।
ਸੱਚਾਈ ਇਹ ਹੈ ਕਿ ਨਾ ਜਾਣੇ ਉਹ ਇਹ ਸਭ ਜਾਣ ਕੇ ਅਣਜਾਣ ਬਣੇ ਹੋਏ ਹਨ। ਸਮਾਂ ਰਹਿੰਦੇ ਪੁਲਸ ਤੰਤਰ, ਆਰ. ਪੀ. ਐੱਫ., ਜੀ. ਆਰ. ਪੀ. ਦੇ ਜਵਾਨਾਂ ਨੇ ਠੋਸ ਕਦਮ ਨਾ ਚੁੱਕੇ ਤਾਂ ਭਵਿੱਖ ’ਚ ਫਗਵਾਡ਼ਾ ’ਚ ਵੀ ਅੰਮ੍ਰਿਤਸਰ ਦੇ ਜੌਡ਼ਾ ਫਾਟਕ ਜਿਹਾ ਹਾਦਸਾ ਵਾਪਰ ਸਕਦਾ ਹੈ ਤੇ ਅਜਿਹੇ ’ਚ ਫਗਵਾਡ਼ਾ ਦੇ ਰਾਜਨੀਤੀ ਨਾਲ ਜੁਡ਼ੇ ਆਗੂਆਂ ਨੂੰ ਵੀ ਇਸ ਮਸਲੇ ’ਤੇ ਰਾਜਨੀਤੀ ਕਰਨ ਦਾ ਮੌਕਾ ਮਿਲ ਜਾਵੇਗਾ।