ਛਾਪੇਮਾਰੀ ਦੌਰਾਨ ਗੋਦਾਮ 'ਚੋਂ ਗੈਰ-ਕਾਨੂੰਨੀ ਸ਼ਰਾਬ ਦੀਆਂ 675 ਪੇਟੀਆਂ ਬਰਾਮਦ, 2 ਗ੍ਰਿਫਤਾਰ

07/19/2019 11:39:50 AM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ-1 ਦੀ ਟੀਮ ਨੇ ਕਾਂਗਰਸੀ ਆਗੂ ਦੇ ਕਰੀਬੀ ਸ਼ਰਾਬ ਸਮੱਗਲਰ ਦਲਜੀਤ ਉਰਫ ਕਾਲਾ ਦੇ ਗੋਦਾਮ ਵਿਚ ਰੇਡ ਕਰ ਕੇ 675 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ। ਸਾਰੀ ਸ਼ਰਾਬ ਚੰਡੀਗੜ੍ਹ ਤੋਂ ਮੰਗਵਾ ਕੇ ਡੰਪ ਹੋਈ ਸੀ। ਪੁਲਸ ਨੇ ਮੌਕੇ ਤੋਂ ਕਾਲੇ ਦੇ ਦੋ ਸਾਥੀ ਸਮਗੱਲਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਕਾਲੇ ਦੀ ਗ੍ਰਿਫਤਾਰੀ ਲਈ ਰੇਡ ਕੀਤੀ ਜਾ ਰਹੀ ਹੈ। ਰੇਡ ਦੇ ਸਮੇਂ ਕਾਲਾ ਗੋਦਾਮ ਵਿਚ ਨਹੀਂ ਮਿਲਿਆ।

ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਡਸਟਰੀਅਲ ਏਰੀਏ ਵਿਚ ਸਥਿਤ ਇਕ ਗੋਦਾਮ ਵਿਚ ਸ਼ਰਾਬ ਦੀ ਖੇਪ ਡੰਪ ਕੀਤੀ ਹੋਈ ਹੈ। ਪੁਲਸ ਨੇ ਵੀਰਵਾਰ ਦੀ ਰਾਤ ਉਕਤ ਗੋਦਾਮ ਵਿਚ ਰੇਡ ਕੀਤੀ ਤਾਂ ਅੰਦਰ ਮੌਜੂਦ ਦੋ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਗੋਦਾਮ ਦੀ ਤਲਾਸ਼ੀ ਲੈਣ 'ਤੇ ਅੰਦਰੋਂ ਵੱਖ-ਵੱਖ ਕੰਪਨੀਆਂ ਦੀਆਂ 765 ਪੇਟੀਆਂ ਸ਼ਰਾਬ ਬਰਾਮਦ ਹੋਈਆਂ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨਕਾਂਤ ਪੁੱਤਰ ਵਿਨੋਦ ਦੁਬੇ ਵਾਸੀ ਮੁਸਲਿਮ ਕਾਲੋਨੀ ਤੇ ਬਲਦੇਵ ਸਿੰਘ ਸਾਬੀ ਪੁੱਤਰ ਰਤਨ ਸਿੰਘ ਵਾਸੀ ਜੋਗੇਵਾਲਾ ਫਿਰੋਜ਼ਪੁਰ ਹਾਲ ਵਾਸੀ ਲਾਡੋਵਾਲੀ ਰੋਡ ਦੇ ਤੌਰ 'ਤੇ ਹੋਈ ਹੈ। ਪੁੱਛਗਿੱਛ ਵਿਚ ਪਤਾ ਲੱਗਾ ਕਿ ਉਨ੍ਹਾਂ ਦਾ ਇਕ ਸਾਥੀ ਦਲਜੀਤ ਸਿੰਘ ਕਾਲਾ ਪੁੱਤਰ ਸੁੱਚਾ ਸਿੰਘ ਵਾਸੀ ਰਾਏਪੁਰ ਰਸੂਲਪੁਰ ਸਮੱਗਲਿੰਗ ਦੇ ਕਾਰੋਬਾਰ ਦਾ ਮਾਸਟਰ ਮਾਈਂਡ ਹੈ। ਦਲਜੀਤ ਸਿੰਘ ਜਲੰਧਰ ਦੇ ਇਕ ਨਾਮੀ ਕਾਂਗਰਸੀ ਆਗੂ ਦਾ ਕਰੀਬੀ ਹੈ। ਉਸ ਨੇ ਇਕ ਮਹੀਨਾ ਪਹਿਲਾਂ ਹੀ ਦਿੱਲੀ ਦੇ ਵਪਾਰੀ ਤੋਂ ਇਹ ਗੋਦਾਮ ਕਬਾੜ ਲਈ ਵਰਤਣ ਲਈ ਕਿਰਾਏ 'ਤੇ ਲਿਆ ਸੀ। ਡੀ. ਸੀ. ਪੀ. ਨੇ ਕਿਹਾ ਕਿ ਉਕਤ ਲੋਕ ਚੰਡੀਗੜ੍ਹ ਤੋਂ ਕੈਂਟਰ ਵਿਚ ਸ਼ਰਾਬ ਲੈ ਕੇ ਜਲੰਧਰ ਆਏ ਸਨ ਤੇ ਸਾਰੀ ਸ਼ਰਾਬ ਗੋਦਾਮ ਵਿਚ ਡੰਪ ਕੀਤੀ ਸੀ। ਸਮੱਗਲਰ ਰਾਤ ਦੇ ਸਮੇਂ ਹੀ ਗੋਦਾਮ ਵਿਚੋਂ ਸ਼ਰਾਬ ਦੀਆਂ ਪੇਟੀਆਂ ਸਪਲਾਈ ਕਰਦੇ ਸਨ। ਮੌਕੇ ਤੋਂ ਇਕ ਟਾਟਾ ਇੰਡੀਗੋ ਗੱਡੀ ਵੀ ਮਿਲੀ ਹੈ। ਸਾਬੀ 2018 ਵਿਚ ਇਨੋਵਾ ਵਿਚ ਅੰਬਾਲਾ ਤੋਂ 30 ਪੇਟੀਆਂ ਸ਼ਰਾਬ ਲਿਆਉਂਦਾ ਫੜਿਆ ਗਿਆ ਸੀ ਤੇ ਜਿਵੇਂ ਹੀ ਪੁਲਸ ਟੀਮ ਨੇ ਉਸ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੱਡੀ ਮੁਲਾਜ਼ਮਾਂ 'ਤੇ ਚੜ੍ਹਾ ਦਿੱਤੀ ਸੀ। ਸਾਬੀ ਖਿਲਾਫ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਨੇ ਦੋਵਾਂ ਕੋਲੋਂ ਪੁੱਛਗਿੱਛ ਲਈ ਇਕ ਦਿਨ ਦਾ ਰਿਮਾਂਡ ਲਿਆ ਹੈ।

ਸੋਨੂੰ ਸਮੱਗਲਰ ਲਈ ਕੰਮ ਕਰ ਦਾ ਬਲਦੇਵ ਸਿੰਘ ਉਰਫ ਸਾਬੀ ਅਮਨ ਨਗਰ ਦੇ ਬਦਨਾਮ ਸਮੱਗਲਰ ਸੋਨੂੰ ਲਈ ਕਿਸੇ ਸਮੇਂ ਕੰਮ ਕਰਦਾ ਸੀ। ਕੁਝ ਸਮੇਂ ਤੋਂ ਸਾਬੀ ਨੇ ਸੋਨੂੰ ਦਾ ਕੰਮ ਛੱਡ ਦਿੱਤਾ ਤੇ ਬਾਅਦ ਵਿਚ ਦਲਜੀਤ ਉਰਫ ਕਾਲੇ ਨਾਲ ਮਿਲ ਕੇ ਕੰਮ ਕਰਨ ਲੱਗਾ। ਸੋਨੂੰ ਵੀ ਇਕ ਕਾਂਗਰਸੀ ਆਗੂ ਦਾ ਕਰੀਬੀ ਰਿਸ਼ਤੇਦਾਰ ਹੈ। ਇਹ ਹੀ ਕਾਰਣ ਹੈ ਕਿ ਸੋਨੂੰ ਦੀ ਸ਼ਰਾਬ ਕਾਫੀ ਵਾਰ ਫੜੀ ਗਈ ਪਰ ਉਹ ਅਰੈਸਟ ਹੋਣ ਤੋਂ ਹਰ ਵਾਰ ਬਚ ਗਿਆ। ਸ਼ਰਾਬ ਦੇ ਨਾਲ ਉਸ ਦੀਆਂ ਫੜੀਆਂ ਹੋਈਆਂ ਗੱਡੀਆਂ ਵੀ ਛੇਤੀ ਹੀ ਥਾਣਿਆਂ ਤੋਂ ਰਿਹਾਅ ਕਰ ਦਿੱਤੀਆਂ ਜਾਂਦੀਆਂ ਸਨ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਦਲਜੀਤ ਕਾਲੇ ਦੇ ਸ਼ਰਾਬ ਸਮੱਗਲਿੰਗ ਦੇ ਧੰਦੇ ਦਾ ਪਰਦਾਫਾਸ਼ ਇਕ ਵੀਡੀਓ ਤੋਂ ਵੀ ਹੋਇਆ ਸੀ। ਉਸ ਦੇ ਪਿੰਡ ਦੇ ਹੀ ਲੋਕਾਂ ਨੇ ਸ਼ਰਾਬ ਲਿਜਾ ਰਹੇ ਨੌਜਵਾਨ ਨੂੰ ਫੜ ਕੇ ਉਸ ਦੀ ਵੀਡੀਓ ਬਣਾਈ ਸੀ ਤੇ ਉਸ ਨੌਜਵਾਨ ਨੇ ਖੁਲਾਸਾ ਕੀਤਾ ਸੀ ਕਿ ਇਹ ਸ਼ਰਾਬ ਦਲਜੀਤ ਕਾਲੇ ਦੀ ਹੈ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਦਲਜੀਤ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਵੀ ਦਲਜੀਤ ਕਾਲਾ ਤੋਂ ਹੀ ਸ਼ਰਾਬ ਚੁੱਕਦਾ ਸੀ।


Shyna

Content Editor

Related News