ਪਿੰਡ ਜੱਬੋਵਾਲ ''ਚ 100 ਤੋਂ ਵੱਧ ਪੁਲਸ ਮੁਲਾਜ਼ਮਾਂ ਨੇ ਨਸ਼ਾ ਸਮੱਗਲਰਾਂ ਦੇ ਘਰ ''ਤੇ ਕੀਤੀ ਰੇਡ

10/05/2019 5:41:35 PM

ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲਾ ਪੁਲਸ ਵਲੋਂ ਜ਼ਿਲੇ 'ਚ ਨਸ਼ੇ ਦੇ ਤੌਰ 'ਤੇ ਬਦਨਾਮ ਪਿੰਡਾਂ 'ਚ ਕੀਤੀ ਜਾ ਰਹੀ ਚੈਕਿੰਗ ਦੇ ਅਧੀਨ ਐੱਸ. ਪੀ. ਬਲਵਿੰਦਰ ਸਿੰਘ ਭਿਖੀ (ਐੱਚ) ਦੀ ਅਗਵਾਈ 'ਚ ਲਗਭਗ 100 ਪੁਲਸ ਅਧਿਕਾਰੀਆਂ, ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਨੇ ਪਿੰਡ ਜੱਬੋਵਾਲ 'ਚ ਨਸ਼ਾ ਸਮੱਗਲਿੰਗ ਕਰਨ ਵਾਲੇ ਘਰਾਂ ਦੀ ਚੈਕਿੰਗ ਕੀਤੀ। ਕਰੀਬ 2 ਘੰਟੇ ਚੱਲੀ ਚੈਕਿੰਗ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਰਿਕਵਰੀ ਤਾਂ ਨਹੀਂ ਲੱਗ ਪਾਈ ਪਰ ਪਿਛਲੇ ਕੁਝ ਮਹੀਨਿਆਂ ਤੋਂ ਜ਼ਿਲੇ ਦੇ ਬਦਨਾਮ ਪਿੰਡਾਂ 'ਚ ਕੀਤੀ ਜਾ ਰਹੀ ਅਚਨਚੇਤ ਜਾਂਚ ਨਾਲ ਲੋਕਾਂ 'ਚ ਜਿੱਥੇ ਵਿਸ਼ਵਾਸ ਬਹਾਲੀ ਹੋ ਰਹੀ ਹੈ ਤਾਂ ਉੱਥੇ ਹੀ ਨਸ਼ਾ ਸਮੱਗਲਰਾਂ 'ਚ ਡਰ ਪਾਇਆ ਜਾ ਰਿਹਾ ਹੈ।

ਪਿੰਡ ਜੱਬੋਵਾਲ 'ਚ ਪਹਿਲਾਂ ਵੀ ਹੋ ਚੁੱਕੀ ਹੈ ਅਚਨਚੇਤ ਜਾਂਚ
ਐੱਸ.ਐੱਸ.ਪੀ. ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਦੀ ਅਚਨਚੇਤ ਜਾਂਚ ਮੁਹਿੰਮ ਦੇ ਤਹਿਤ ਪਹਿਲਾਂ ਵੀ ਪੁਲਸ ਇਸ ਪਿੰਡ ਦੀ ਅਚਾਨਕ ਘੇਰਾਬੰਦੀ ਕਰ ਕੇ ਨਸ਼ਾ ਸਮੱਗਲਿੰਗ ਦੇ ਲਈ ਬਦਨਾਮ ਘਰਾਂ ਦੀ ਅਚਨਚੇਤ ਜਾਂਚ ਕਰ ਚੁੱਕੀ ਹੈ ਹਾਲਾਂਕਿ ਪਹਿਲੀ ਰੇਡ 'ਚ ਵੀ ਪੁਲਸ ਦੇ ਹੱਥ ਕੋਈ ਰਿਕਵਰੀ ਨਹੀਂ ਲੱਗ ਪਾਈ ਸੀ।

ਪੁਲਸ ਦੀ ਰੇਡ ਨਾਲ ਲੋਕਾਂ 'ਚ ਬਣਿਆ ਵਿਸ਼ਵਾਸ
ਐੱਸ.ਪੀ. ਬਲਵਿੰਦਰ ਸਿੰਘ ਭਿਖੀ ਅਤੇ ਡੀ.ਐੱਸ.ਪੀ. ਸਬ-ਡਵੀਜ਼ਨ ਹਰਨੀਲ ਸਿੰਘ ਨੇ ਦੱਸਿਆ ਕਿ ਜ਼ਿਲੇ ਭਰ 'ਚ ਪੁਲਸ ਵੱਲੋਂ ਲਗਾਤਾਰ ਰੇਡ ਕਰ ਕੇ ਨਸ਼ਾ ਸਮੱਗਲਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੀਤੀ ਜਾਣ ਵਾਲੀ ਰੇਡ ਤੋਂ ਜਿੱਥੇ ਨਸ਼ਾ ਸਮੱਗਲਰਾਂ 'ਚ ਹੜਕੰਪ ਮਚਿਆ ਹੋਇਆ ਹੈ ਅਤੇ ਉਹ ਆਪਣੀ ਨਸ਼ਾ ਸਪਲਾਈ ਨੂੰ ਬੰਦ ਕਰਨ 'ਚ ਮਜਬੂਰ ਹੋ ਰਹੇ ਹਨ।

ਹੈਰੋਇਨ ਅਤੇ ਨਸ਼ੇ ਵਾਲਾ ਪਾਊਡਰ ਲੁਕਾਉਣੈ ਆਸਾਨ
ਡੀ.ਐੱਸ. ਪੀ. ਹਰਨੀਲ ਨੇ ਦੱਸਿਆ ਕਿ ਡੋਡੇ (ਚੂਰਾ ਪੋਸਤ) ਅਜਿਹੇ ਨਸ਼ਿਆਂ ਦੇ ਸਥਾਨ 'ਤੇ ਅੱਜਕੱਲ ਹੈਰੋਇਨ, ਚਿੱਟਾ ਅਤੇ ਨਸ਼ੇ ਵਾਲਾ ਪਾਊਡਰ ਨੂੰ ਲੁਕਾਉਣਾ ਕਾਫੀ ਆਸਾਨ ਹੈ। ਜਿਸ ਦੇ ਕਰ ਕੇ ਕਈ ਵਾਰ ਨਸ਼ਾ ਸਮੱਗਲਰ ਪੁਲਸ ਦੀ ਕਾਰਵਾਈ ਤੋਂ ਬਚ ਜਾਂਦੇ ਹਨ। ਪਰ ਪੁਲਸ ਦੀ ਕੜੀ ਨਜ਼ਰ ਅਤੇ ਨਿਗਰਾਨੀ ਤੋਂ ਅਜਿਹੇ ਨਸ਼ਾ ਸਮੱਗਲਰ ਲੰਬੇ ਸਮੇਂ ਤੱਕ ਖੁਦ ਨੂੰ ਨਹੀਂ ਬਚਾ ਸਕਦੇ।

3 ਥਾਣਿਆਂ ਦੀ ਪੁਲਸ ਨੇ ਲਿਆ ਸਰਚ 'ਚ ਭਾਗ
ਜਾਣਕਾਰੀ ਅਨੁਸਾਰ ਅੱਜ ਪਿੰਡ ਜੱਬੋਵਾਲ 'ਚ ਕੀਤੀ ਗਈ ਰੇਡ 'ਚ ਥਾਣਾ ਸਿਟੀ ਨਵਾਂਸ਼ਹਿਰ, ਸਦਰ ਨਵਾਂਸ਼ਹਿਰ ਅਤੇ ਥਾਣਾ ਰਾਹੋਂ ਥਾਣੇ ਦੀ ਪੁਲਸ ਅਤੇ ਲੇਡੀਜ਼ ਪੁਲਸ ਸਣੇ ਕਰੀਬ 100 ਤੋਂ ਵੱਧ ਪੁਲਸ ਕਰਮਚਾਰੀ ਸ਼ਾਮਲ ਸਨ। ਸਵੇਰੇ ਤੜਕਸਾਰ ਹਨੇਰੇ 'ਚ ਸ਼ੁਰੂ ਹੋਈ ਰੇਡ 'ਚ ਪੁਲਸ ਕਰਮਚਾਰੀਆਂ ਨੇ ਪਿੰਡ ਦੇ ਸਾਰੇ ਰਸਤਿਆਂ ਨੂੰ ਕਰੀਬ-ਕਰੀਬ ਸੀਲ ਕਰ ਦਿੱਤਾ ਸੀ।

ਸਰਪੰਚ ਜਸਵਿੰਦਰ ਕੌਰ ਨੇ ਪੁਲਸ ਕਾਰਵਾਈ ਦੀ ਕੀਤੀ ਸ਼ਲਾਘਾ
ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਪੁਲਸ ਦੀ ਅਚਨਚੇਤ ਰੇਡ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਨੌਜਵਾਨਾਂ ਨੂੰ ਨਸ਼ੇ ਦੀ ਚੁੰਗਲ 'ਚੋਂ ਬਚਾਉਣਾ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਿਸੇ ਵੀ ਤਰ੍ਹਾਂ ਦੇ ਰੁਝਾਨ ਅਤੇ ਨਸ਼ਾ ਸਮੱਗਲਰਾਂ ਦਾ ਪੰਚਾਇਤ ਡਟ ਕੇ ਵਿਰੋਧ ਕਰਦੀ ਹੈ ਅਤੇ ਪੁਲਸ ਨੂੰ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਹਰ ਸਮੇਂ ਨਾਲ ਹੈ।


Shyna

Content Editor

Related News