ਥਾਣਾ-4 ਦੀ ਪੁਲਸ ਦੀ ਕਾਰਜਪ੍ਰਣਾਲੀ ''ਤੇ ਸਵਾਲੀਆ ਨਿਸ਼ਾਨ

09/21/2019 4:22:57 PM

ਜਲੰਧਰ (ਜ.ਬ.)— ਥਾਣਾ-4 ਦੀ ਪੁਲਸ ਦੀ ਢਿੱਲੀ ਕਾਰਜਪ੍ਰਣਾਲੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਐਕਟਿਵਾ 10 ਦਿਨਾਂ ਵਿਚ ਦੋ ਵਾਰ ਚੋਰੀ ਹੋ ਜਾਂਦੀ ਹੈ। ਮਾਨਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਾ ਅਸੀਮ ਜੋ ਕਿ 11ਵੀਂ ਜਮਾਤ ਵਿਚ ਏ. ਪੀ. ਜੇ. ਸਕੂਲ ਵਿਚ ਪੜ੍ਹਦਾ ਹੈ ਉਹ 26 ਅਗਸਤ ਨੂੰ ਦੁਪਹਿਰ ਦੇ ਸਮੇਂ ਜਦੋਂ ਸਕੂਲ ਤੋਂ ਵਾਪਸ ਘਰ ਆਇਆ ਤਾਂ ਉਸਨੇ ਐਕਟਿਵਾ ਨੂੰ ਘਰ ਦੇ ਬਾਹਰ ਹੀ ਪਾਰਕ ਕਰ ਦਿੱਤਾ। ਕੁਝ ਦੇਰ ਬਾਅਦ ਜਦੋਂ ਉਹ ਘਰ ਦੇ ਬਾਹਰ ਗਿਆ ਤਾਂ ਐਕਟਿਵਾ ਗਾਇਬ ਸੀ। ਬੇਟੇ ਨੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਥਾਣਾ-4 ਦੀ ਪੁਲਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ। ਥਾਣਾ-4 ਦੇ ਐੱਸ. ਐੱਚ. ਓ. ਨੇ ਐੱਫ. ਆਈ. ਆਰ. ਦਰਜ ਕਰਨ ਦੀ ਬਜਾਏ ਕਿਹਾ ਕਿ ਉਹ ਉਨ੍ਹਾਂ ਨੂੰ ਜਲਦੀ ਹੀ ਐਕਟਿਵਾ ਲੱਭ ਕੇ ਦੇ ਦੇਣਗੇ। ਕਾਫੀ ਦਿਨਾਂ ਤੱਕ ਪੁਲਸ ਉਨ੍ਹਾਂ ਨੂੰ ਇਸੇ ਤਰ੍ਹਾਂ ਲਟਕਾਉਂਦੀ ਰਹੀ। 26 ਅਗਸਤ ਨੂੰ ਚੋਰੀ ਹੋਈ ਸਕੂਟੀ ਦੀ ਐੱਫ. ਆਈ. ਆਰ. ਪੁਲਸ ਨੇ 2 ਸਤੰਬਰ ਨੂੰ ਦਰਜ ਕੀਤੀ। ਉਸੇ ਦਿਨ ਜੀ. ਟੀ. ਬੀ. ਨਗਰ ਵਿਚ ਰਹਿਣ ਵਾਲੇ ਇਕ ਡਾਕਟਰ ਦਾ ਫੋਨ ਆਇਆ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ 4 ਦਿਨਾਂ ਤੋਂ ਉਨ੍ਹਾਂ ਦੀ ਐਕਟਿਵਾ ਉਨ੍ਹਾਂ ਦੀ ਜੀ. ਟੀ. ਬੀ. ਨਗਰ ਸਥਿਤ ਗਲੀ ਵਿਚ ਖੜ੍ਹੀ ਹੈ, ਡਾਕਟਰ ਨੇ ਜੀ. ਐੱਸ. ਹੌਂਡਾ ਵਿਚ ਫੋਨ ਕਰ ਪਤਾ ਕੀਤਾ ਸੀ ਕਿ ਐਕਟਿਵਾ ਕਿਸ ਦੇ ਨਾਂ 'ਤੇ ਰਜਿਸਟਰ ਹੈ।

ਮਾਨਵ ਅਰੋੜਾ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਉਨ੍ਹਾਂ ਆਪਣੇ ਸਟਾਫ ਦੇ 2 ਮੈਂਬਰਾਂ ਨੂੰ ਐਕਟਿਵਾ ਲਿਆਉਣ ਲਈ ਭੇਜਿਆ ਅਤੇ ਥਾਣਾ-4 ਦੇ ਐੱਸ. ਐੱਚ. ਓ. ਨੂੰ ਮਾਮਲੇ ਬਾਰੇ ਸੂਚਿਤ ਕੀਤਾ ਪਰ ਐੱਸ. ਐੱਚ. ਓ. ਵਲੋਂ ਉਨ੍ਹਾਂ ਨੂੰ ਕੋਈ ਚੰਗਾ ਜਵਾਬ ਨਹੀਂ ਮਿਲਿਆ। ਉਨ੍ਹਾਂ ਦਾ ਸਟਾਫ ਉਕਤ ਜਗ੍ਹਾ 'ਤੇ ਐਕਟਿਵਾ ਲੈਣ ਲਈ ਪਹੁੰਚਿਆ ਤਾਂ ਐਕਟਿਵਾ ਇਕ ਵਾਰ ਫਿਰ ਤੋਂ ਗਾਇਬ ਸੀ। ਆਲੇ-ਦੁਆਲੇ ਦੇ ਘਰਾਂ ਤੋਂ ਪਤਾ ਲੱਗਾ ਕਿ ਐਕਟਿਵਾ ਕਈ ਦਿਨਾਂ ਤੋਂ ਜੀ. ਟੀ. ਬੀ. ਨਗਰ 'ਚ ਹੀ ਖੜ੍ਹੀ ਸੀ। ਲੋਕਾਂ ਨੇ ਪੁਲਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ। ਲੋਕਾਂ ਦਾ ਦਾਅਵਾ ਹੈ ਕਿ ਇਕ ਪੀ. ਸੀ. ਆਰ. ਕਰਮਚਾਰੀ ਤਾਂ ਮੌਕੇ 'ਤੇ ਆ ਕੇ ਐਕਟਿਵਾ ਦੀ ਫੋਟੋ ਵੀ ਲੈ ਕੇ ਗਿਆ। ਨੇੜੇ ਦੇ ਘਰ 'ਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇਕ ਨੌਜਵਾਨ ਆਉਂਦਾ ਹੈ ਤੇ ਆਰਾਮ ਨਾਲ ਪੈਦਲ ਹੀ ਐਕਟਿਵਾ ਨੂੰ ਰੇੜ੍ਹਦੇ ਹੋਏ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸਾਰੇ ਮਾਮਲੇ ਵਿਚ ਐਕਟਿਵਾ ਦੂਜੀ ਵਾਰ ਚੋਰੀ ਹੋ ਜਾਂਦੀ ਹੈ ਤੇ ਪੁਲਸ ਚੁੱਪ-ਚਾਪ ਬੈਠੀ ਰਹਿੰਦੀ ਹੈ।

ਗੈਰ ਕਾਨੂੰਨੀ ਕੰਮ ਲਈ ਵਰਤੀ ਜਾ ਸਕਦੀ ਹੈ ਐਕਟਿਵਾ
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਰੀ ਹੋਈ ਐਕਟਿਵਾ ਦੀ ਵਰਤੋਂ ਗੈਰ-ਕਾਨੂੰਨੀ ਕੰਮ ਲਈ ਕੀਤੀ ਜਾ ਸਕਦੀ ਹੈ। ਐਕਟਿਵਾ ਦੇ ਮਾਲਕ ਨੇ ਤੁਰੰਤ ਐਕਟਿਵਾ ਦੇ ਚੋਰੀ ਹੋਣ ਦੀ ਸੂਚਨਾ ਪੁਲਸ ਨੂੰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਇਸੇ ਤਰ੍ਹਾਂ ਜੀ. ਟੀ. ਬੀ. ਨਗਰ ਦੇ ਲੋਕਾਂ ਨੇ ਵੀ ਪੁਲਸ ਨੂੰ ਜਾਣਕਾਰੀ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਈ। ਇਸ ਸਾਰੇ ਮਾਮਲੇ ਵਿਚ ਜੇਕਰ ਕਿਸੇ ਦਾ ਗੈਰ ਜ਼ਿੰਮੇਵਾਰਾਨਾ ਰਵੱਈਆ ਰਿਹਾ ਤਾਂ ਉਹ ਹੈ ਪੁਲਸ ਦਾ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਸਾਰੇ ਮਾਮਲੇ ਵਿਚ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਵਾਲੇ ਪੁਲਸ ਮੁਲਾਜ਼ਮਾਂ 'ਤੇ ਕੀ ਐਕਸ਼ਨ ਲੈਂਦੇ ਹਨ।


shivani attri

Content Editor

Related News