ਪਾਵਰਕਾਮ ਨੇ ਕੱਟੇ ਲੋਕਾਂ ਦੇ ਬਿਜਲੀ ਕੁਨੈਕਸ਼ਨ

01/16/2020 4:56:01 PM

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ)— ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਹਾਇਕ ਐਗਜ਼ੈਕਟਿਵ ਇੰਜੀਨੀਅਰ ਬੰਗਾ ਵੱਲੋਂ ਸਥਾਨਕ ਕੁਝ ਸ਼ਹਿਰ ਵਾਸੀਆਂ ਨੂੰ ਹਜ਼ਾਰਾਂ ਰੁਪਏ ਦੇ ਜੁਰਮਾਨੇ ਸਹਿਤ ਬਿੱਲ ਕਮ ਅਸੈੱਸਮੈਂਟ ਆਰਡਰ ਭੇਜਣ ਦੇ ਨਾਲ-ਨਾਲ ਮੌਕੇ 'ਤੇ ਹੀ ਘਰਾਂ/ਦੁਕਾਨਾਂ/ਵਪਾਰਿਕ ਅਦਾਰਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ। ਮਿਲੇ ਇਨ੍ਹਾਂ ਨੋਟਿਸਾਂ ਤੋਂ ਬਾਅਦ ਜਿੱਥੇ ਸ਼ਹਿਰ ਵਾਸੀਆਂ ਵਿਚ ਹੜਕੰਪ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਬੰਗਾ ਨਿਵਾਸੀ ਰਾਮੇਸ਼ ਕੁਮਾਰ, ਬਲਵਿੰਦਰ ਕੋਰ, ਮਨੋਹਰ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2019 'ਚ ਪਾਵਰਕਾਮ ਵਿਭਾਗ ਦੇ ਸਹਿਯੋਗ ਨਾਲ ਇਕ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਕੇ ਸ਼ਹਿਰ ਵਿਚ ਲੱਗੇ ਸਾਰੇ ਘਰਾਂ/ਦੁਕਾਨਾਂ ਅਤੇ ਹੋਰ ਵਪਾਰਿਕ ਅਦਾਰਿਆਂ ਦੇ ਬਿਜਲੀ ਮੀਟਰਾਂ ਨੂੰ ਪਹਿਲਾਂ ਘਰਾਂ ਤੋਂ ਬਾਹਰ ਦੀਵਾਰ 'ਤੇ ਲੋਹੇ ਦਾ ਬਾਕਸ ਲਾ ਕੇ ਬਾਹਰ ਫਿੱਟ ਕੀਤਾ ਸੀ, ਅਤੇ ਉਸ ਉਪਰੰਤ ਕੁਝ ਮਹੀਨਿਆਂ ਮਗਰੋਂ ਪੁਰਾਣੇ ਮੀਟਰਾਂ ਦੀ ਥਾਂ ਨਵੇਂ ਇਲੈਕਟ੍ਰੋਨਿਕ ਮੀਟਰ ਫਿੱਟ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਉਸ ਸਮੇਂ ਉਕਤ ਪ੍ਰਾਈਵੇਟ ਕੰਪਨੀ ਦੇ ਮੀਟਰ ਫਿੱਟ ਕਰਨ ਵਾਲੇ ਵਿਅਕਤੀਆਂ ਨੇ ਤਾਂ ਉਨ੍ਹਾਂ ਨੂੰ ਇਹ ਕਿਹਾ ਸੀ ਤੁਹਾਡਾ ਮੀਟਰ ਬਦਲ ਕੇ ਨਵਾਂ ਮੀਟਰ ਹੀ ਲਾਇਆ ਜਾ ਰਿਹਾ ਹੈ, ਅਤੇ ਪੁਰਾਣੇ ਮੀਟਰ ਦੀ ਰੀਡਿੰਗ 'ਤੇ ਨਵੇਂ ਮੀਟਰ ਦੀ ਰੀਡਿੰਗ ਮੁਤਾਬਿਕ ਤੁਹਾਨੂੰ ਅਗਲਾ ਬਿੱਲ ਆ ਜਾਵੇਗਾ, ਜਿਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਨੂੰ ਦੋ-ਤਿੰਨ ਬਿੱਲ ਆਏ, ਜੋ ਉਨ੍ਹਾਂ ਨੇ ਸਮੇਂ ਅਨੁਸਾਰ ਸਥਾਨਕ ਵਿਭਾਗ 'ਚ ਜਮ੍ਹਾ ਕਰਵਾ ਦਿੱਤੇ ਸਨ।

ਉਨ੍ਹਾਂ ਕਿਹਾ ਕਿ ਕੱਲ ਦੁਪਹਿਰ ਤੋਂ ਬਾਅਦ ਉਨ੍ਹਾਂ ਦੇ ਘਰ ਬਿਜਲੀ ਵਿਭਾਗ ਦੇ ਕੁਝ ਕਰਮਚਾਰੀ ਆਏ ਅਤੇ ਉਨ੍ਹਾਂ ਨੂੰ ਬਿੱਲ ਕਮ ਅਸੈੱਸਮੈਂਟ ਆਰਡਰ ਅਨੁਸਾਰ ਹਜ਼ਾਰਾਂ ਰੁਪਏ ਜੁਰਮਾਨੇ ਸਹਿਤ ਬਣਦੀ ਰਕਮ ਦਾ ਤੁਰੰਤ ਭੁਗਤਾਨ ਕਰਨ ਦੀ ਗੱਲ ਕਹੀ। ਜਦੋਂ ਉਕਤ ਕਾਰਵਾਈ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਤੁਸੀਂ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਹੋ ਅਤੇ ਨੋਟਿਸ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੇ ਮੌਕੇ 'ਤੇ ਹੀ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ। ਉਨ੍ਹਾਂ ਕਿਹਾ ਜੋ ਸਰਾਸਰ ਧੱਕਾ ਹੈ, ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਮਹਿਕਮੇ ਨੇ ਉਕਤ ਨੋਟਿਸ ਉਨ੍ਹਾਂ ਨੂੰ ਦਿੱਤਾ ਹੈ ਤਾਂ ਉਸ ਪ੍ਰਤੀ ਆਪਣੀ ਅਪੀਲ/ਦਲੀਲ ਅਤੇ ਆਪਣਾ ਪੱਖ ਪੇਸ਼ ਕਰਨ ਦਾ ਸਮਾਂ ਵੀ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਕੱਲ ਨੋਟਿਸ ਮਿਲੇ ਹਨ, ਉੁਨ੍ਹਾਂ ਵਿਚ ਆਸ਼ਾ ਰਾਣੀ ਵਾਸੀ ਬੰਗਾ ਨੂੰ 63 ਹਜ਼ਾਰ 567 ਰੁਪਏ, ਮਨੋਹਰ ਲਾਲ ਬੰਗਾ ਨੂੰ 28 ਹਜ਼ਾਰ 590 ਰੁਪਏ ,ਅਜੀਤ ਸਿੰਘ ਬੰਗਾ ਨੂੰ ਇਕ ਲੱਖ 16 ਹਜ਼ਾਰ 69 ਰੁਪਏ ਤੋਂ ਇਲਾਵਾ ਕੁਝ ਹੋਰ ਲੋਕਾਂ ਨੂੰ ਨੋਟਿਸ ਦੇ ਕੇ ਉਪਰੋਕਤ ਘਰਾਂ/ਦੁਕਾਨਾਂ/ ਵਪਾਰਕ ਅਦਾਰਿਆ ਦੇ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ।

ਕੀ ਕਹਿਣੈ ਵਿਭਾਗ ਦੇ ਐੱਸ. ਡੀ. ਓ. ਪਰਮਾਨੰਦ ਦਾ
ਜਦੋਂ ਉਕਤ ਹੋਈ ਕਾਰਵਾਈ ਬਾਰੇ ਬੰਗਾ ਉਪ ਮੰਡਲ ਪਾਵਰਕਾਮ ਬੰਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮੀਟਰ ਆਈ. ਪੀ. ਡੀ. ਐੱਸ. ਸਕੀਮ ਤਹਿਤ ਨਿੱਜੀ ਕੰਪਨੀ ਵੱਲੋਂ ਸਾਰੇ ਸ਼ਹਿਰ ਦੇ ਬਦਲੇ ਗਏ ਸਨ। ਜੋ ਪੁਰਾਣੇ ਮੀਟਰ ਉਕਤ ਕੰਪਨੀ ਵੱਲੋਂ ਉਤਾਰੇ ਗਏ ਸਨ, ਉਨ੍ਹਾਂ ਦੀ ਜਾਂਚ ਪੜਤਾਲ ਵਿਭਾਗ ਦੇ ਗੁਰਾਇਆ (ਜਲੰਧਰ) ਸਥਿਤ ਦਫਤਰ ਪਾਸੋਂ ਕਰਵਾਈ ਗਈ ਹੈ। ਜਿਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਅਸੈੱਸਮੈਂਟ ਆਰਡਰ ਪ੍ਰਾਪਤ ਹੋਏ ਹਨ, ਉਨ੍ਹਾਂ ਦੇ ਮੀਟਰਾਂ 'ਚ ਛੇੜਛਾੜ ਵੇਖਣ ਨੂੰ ਮਿਲੀ ਹੈ, ਜਿਸ ਕਾਰਨ ਬਿਜਲੀ ਚੋਰੀ ਹੋਣ ਦਾ ਕੇਸ ਬਣਦਾ ਹੈ ਅਤੇ ਉਸ ਮੁਤਾਬਕ ਨੋਟਿਸ ਦੇ ਕੇ ਵਿਭਾਗ ਦੀ ਬਕਾਇਆ ਰਕਮ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਬਕਾਇਆ ਰਕਮ ਭਰਨ ਦੀ ਡਿਮਾਂਡ ਕੀਤੀ ਗਈ ਹੈ।


shivani attri

Content Editor

Related News