ਹੁਸ਼ਿਆਰਪੁਰ : ਸੈਂਟਰਲ ਜੇਲ ਦੇ ਕੈਦੀ ਦੀ ਹਸਪਤਾਲ ''ਚ ਮੌਤ

Monday, Dec 02, 2019 - 08:53 PM (IST)

ਹੁਸ਼ਿਆਰਪੁਰ : ਸੈਂਟਰਲ ਜੇਲ ਦੇ ਕੈਦੀ ਦੀ ਹਸਪਤਾਲ ''ਚ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਸੈਂਟਰਲ ਜੇਲ ਹੁਸ਼ਿਆਰਪੁਰ ਵਿਚ ਸਾਲ 2016 ਤੋਂ ਬੰਦ ਚੱਲ ਰਹੇ ਬੀਮਾਰ ਕੈਦੀ ਜਸਵਿੰਦਰ ਸਿੰਘ ਪੁੱਤਰ ਝਿਲਮਿਲ ਸਿੰਘ ਨਿਵਾਸੀ ਸ਼ਾਂਤੀ ਨਗਰ ਬਜਵਾੜਾ ਦੀ ਇਲਾਜ ਦੌਰਾਨ ਸਿਵਲ ਹਸਪਤਾਲ ਵਿਚ ਬੀਤੀ ਦੇਰ ਸ਼ਾਮ ਮੌਤ ਹੋ ਗਈ। ਸੋਮਵਾਰ ਨੂੰ ਮੈਡੀਕਲ ਬੋਰਡ ਦੇ 3 ਡਾਕਟਰਾਂ ਦੇ ਪੈਨਲ ਦੀ ਨਿਗਰਾਨੀ ਵਿਚ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਜੇਲ ਪ੍ਰਬੰਧਕਾਂ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਿਟੀ ਪੁਲਸ ਇਸ ਮਾਮਲੇ ਵਿਚ ਧਾਰਾ 174 ਅਧੀਨ ਕਾਰਵਾਈ ਕਰ ਰਹੀ ਹੈ।

ਕਈ ਬੀਮਾਰੀਆਂ ਨਾਲ ਜੂਝ ਰਿਹਾ ਸੀ ਮ੍ਰਿਤਕ
ਸੰਪਰਕ ਕਰਨ 'ਤੇ ਸੈਂਟਰਲ ਜੇਲ ਦੇ ਸੁਪਰਡੈਂਟ ਲਲਿਤ ਕੋਹਲੀ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਨੂੰ ਹੁਸ਼ਿਆਰਪੁਰ ਦੀ ਅਦਾਲਤ ਵੱਲੋਂ 26 ਸਤੰਬਰ 2016 ਨੂੰ ਐੱਨ. ਡੀ. ਪੀ. ਐੱਸ. ਐਕਟ ਅਧੀਨ 10 ਸਾਲ ਦੀ ਕੈਦ ਸੁਣਾਈ ਗਈ ਸੀ। ਜੇਲ ਵਿਚ ਰਹਿਣ ਦੌਰਾਨ ਪਤਾ ਲੱਗਾ ਕਿ ਜਸਵਿੰਦਰ ਸਿੰਘ ਨੂੰ ਨਾ ਸਿਰਫ ਟੀ. ਬੀ. ਸੀ, ਸਗੋਂ ਫੇਫੜਿਆਂ ਅਤੇ ਸ਼ੂਗਰ ਦੀ ਬੀਮਾਰ ਤੋਂ ਪੀੜਤ ਸੀ। 16 ਨਵੰਬਰ 2019 ਨੂੰ ਜੇਲ ਦੇ ਹਸਪਤਾਲ ਵਿਚ ਇਲਾਜ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। 25 ਨਵੰਬਰ ਨੂੰ ਅੰਮ੍ਰਿਤਸਰ ਤੋਂ ਪਰਤਣ ਦੇ ਬਾਅਦ 1 ਦਸੰਬਰ ਨੂੰ ਫਿਰ ਉਸ ਦੀ ਤਬੀਅਤ ਵਿਗੜਨ 'ਤੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੇਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੇਲ ਪ੍ਰਬੰਧਕਾਂ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ।


author

KamalJeet Singh

Content Editor

Related News