ਪੰਜਾਬ ਦੇ 137 ਕਾਲਜ ਗ੍ਰਾਂਟ ਜਾਰੀ ਨਾ ਹੋਣ ਕਾਰਨ ਵਿੱਤੀ ਸੰਕਟ ''ਚ : ਡਾ. ਸਮਰਾ

03/13/2019 10:23:11 AM

ਜਲੰਧਰ (ਦਰਸ਼ਨ ਸਿੰਘ)— ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਰਕਾਰ ਕੋਲੋਂ ਸਰਕਾਰੀ ਮਦਦ ਪ੍ਰਾਪਤ ਕਾਲਜਾਂ ਦੀ ਪਿਛਲੇ ਚਾਰ ਮਹੀਨਿਆਂ ਦੀ ਗ੍ਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ 137 ਕਾਲਜ ਗ੍ਰਾਂਟ ਜਾਰੀ ਨਾ ਹੋਣ ਦੀ ਸੂਰਤ 'ਚ ਵਿੱਤੀ ਸੰਕਟ 'ਚ ਘਿਰ ਗਏ ਹਨ, ਜਿਸ ਕਾਰਨ ਕਾਲਜ ਦੇ ਸਟਾਫ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿਛਲੇ ਚਾਰ ਮਹੀਨੇ ਦੀ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਕਾਲਜਾਂ 'ਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹ ਦਿੱਤੀ ਜਾ ਸਕੇ ਅਤੇ ਉਚੇਰੀ ਸਿੱਖਿਆ ਚੰਗੀ ਤਰ੍ਹਾਂ ਮੁਹੱਈਆ ਕਰਵਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਾਲਜਾਂ ਦਾ ਬਣਦਾ ਪੈਸਾ ਵੀ ਸਰਕਾਰ ਜਲਦੀ ਜਾਰੀ ਕਰੇ। 


ਉਨ੍ਹਾਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਜਾਰੀ ਨਾ ਹੋਣ ਦੀ ਸੂਰਤ 'ਚ ਵੀ ਕਾਲਜ ਵਿੱਤੀ ਸੰਕਟ 'ਚ ਘਿਰ ਗਏ ਹਨ ਅਤੇ ਇਹ ਕਾਲਜ ਬੰਦ ਹੋਣ ਕੰਢੇ ਪਹੁੰਚ ਗਏ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ 'ਚ ਕੰਟ੍ਰੈਕਟ 'ਤੇ ਭਰਤੀ ਕੀਤੇ 1925 ਅਸਿਸਟੈਂਟ ਪ੍ਰੋਫੈਸਰ ਪੂਰੀ ਤਨਖਾਹ 'ਤੇ ਪੱਕੇ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ 'ਤੇ ਭਰਤੀ ਹੋਏ 484 ਅਸਿਸਟੈਂਟ ਪ੍ਰੋਫੈਸਰਾਂ ਦਾ ਤਿੰਨ ਸਾਲਾ ਕੰਟ੍ਰੈਕਟ ਪੂਰਾ ਹੋ ਚੁੱਕਾ ਹੈ ਪਰ ਸਰਕਾਰ ਵੱਲੋਂ ਇਨ੍ਹਾਂ ਪੋਸਟਾਂ 'ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਪੂਰੀ ਤਨਖਾਹ 'ਤੇ ਪੱਕੇ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ।


shivani attri

Content Editor

Related News