ਬਾਰਿਸ਼ ਨਾਲ ਆਲੂ ਦੀ ਫਸਲ ''ਤੇ ਝੁਲਸ ਰੋਗ ਦਾ ਖਤਰਾ ਮੰਡਰਾਉਣ ਲੱਗਾ

12/15/2019 3:22:34 PM

ਜਲੰਧਰ (ਯੂ. ਐੱਨ. ਆਈ.)— ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਬਾਰਿਸ਼ ਕਾਰਨ ਆਲੂ ਦੀ ਫਸਲ 'ਤੇ ਝੁਲਸ ਰੋਗ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਕਾਰਨ ਵਿਭਾਗ ਨੇ ਕਿਸਾਨਾਂ ਨੂੰ ਸਾਵਧਾਨੀ ਵਜੋਂ ਆਲੂ ਦੀ ਫਸਲ 'ਤੇ ਦਵਾਈਆਂ ਦਾ ਛਿੜਕਾਅ ਕਰਨ ਦਾ ਸੁਝਾਅ ਦਿੱਤਾ ਹੈ। ਪੰਜਾਬ ਬਾਗਬਾਨੀ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਪਏ ਬਾਰਿਸ਼ ਨਾਲ ਆਲੂ ਦੀ ਫਸਲ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਪਹੁੰਚਿਆ ਪਰ ਜੇਕਰ ਬਾਰਿਸ਼ ਜਾਰੀ ਰਹਿੰਦਾ ਹੈ ਜਾਂ ਕੁਝ ਦਿਨਾਂ ਬਾਅਦ ਫਿਰ ਮੀਂਹ ਪੈਂਦਾ ਹੈ ਤਾਂ ਆਲੂ ਦੀ ਫਸਲ ਨੂੰ ਫਲਾਈਐਸ਼ ਦੀ ਬੀਮਾਰੀ ਲੱਗ ਸਕਦੀ ਹੈ, ਜਿਸ ਕਾਰਨ ਆਲੂ ਦੀਆਂ ਵੇਲਾਂ ਝੁਲਸ ਕੇ ਤਬਾਹ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਸੂਬੇ ਦੇ ਕਈ ਹਿੱਸਿਆਂ 'ਚ ਬੀਤੇ ਦਿਨ ਬਾਰਿਸ਼ ਪੈਂਦਾ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਆਲੂ ਉਤਪਾਦਨ 'ਚ ਦੇਸ਼ 'ਚ ਪਹਿਲੇ ਨੰਬਰ 'ਤੇ ਹੈ। ਸਾਲ 2015-16 'ਚ 92,359 ਹੈਕਟੇਅਰ 'ਚ ਲਗਭਗ 22,62,404 ਟਨ ਆਲੂ ਦਾ ਉਤਪਾਦਨ ਹੋਇਆ ਸੀ। ਸਾਲ 2016-17 'ਚ 97000 ਹੈਕਟੇਅਰ ਅਤੇ 2019 'ਚ ਇਕ ਲੱਖ ਹੈਕਟੇਅਰ ਜ਼ਮੀਨ 'ਤੇ ਆਲੂ ਦੀ ਫਸਲ ਬੀਜੀ ਗਈ ਸੀ। ਪੰਜਾਬ 'ਚ ਸਭ ਤੋਂ ਵੱਧ ਆਲੂ ਜਲੰਧਰ ਵਿਚ ਬੀਜਿਆ ਜਾਂਦਾ ਹੈ, ਜਦੋਂਕਿ ਸਭ ਤੋਂ ਘੱਟ ਆਲੂ ਪਠਾਨਕੋਟ 'ਚ 4 ਹੈਕਟੇਅਰ 'ਚ ਬੀਜਿਆ ਜਾਂਦਾ ਹੈ।

ਜਲੰਧਰ 'ਚ 22000 ਹੈਕਟੇਅਰ 'ਚ ਆਲੂ ਦੀ ਫਸਲ ਬੀਜੀ ਜਾਂਦੀ ਹੈ, ਜਦੋਂਕਿ ਹੋਰ ਜ਼ਿਲਿਆਂ 'ਚੋਂ ਹੁਸ਼ਿਆਰਪੁਰ 'ਚ 12,612 ਹੈਕਟੇਅਰ, ਲੁਧਿਆਣਾ 'ਚ 10,016, ਕਪੂਰਥਲਾ 'ਚ 9,256, ਅੰਮ੍ਰਿਤਸਰ 'ਚ 6,786, ਮੋਗਾ 6,175, ਬਠਿੰਡਾ 5,468, ਫਤਿਹਗੜ੍ਹ ਸਾਹਿਬ 4,483, ਪਟਿਆਲਾ 4,313, ਐੱਸ. ਬੀ. ਐੱਸ. ਨਗਰ 2,415, ਤਰਨਤਾਰਨ 1,785, ਬਰਨਾਲਾ 1,702, ਐੱਸ. ਏ. ਐੱਸ. ਨਗਰ 1,220, ਰੋਪੜ 863, ਗੁਰਦਾਸਪੁਰ 704, ਸੰਗਰੂਰ 630, ਫਿਰੋਜ਼ਪੁਰ 516, ਫਰੀਦਕੋਟ 205, ਮੁਕਤਸਰ 178, ਮਾਨਸਾ 152, ਫਾਜ਼ਿਲਕਾ 72 ਅਤੇ ਪਠਾਨਕੋਟ ਵਿਚ 4 ਹੈਕਟੇਅਰ 'ਚ ਆਲੂ ਦੀ ਫਸਲ ਬੀਜੀ ਜਾਂਦੀ ਹੈ।

PunjabKesari

ਦੋਆਬਾ 'ਚ ਤਿਆਰ ਹੋਣ ਵਾਲੇ ਆਲੂ ਦੀ ਕੁਆਲਿਟੀ ਸਭ ਤੋਂ ਵਧੀਆ : ਡਾ. ਦਮਨਦੀਪ ਸਿੰਘ
ਸੈਂਟਰ ਆਫ ਐਕਸੀਲੈਂਸ ਫਾਰ ਪੋਟੈਟੋ ਦੇ ਪ੍ਰਾਜੈਕਟ ਅਧਿਕਾਰੀ ਡਾ. ਦਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ 'ਚ ਆਲੂ ਦੀ ਬਰਾਮਦ ਪਾਕਿਸਤਾਨ, ਪੱਛਮੀ ਬੰਗਾਲ, ਕਰਨਾਟਕ ਅਤੇ ਉੱਤਰ ਪ੍ਰਦੇਸ਼ ਨੂੰ ਕੀਤੀ ਜਾਂਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਝੁਲਸ ਰੋਗ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਉਹ ਆਪਣੀ ਫਸਲ 'ਤੇ ਕਰਜੇਟ ਜਾਂ ਮੇਲੋਡੀ ਡਿਊ ਦਾ ਛਿੜਕਾਅ ਕਰਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦੋਆਬਾ ਖਿੱਤੇ 'ਚ ਤਿਆਰ ਹੋਣ ਵਾਲੇ ਬੀਜ ਦੀ ਕੁਆਲਿਟੀ ਵਧੀਆ ਹੁੰਦੀ ਹੈ। ਦੋਆਬਾ 'ਚ ਤਿਆਰ ਹੋਣ ਵਾਲੇ ਬੀਜ ਨਾਲ ਆਲੂ ਦੀ ਫਸਲ ਨੂੰ ਕੀੜਾ ਨਹੀਂ ਲੱਗਦਾ ਅਤੇ ਇਸ ਦਾ ਉਤਪਾਦਨ ਹੋਰਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਮਿਲਦਾ ਹੈ। ਦੋਆਬਾ ਇਲਾਕੇ 'ਚ ਆਲੂ ਦੇ ਬੀਜ ਦੀ ਬਰਾਮਦ ਓਡਿਸ਼ਾ, ਮਹਾਰਾਸ਼ਟਰ ਅਤੇ ਸ਼੍ਰੀਲੰਕਾ ਆਦਿ ਨੂੰ ਕੀਤੀ ਜਾਂਦੀ ਹੈ।

ਸੂਬੇ 'ਚ ਸਭ ਤੋਂ ਵੱਧ ਪੈਦਾਵਰ ਕੁਫਰੀ ਪੁਖਰਾਜ ਕਿਸਮ ਦੀ ਹੁੰਦੀ ਹੈ
ਸੂਬੇ 'ਚ ਆਲੂ ਅਧੀਨ ਕੁਲ ਰਕਬੇ 'ਚੋਂ ਸਭ ਤੋਂ ਵੱਧ ਪੈਦਾਵਰ ਕੁਫਰੀ ਪੁਖਰਾਜ ਕਿਸਮ ਦੀ ਹੁੰਦੀ ਹੈ, ਜੋ ਲਗਭਗ 50 ਤੋਂ 60 ਫੀਸਦੀ ਰਕਬੇ 'ਚ ਬੀਜਿਆ ਜਾਂਦਾ ਹੈ। ਇਸ ਤੋਂ ਬਾਅਦ ਕੁਫਰੀ ਜੋਤੀ ਕਿਸਮ ਲਗਭਗ 30 ਫੀਸਦੀ ਰਕਬੇ, ਬਾਦਸ਼ਾਹ ਅਤੇ ਚਿਪਸੋਨਾ 3 ਫੀਸਦੀ, ਚੰਦਰਮੁਖੀ 6 ਫੀਸਦੀ ਅਤੇ ਹੋਰ ਕਿਸਮਾਂ ਲਗਭਗ 4 ਫੀਸਦੀ ਰਕਬੇ 'ਚ ਬੀਜੀਆਂ ਜਾਂਦੀਆਂ ਹਨ। ਸਟੋਰੇਜ ਲਈ ਸੂਬੇ 'ਚ 562 ਕੋਲਡ ਸਟੋਰ ਹਨ, ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਡਾ. ਦਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਲਗਭਗ 9.70 ਲੱਖ ਮੀਟ੍ਰਿਕ ਟਨ ਆਲੂ ਦੀ ਜ਼ਰੂਰਤ ਹੁੰਦੀ ਹੈ, ਜਿਸ 'ਚੋਂ 3.88 ਲੱਖ ਟਨ ਬੀਜ ਅਤੇ 5.82 ਲੱਖ ਟਨ ਖਾਣ ਵਾਲਾ ਆਲੂ ਸ਼ਾਮਲ ਹੈ। ਬਾਕੀ ਆਲੂਆਂ 'ਚੋਂ ਲਗਭਗ 15.49 ਲੱਖ ਟਨ ਆਲੂ ਦੂਜੇ ਸੂਬਿਆਂ ਨੂੰ ਬਰਾਮਦ ਕੀਤਾ ਜਾਂਦਾ ਹੈ, ਜਿਸ 'ਚ 9 ਲੱਖ ਟਨ ਬੀਜ ਅਤੇ 6.49 ਟਨ ਖਾਣ ਵਾਲਾ ਆਲੂ ਸ਼ਾਮਲ ਹੈ।

2 ਫੀਸਦੀ ਰਕਬੇ ਵਿਚ ਹੀ ਸਰਟੀਫਾਈਡ ਕੁਆਲਿਟੀ ਦਾ ਬੀਜ ਹੁੰਦਾ ਹੈ ਤਿਆਰ
ਸੈਂਟਰ ਆਫ ਐਕਸੀਲੈਂਸ ਫਾਰ ਪੋਟੈਟੋ ਦੇ ਪ੍ਰਾਜੈਕਟ ਅਧਿਕਾਰੀ ਨੇ ਕਿਹਾ ਕਿ ਸਾਲ 2022 ਤੱਕ ਪੰਜਾਬ ਦੇ ਲਗਭਗ 59 ਹਜ਼ਾਰ ਹੈਕਟੇਅਰ ਰਕਬੇ ਲਈ ਉਨਤ ਕਿਸਮ ਦਾ ਬੀਜ ਮੁਹੱਈਆ ਹੋ ਜਾਵੇਗਾ। ਇਹ ਬੀਜ ਏਅਰੋਪੋਨਿਕ, ਟਿਸ਼ੂ ਕਲਚਰ ਅਤੇ ਸੀ. ਪੀ. ਆਰ. ਆਈ. ਵੱਲੋਂ ਦਿੱਤੇ ਜਾ ਰਹੇ ਬ੍ਰੀਡਰ ਬੀਜ ਤੋਂ ਤਿਆਰ ਕੀਤਾ ਜਾਵੇਗਾ। ਜੇਕਰ ਇਸ ਦੀ ਤੁਲਨਾ ਮੌਜੂਦਾ ਸਥਿਤੀ ਨਾਲ ਕੀਤੀ ਜਾਵੇ ਤਾਂ ਅਜੇ ਫਿਲਹਾਲ ਸਿਰਫ 2 ਫੀਸਦੀ ਰਕਬੇ ਵਿਚ ਹੀ ਸਰਟੀਫਾਈਡ ਕੁਆਲਿਟੀ ਬੀਜ ਤਿਆਰ ਕੀਤਾ ਜਾ ਰਿਹਾ ਹੈ।


shivani attri

Content Editor

Related News