ਸਾਲ 2019 'ਚ ਜੋਤੀ ਚੌਕ ਨੇੜੇ 150 ਤੋਂ ਵੱਧ ਮੋਬਾਇਲ ਚੋਰੀ ਤੇ ਹੋਏ ਗੁੰਮ, ਨਤੀਜਾ ਸਿਫਰ

12/24/2019 11:29:59 AM

ਜਲੰਧਰ (ਰਮਨ)— ਥਾਣਾ ਨੰ. 4 ਦੇ ਅਧੀਨ ਪੈਂਦੇ ਜੋਤੀ ਚੌਕ ਅਤੇ ਰੈਣਕ ਬਾਜ਼ਾਰ 'ਚ ਸ਼ਾਪਿੰਗ ਕਰਨ ਆਏ ਦਰਜਨ ਤੋਂ ਵੱਧ ਲੋਕਾਂ ਨੂੰ ਜੇਬ ਕਤਰਿਆਂ ਅਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਇਕ ਹੀ ਦਿਨ ਜੇਬ ਕਤਰਿਆਂ ਨੇ ਦਰਜਨਾਂ ਤੋਂ ਵੱਧ ਲੋਕਾਂ ਦੇ ਮੋਬਾਇਲ ਅਤੇ ਪਰਸ ਚੋਰੀ ਕਰ ਲਏ, ਜਿਨ੍ਹਾਂ 'ਚ ਹਜ਼ਾਰਾਂ ਦੀ ਰਾਸ਼ੀ, ਏ. ਟੀ. ਐੱਮ. ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ। ਜੇਬ ਕਤਰਿਆਂ ਦਾ ਸ਼ਿਕਾਰ ਹੋਏ ਪੀੜਤ ਲੋਕਾਂ ਨੇ ਥਾਣਾ ਨੰ. 4 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਕੁਝ ਲੋਕ ਥਾਣਾ ਨੰ. 4 'ਚ ਬਣੇ ਸਾਂਝ ਕੇਂਦਰ 'ਚ ਗੁੰਮਸ਼ੁਦਾ ਦੀ ਸ਼ਿਕਾਇਤ ਦਰਜ ਕਰਵਾ ਕੇ ਚਲੇ ਗਏ। ਸਾਲ 2019 'ਚ ਥਾਣਾ ਨੰ. 4 'ਚ ਕਰੀਬ 50 ਤੋਂ ਵੱਧ ਮੋਬਾਇਲ ਚੋਰੀ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ ਅਤੇ ਸਾਂਝ ਕੇਂਦਰ ਗੁੰਮਸ਼ੁਦਾ ਦੀਆਂ ਕਰੀਬ 100 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ ਪਰ ਕਿਸੇ ਵੀ ਮੋਬਾਇਲ ਨੂੰ ਲੱਭਣ 'ਚ ਨਤੀਜਾ ਸਿਫਰ ਹੀ ਰਿਹਾ ਹੈ।

ਜੇਬ ਕਤਰਿਆਂ ਦਾ ਸ਼ਿਕਾਰ ਹੋਈ ਪਰਮਿੰਦਰ ਕੌਰ ਨਿਵਾਸੀ ਹੁਸ਼ਿਆਰਪੁਰ ਰੋਡ ਨੇ ਦੱਸਿਆ ਕਿ ਉਸ ਦਾ ਪਰਸ ਚੋਰੀ ਹੋ ਗਿਆ, ਜਿਸ 'ਚ ਆਧਾਰ ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ। ਸੋਨੀਆ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਬਾਜ਼ਾਰ 'ਚ ਸ਼ਾਪਿੰਗ ਕਰਨ ਆਈ ਸੀ ਕਿ ਜੋਤੀ ਚੌਕ ਦੇ ਬਾਹਰੋਂ ਉਸ ਦਾ ਮੋਬਾਇਲ ਪਰਸ 'ਚੋਂ ਚੋਰੀ ਹੋ ਗਿਆ। ਅਨੀਤਾ ਦੇਵੀ ਨੇ ਦੱਸਿਆ ਕਿ ਬਾਜ਼ਾਰ 'ਚ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ, ਜਿਸ ਸਬੰਧੀ ਉਨ੍ਹਾਂ ਨੇ ਥਾਣਾ ਨੰ. 4 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਕਤ ਵਿਅਕਤੀਆਂ ਤੋਂ ਇਲਾਵਾ 8 ਹੋਰ ਲੋਕ ਸਨ, ਜਿਨ੍ਹਾਂ ਦਾ ਪਰਸ ਅਤੇ ਮੋਬਾਇਲ, ਸਾਮਾਨ ਆਦਿ ਚੋਰੀ ਹੋਇਆ, ਜੋ ਜਲਦੀ ਦੇ ਕਾਰਨ ਥਾਣਾ ਨੰ. 4 'ਚ ਸ਼ਿਕਾਇਤ ਨਹੀਂ ਦਰਜ ਕਰਵਾ ਸਕੇ। ਉਥੇ ਹੀ ਥਾਣਾ ਨੰ. 4 ਦੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸ਼ਿਕਾਇਤਾਂ ਆਈਆਂ ਹਨ ਅਤੇ ਉਹ ਜਾਂਚ ਕਰ ਰਹੇ ਹਨ।

ਨਤੀਜਾ ਰਿਹਾ ਸਿਫਰ

ਦੱਸਣਯੋਗ ਹੈ ਕਿ ਪਿਛਲੇ ਇਕ ਸਾਲ 'ਚ ਥਾਣਾ ਨੰ. 4 'ਚ ਕਰੀਬ 50 ਤੋਂ ਵੱਧ ਮੋਬਾਇਲ ਚੋਰੀ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਇਸ ਤੋਂ ਇਲਾਵਾ ਸਾਂਝ ਕੇਂਦਰ ਗੁੰਮਸ਼ੁਦਾ ਦੀਆਂ ਕਰੀਬ 100 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ ਪਰ ਇਨ੍ਹਾਂ 'ਚੋਂ ਪੁਲਸ ਪਿਛਲੇ ਇਕ ਸਾਲ 'ਚ ਕਿਸੇ ਵੀ ਮੋਬਾਇਲ ਨੂੰ ਲੱਭ ਨਹੀਂ ਸਕੀ। ਹਾਲਾਂਕਿ ਪੁਲਸ ਫੋਨ ਟਰੇਸ ਦਾ ਕਹਿ ਕੇ ਪੱਲਾ ਝਾੜ ਦਿੰਦੀ ਹੈ ਪਰ ਪੁਲਸ ਨੇ ਅੱਜ ਤੱਕ ਇਕ ਵੀ ਫੋਨ ਟਰੇਸ ਕਰਕੇ ਨਹੀਂ ਲੱਭਿਆ।

ਵਿਭਾਗੀ ਸੂਤਰਾਂ ਨੇ ਦੱਸਿਆ ਕਿ ਮੋਬਾਇਲ ਗੁੰਮ ਜਾਂ ਚੋਰੀ ਹੋਣ 'ਤੇ ਫੋਨ ਟਰੇਸਿੰਗ 'ਤੇ ਨਹੀਂ ਲਾਇਆ ਜਾਂਦਾ। ਫੋਨ ਨੰਬਰ ਟਰੇਸ 'ਤੇ ਲਾਉਣ ਦਾ ਕਹਿ ਕੇ ਸ਼ਿਕਾਇਤਕਰਤਾ ਨੂੰ ਉਥੋਂ ਭੇਜ ਦਿੱਤਾ ਜਾਂਦਾ ਹੈ। ਪੁਲਸ ਦਾ ਕਹਿਣਾ ਹੈ ਕਿ ਵੱਡੇ ਕੇਸਾਂ ਨੂੰ ਹੱਲ ਕਰਦੇ ਸਮੇਂ ਹੀ ਫੋਨ ਟਰੇਸ 'ਤੇ ਲਾਇਆ ਜਾਂਦਾ ਹੈ।


shivani attri

Content Editor

Related News