ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ 21 ਲੱਖ ਦੀ ਪ੍ਰਾਪਰਟੀ ਕੀਤੀ ਜ਼ਬਤ

Friday, Jul 19, 2019 - 01:06 AM (IST)

ਨਸ਼ਾ ਵੇਚਣ ਵਾਲਿਆਂ ਖਿਲਾਫ਼ ਪੁਲਸ ਨੇ ਕੱਸਿਆ ਸ਼ਿਕੰਜਾ 21 ਲੱਖ ਦੀ ਪ੍ਰਾਪਰਟੀ ਕੀਤੀ ਜ਼ਬਤ

ਨਵਾਂਸ਼ਹਿਰ, (ਤ੍ਰਿਪਾਠੀ)- ਨਸ਼ਿਆਂ ਨੂੰ ਪੰਜਾਬ ’ਚੋਂ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਪੰਜਾਬ ਸਰਕਾਰ ਦੀ ਪਹਿਲ ਹੈ। ਜਿਸ ਦੇ ਤਹਿਤ ਸਰਕਾਰ ਵੱਲੋਂ ਹੁਣ ਤੇਜ਼ੀ ਨਾਲ ਹਾਈ ਸਟੈੱਪ ਲੈਂਦੇ ਹੋਏ ਜਿੱਥੇ ਵਾਰ-ਵਾਰ ਨਸ਼ਾ ਸਮੱਗਲਿੰਗ ਦੇ ਮਾਮਲਿਆਂ ’ਚ ਲਿਪਤ ਹੋਣ ਵਾਲੇ ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਜ਼ਬਤ ਕਰ ਕੇ ਕੁਰਕ ਕਰਨ ਦੀ ਦਿਸ਼ਾ ’ਚ ਕਦਮ ਵਧਾ ਦਿੱਤਾ ਹੈ ਉੱਥੇ ਹੀ ਪੁਲਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ।

50 ਨਸ਼ਾ ਸਮੱਗਲਰਾਂ ਦੇ ਪ੍ਰਾਪਟਰੀ ਜਲਦ ਹੋਵੇਗੀ ਜ਼ਬਤ

ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਹੁਣ ਤੱਕ 2 ਨਸ਼ਾ ਸਮੱਗਲਰਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ 21,79,096 ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਜਿਸ ਨੂੰ ਕੁਰਕ ਕੀਤਾ ਜਾਵੇਗਾ ਜਦੋਂਕਿ ਜਿਨ੍ਹਾਂ ਨਸ਼ਾ ਸਮੱਗਲਰਾਂ ਦੇ ਖਿਲਾਫ ਵਾਰ-ਵਾਰ ਐੱਨ.ਡੀ.ਪੀ.ਐੱਸ ਦੇ ਮਾਮਲੇ ਦਰਜ ਹੋਏ ਹਨ ਅਤੇ ਜੋ ਜ਼ਮਾਨਤ ’ਤੇ ਆ ਕੇ ਦੁਬਾਰਾ ਇਸ ਧੰਦੇ ’ਚ ਲਿਪਤ ਹੋ ਜਾਂਦੇ ਹਨ ਉਨ੍ਹਾਂ ਅਪਰਾਧੀਆਂ ਨੂੰ ਜੇਲਾਂ ’ਚ ਬੰਦ ਰੱਖਣ ਦੇ ਉਨ੍ਹਾਂ ਦੀ ਬੇਲ ਨੂੰ ਰੱਦ ਕਰਵਾਉਣ ਦੇ ਲਈ ਜ਼ਿਲਾ ਪੁਲਸ ਵੱਲੋਂ ਉਨ੍ਹਾਂ ਦੀ ਪੈਰਵਾਈ ਕਰਨ ਦੇ ਲਈ ਪੂਰੀ ਤਿਆਰੀ ਦੇ ਨਾਲ ਮਾਮਲਿਆਂ ਨੂੰ ਕੋਰਟ ’ਚ ਰੱਖੇਗੀ। ਨਸ਼ਾ ਸਮੱਗਲਰਾਂ ਦੇ ਮਾਮਲਿਆਂ ’ਚ ਲਿਪਤ ਹੋਣ ਵਾਲੇ ਅਪਰਾਧੀਆਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਅਤੇ ਅਜਿਹੇ ਕਰੀਬ 50 ਨਸ਼ਾ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਨ ਦੀ ਕਾਰਵਾਈ ਨੂੰ ਵੀ ਜਲਦ ਅਮਲ ’ਚ ਲਿਆਂਦਾ ਜਾਵੇਗਾ।

ਮੁਲਜ਼ਮ ਜੋੜੇ ’ਤੇ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ

ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਨਸ਼ਾ ਸਮੱਗਲਰ ਮੋਹਨ ਲਾਲ ਪੁੱਤਰ ਸਾਧੂ ਰਾਮ ਨਿਵਾਸੀ ਲੰਗਡ਼ੋਆ ਅਤੇ ਉਸ ਦੀ ਪਤਨੀ ਸੱਤੋ ’ਤੇ ਨਵਾਂਸ਼ਹਿਰ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਅਤੇ ਐਕਸਾਈਜ਼ ਐਕਟ ਦੇ 8 ਮਾਮਲੇ ਦਰਜ ਹਨ। ਪੁਲਸ ਵੱਲੋਂ 25 ਜੂਨ, 1976 ਵਿਚ ਐਕਸਾਈਜ਼ ਐਕਟ ਦੇ ਤਹਿਤ ਪਹਿਲਾ ਮਾਮਲਾ ਦਰਜ ਹੋਇਆ ਸੀ, ਜਦੋਂ ਕਿ ਅੰਤਿਮ ਮਾਮਲਾ 13 ਫਰਵਰੀ, 1998 ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਨਵਾਂਸ਼ਹਿਰ ਵਿਖੇ ਐੱਫ.ਆਰ.ਆਈ. 9 ਦੇ ਰੂਪ ਵਿਚ ਦਰਜ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਨਸ਼ਾ ਸਮੱਗਲਰਾਂ ਦਾ 1 ਕਨਾਲ ਦਾ ਪਲਾਟ ਜਿਸ ਦੀ ਬਾਜ਼ਾਰੀ ਕੀਮਤ ਕਰੀਬ 21,53,500 ਰੁਪਏ ਹੈ, ਮੋਟਰਸਾਈਕਲ ਜਿਸ ਦੀ ਕੀਮਤ 15 ਹਜ਼ਾਰ ਹੈ ਅਤੇ ਬੈਂਕ ਖਾਤੇ ਵਿਚ 10,596 ਰੁਪਏ ਸਣੇ ਕੁੱਲ 21,79,096 ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ।

ਰਿਸ਼ਤੇਦਾਰਾਂ ਦੀ ਜਾਇਦਾਦ ਸਬੰਧ ੀ ਜਾਂਚ ਕਰੇਗੀ ਜ਼ਿਲਾ ਪੁਲਸ

ਨਸ਼ਾ ਸਮੱਗਲਰ ਆਪਣੇ ਨਾਂ ’ਤੇ ਜਾਇਦਾਦ ਬਣਾਉਣ ਦੀ ਥਾਂ ਆਪਣੇ ਕਰੀਬੀ ਰਿਸ਼ਤੇਦਾਰਾਂ ਦੇ ਨਾਮ ’ਤੇ ਜਾਇਦਾਦ ਬਣਾ ਦੇ ਵਿਭਾਗ ਨੂੰ ਹਨੇਰੇ ਵਿਚ ਰੱਖਣ ਦਾ ਯਤਨ ਕਰਦੇ ਹਨ। ਜਿਸਨੂੰ ਰੋਕਣ ਲਈ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਦੇ ਉਨ੍ਹਾਂ ਰਿਸ਼ਤੇਦਾਰਾਂ ਜਿਨ੍ਹਾਂ ਆਪਣੀ ਆਮਦਨ ਦੇ ਸ੍ਰੋਤਾਂ ਤੋਂ ਵੱਧ ਦੀ ਸੰਪਤੀ ਇਕੱਠੀ ਕੀਤੀ ਹੈ, ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਨਸ਼ਾ ਸਮੱਗਲਰਾਂ ਦੀ ਪਾਈ ਗਈ ਤਾਂ ਉਹ ਵੀ ਜ਼ਬਤ ਕੀਤੀ ਜਾਵੇਗੀ।

ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਦੇ ਪੱਧਰ ਦੇ ਅਧਿਕਾਰੀਆਂ ਦੀ ਫਿਕਸ ਹੋਵੇਗੀ ਜ਼ਿੰਮੇਵਾਰੀ

ਪੁਲਸ ਸੂਤਰਾਂ ਦੇ ਅਨੁਸਾਰ ਖੇਤਰ ਵਿਚ ਵਿਕਣ ਵਾਲੇ ਨਸ਼ੇ ਦੀ ਜ਼ਿੰਮੇਵਾਰੀ ਸਬੰਧੀ ਥਾਣੇ ਦੇ ਐੱਸ.ਐੱਚ.ਓ. ਅਤੇ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਦੀ ਜ਼ਿੰਮੇਵਾਰੀ ਫਿਕਸ ਕਰਨ ਸਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਪੁਲਸ ਵੱਲੋਂ ਹਾਲ ਹੀ ਵਿਚ ਨਸ਼ਾ ਸਮੱਗਲਰਾਂ ਦੇ ਨਾਲ ਮਿਲੀਭੁਗਤ ਕਰ ਕੇ ਨਸ਼ੇ ਦਾ ਵਪਾਰ ਕਰਨ ਵਾਲੇ ਪੁਲਸ ਦੇ ਇਕ ਹੌਲਦਾਰ ਨੂੰ ਗ੍ਰਿਫਤਾਰ ਕਰ ਕੇ ਬਰਖਾਸਤ ਕਰ ਦਿੱਤਾ ਹੈ। ਐੱਸ.ਐੱਸ.ਪੀ. ਅਲਕਾ ਮੀਨਾ ਦਾ ਕਹਿਣਾ ਹੈ ਕਿ ਕਿਸੇ ਵੀ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਦੀ ਨਸ਼ਾ ਸਮੱਗਲਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋਡ਼ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਦੀ ਮਿਲੀਭੁਗਤ ਪਾਈ ਜਾਂਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Bharat Thapa

Content Editor

Related News