ਕਰਫਿਊ ਦੌਰਾਨ ਪੁਲਸ ਨੇ ਛਾਪਾ ਮਾਰ ਕੇ ਬਰਾਮਦ ਕੀਤੀ ਲੱਖਾਂ ਲਿਟਰ ਲਾਹਣ

04/08/2020 6:15:49 PM

ਫਿਲੌਰ (ਸ਼ੌਰੀ)— ਕਰਫਿਊ ਕਾਰਨ ਸ਼ਹਿਰ 'ਚ ਸ਼ਰਾਬ ਦੇ ਠੇਕੇ ਬੰਦ ਹੋਣ ਦਾ ਫਾਇਦਾ ਚੁੱਕ ਕੇ ਸਮੱਗਲਰਾਂ ਨੇ ਸਤਲੁਜ ਦਰਿਆ 'ਤੇ ਨਾਜਾਇਜ਼ ਸ਼ਰਾਬ ਕੱਢ ਕੇ ਦੇਸੀ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ। ਪੁਲਸ ਨੇ ਛਾਪੇਮਾਰੀ ਕਰਕੇ ਲੱਖਾਂ ਲਿਟਰ ਲਾਹਣ ਅਤੇ ਉਸ ਤੋਂ ਤਿਆਰ ਕੀਤੀ ਜਾਣ ਵਾਲੀ ਨਕਲੀ ਸ਼ਰਾਬ, ਭੱਠੀਆਂ, ਡਰੰਮ ਅਤੇ ਸਿਲੰਡਰ ਫੜ ਕੇ ਅਣਪਛਾਤੇ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।

ਡੀ. ਐੈੱਸ. ਪੀ. ਦਵਿੰਦਰ ਕੁਮਾਰ ਅੱਤਰੀ ਨੇ ਦੱਸਿਆ ਕਿ ਥਾਣਾ ਇੰਚਾਰਜ ਫਿਲੌਰ ਇੰਸਪੈਕਟਰ ਮੁਖਤਿਆਰ ਸਿੰਘ ਪੁਲਸ ਪਾਰਟੀ ਨਾਲ ਨਵਾਂਸ਼ਹਿਰ ਰੋਡ 'ਤੇ ਗਸ਼ਤ 'ਤੇ ਸਨ ਤਾਂ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਕੁੱਝ ਸਮੱਗਲਰ ਦਰਿਆ 'ਤੇ ਵੇਚਣ ਲਈ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਕੱਢਣ ਦਾ ਕਾਰੋਬਾਰ ਕਰ ਰਹੇ ਹਨ। ਜਦੋਂ ਉੱਥੇ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਸਮੱਗਲਰ ਭੱਜ ਗਏ। ਪੁਲਸ ਨੂੰ ਉੱਥੋਂ 1.19 ਲੱਖ ਲਿਟਰ ਲਾਹਣ, 120 ਲਿਟਰ ਨਾਜਾਇਜ਼ ਦੇਸੀ ਸ਼ਰਾਬ, 220 ਤਿਰਪਾਲਾਂ, 6 ਡਰੰਮ, 8 ਪਲਾਸਟਿਕ ਦੇ ਕੈਨ, ਇਕ ਗੈਸ ਸਿਲੰਡਰ ਅਤੇ ਇਕ ਚੁੱਲ੍ਹਾ ਬਰਾਮਦ ਹੋਇਆ। ਉਸ ਦੀ ਮਦਦ ਨਾਲ ਸਮੱਗਲਰ ਨਾਜਾਇਜ਼ ਸ਼ਰਾਬ ਕੱਢਦੇ ਸਨ।

ਠੀਕਰੀ ਪਹਿਰਾ ਦੇਣ ਵਾਲਿਆਂ ਨੇ ਆਪਣੇ ਕੋਲ ਹਥਿਆਰ ਰੱਖਿਆ ਤਾਂ ਹੋਵੇਗਾ ਮੁਕੱਦਮਾ ਦਰਜ : ਡਡੀ. ਐੈੱਸ. ਪੀ.
ਡੀ. ਐੈੱਸ. ਪੀ. ਦਵਿੰਦਰ ਅੱਤਰੀ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਬੀਮਾਰੀ ਤੋਂ ਬਚਣ ਅਤੇ ਇਸ ਦਾ ਫੈਲਾਅ ਰੋਕਣ ਲਈ ਉਨ੍ਹਾਂ ਨੂੰ ਘਰਾਂ 'ਚ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਇਸ ਸਬੰਧ 'ਚ ਉਹ ਪਿੰਡਾਂ ਦੀਆਂ ਪੰਚਾਇਤਾਂ ਦੀ ਮਦਦ ਵੀ ਲੈ ਰਹੇ ਹਨ, ਜਿਸ ਕਰ ਕੇ ਪਿੰਡ ਵਾਸੀ ਆਪਣੇ ਪੱਧਰ 'ਤੇ ਪਿੰਡ 'ਚ ਨਾਕਾ ਲਾ ਕੇ ਠੀਕਰੀ ਪਹਿਰੇ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਪਹਿਰੇਦਾਰ ਲੜਕੇ ਨੇ ਆਪਣੇ ਕੋਲ ਬੇਸਬਾਲ, ਲੋਹੇ ਦੀ ਰਾਡ ਅਤੇ ਕੋਈ ਤੇਜ਼ਧਾਰ ਹਥਿਆਰ ਰੱਖਿਆ ਤਾਂ ਉਸ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਜਾਵੇਗਾ।


shivani attri

Content Editor

Related News