ਪਿਮਸ ''ਚ ਚੱਲੀ ਡੂੰਘਾਈ ਨਾਲ ਚੈਕਿੰਗ, ਐੱਮ. ਸੀ. ਆਈ. ਦੀ ਟੀਮ ਨੇ ਕਬਜ਼ੇ ''ਚ ਲਿਆ ਰਿਕਾਰਡ
Thursday, Dec 12, 2019 - 11:46 AM (IST)

ਜਲੰਧਰ (ਜ.ਬ.)— ਪਿਮਸ 'ਤੇ ਮੈਡੀਕਲ ਕੌਂਸਲ ਆਫ ਇੰਡੀਆ (ਐੱਮ. ਸੀ. ਆਈ.) ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਦਿੱਲੀ ਤੋਂ ਆਈ ਕੌਂਸਲ ਦੀ ਟੀਮ ਵੱਲੋਂ ਪਿਮਸ 'ਚ ਦੂਜੇ ਦਿਨ ਵੀ ਡੂੰਘਾਈ ਨਾਲ ਚੈਕਿੰਗ ਕਰ ਕੇ ਰਿਕਾਰਡ ਖੰਗਾਲਿਆ ਗਿਆ ਅਤੇ ਸ਼ਾਮ ਤਕ ਵੱਡੇ ਪੱਧਰ 'ਤੇ ਰਿਕਾਰਡ ਨੂੰ ਕਬਜ਼ੇ 'ਚ ਲਿਆ ਗਿਆ। ਇਸ ਰਿਕਾਰਡ ਅਤੇ ਚੈਕਿੰਗ ਦੌਰਾਨ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਆਈ ਟੀਮ ਵਲੋਂ ਰਿਪੋਰਟ ਤਿਆਰ ਕਰ ਕੇ ਅੱਗੇ ਭੇਜੀ ਜਾਵੇਗੀ, ਜਿਸ ਤੋਂ ਬਾਅਦ ਪਿਮਸ ਪ੍ਰਸ਼ਾਸਨ ਨਾਲ ਜਵਾਬਦੇਹੀ ਕੀਤੀ ਜਾਵੇਗੀ।
ਐੱਮ. ਸੀ. ਆਈ. ਦੀ ਟੀਮ ਮੰਗਲਵਾਰ ਵਾਂਗ ਬੁੱਧਵਾਰ ਵੀ ਸਵੇਰੇ ਪਿਮਸ ਪਹੁੰਚੀ ਅਤੇ ਜਾਣਕਾਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਜਿਵੇਂ ਕਿ 'ਜਗ ਬਾਣੀ' ਵੱਲੋਂ ਬੁੱਧਵਾਰ ਦੀ ਅਖਬਾਰ 'ਚ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ, ਉਸੇ ਤਰ੍ਹਾਂ ਹੋਇਆ। ਐੱਮ. ਸੀ. ਆਈ. ਦੀ ਟੀਮ ਨੇ ਪਿਮਸ ਦੇ ਪਾਸਲਾ ਸਥਿਤ ਕਮਿਊਨਿਟੀ ਸੈਂਟਰ 'ਚ ਛਾਪਾ ਮਾਰਿਆ ਅਤੇ ਜ਼ਰੂਰੀ ਰਿਕਾਰਡ ਜ਼ਬਤ ਕੀਤਾ।
ਕਮਿਊਨਿਟੀ ਸੈਂਟਰ 'ਚ ਚੈਕਿੰਗ ਤੋਂ ਬਾਅਦ ਟੀਮ ਪਰਤ ਆਈ ਅਤੇ ਇਸ ਉਪਰੰਤ ਸ਼ਾਮ 6 ਵਜੇ ਤੱਕ ਪਿਮਸ ਵਿਚ ਹੀ ਰਹੀ ਅਤੇ ਰਿਕਾਰਡ ਇਕੱਠਾ ਕਰਨ ਤੋਂ ਬਾਅਦ ਟੀਮ ਪਰਤ ਗਈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋ ਦਿਨਾਂ ਦੀ ਚੈਕਿੰਗ ਵਿਚ ਐੱਮ. ਸੀ. ਆਈ. ਦੀ ਟੀਮ ਨੇ ਕਈ ਤਰ੍ਹਾਂ ਦੀਆਂ ਸਟੀਕ ਜਾਣਕਾਰੀਆਂ ਇਕੱਠੀਆਂ ਕੀਤੀਆਂ ਹਨ ਜਿਸ 'ਤੇ ਰਿਪੋਰਟ ਬਣਾਉਣ ਤੋਂ ਬਾਅਦ ਪਿਮਸ ਨਾਲ ਜਵਾਬ ਤਲਬੀ ਕੀਤੀ ਜਾਵੇਗੀ। ਇਸ ਪੂਰੇ ਘਟਨਾਚੱਕਰ 'ਚ ਨੋਟਿਸ ਭੇਜਣ ਦੀ ਪ੍ਰਕਿਰਿਆ ਨੂੰ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਪਿਛਲੀ ਵਾਰ ਵੀ ਐੱਮ. ਸੀ. ਆਈ. ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ ਮਰੀਜ਼ਾਂ ਦੇ ਸਬੰਧ ਵਿਚ ਕੁਝ ਜਾਣਕਾਰੀਆਂ ਹਾਸਲ ਕੀਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਲੈ ਕੇ ਇਸ ਵਾਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਜਾਣਕਾਰ ਦੱਸਦੇ ਹਨ ਕਿ ਛਾਪੇਮਾਰੀ ਕਿਸੇ ਸ਼ਿਕਾਇਤ ਦੇ ਆਧਾਰ 'ਤੇ ਹੋਈ ਹੈ। ਟੀਮ ਦੇ ਜਲੰਧਰ ਹੋਣ ਕਾਰਣ ਹਸਪਤਾਲ 'ਚ ਆਉਣ ਵਾਲੇ ਲੋਕਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ।
ਡਾਕਟਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਉੱਠ ਰਹੇ ਸਵਾਲ
ਪਿਮਸ 'ਚ ਕੰਮ ਕਰ ਰਹੇ ਡਾਕਟਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਜਾਣਕਾਰੀ ਮੁਤਾਬਕ ਐੱਸ. ਆਰ. (ਸੀਨੀਅਰ ਰੈਜ਼ੀਡੈਂਟ) ਦੀ ਘੱਟ ਤੋਂ ਘੱਟ ਉਮਰ 45 ਸਾਲ ਹੋਣੀ ਚਾਹੀਦੀ ਹੈ ਪਰ ਇਥੇ ਉਮਰ ਨੂੰ ਲੈ ਕੇ ਗੱਲਾਂ ਹੋ ਰਹੀਆਂ ਸਨ। ਜੇਕਰ ਇਸ 'ਚ ਕਿਸੇ ਤਰ੍ਹਾਂ ਦੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਇਹ ਆਉਣ ਵਾਲੇ ਦਿਨਾਂ 'ਚ ਚਰਚਾ ਦਾ ਵਿਸ਼ਾ ਬਣ ਸਕਦਾ ਹੈ। ਭਾਵੇਂ ਪਿਮਸ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਨਿਯਮਾਂ ਮੁਤਾਬਕ ਹੀ ਕੰਮ ਹੋ ਰਿਹਾ ਹੈ। ਕੁਝ ਲੋਕ ਬੇਵਜ੍ਹਾ ਝੂਠੀਆਂ ਗੱਲਾਂ ਫੈਲਾ ਰਹੇ ਹਨ। ਪਿਮਸ ਪ੍ਰਸ਼ਾਸਨ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਉਨ੍ਹਾਂ ਜੋ ਵੀ ਦਸਤਾਵੇਜ਼ ਮੰਗੇ, ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ। ਭਵਿੱਖ 'ਚ ਵੀ ਜੇਕਰ ਦਿੱਲੀ ਤੋਂ ਆਉਣ ਵਾਲੀ ਟੀਮ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਮੰਗੇਗੀ ਤਾਂ ਉਪਲਬਧ ਕਰਵਾਉਣ ਵਿਚ ਕੋਈ ਢਿੱਲ-ਮੱਠ ਨਹੀਂ ਵਰਤੀ ਜਾਵੇਗੀ।