ਫਗਵਾੜਾ ’ਚ ਗੰਦਾ ਪਾਣੀ ਪੀਣ ਨਾਲ ਫੈਲੀ ਗੈਸਟ੍ਰੋਇੰਟਰਾਈਟਸ ਬੀਮਾਰੀ, 46 ਲੋਕ ਬੀਮਾਰ

Wednesday, Oct 20, 2021 - 05:06 PM (IST)

ਫਗਵਾੜਾ ’ਚ ਗੰਦਾ ਪਾਣੀ ਪੀਣ ਨਾਲ ਫੈਲੀ ਗੈਸਟ੍ਰੋਇੰਟਰਾਈਟਸ ਬੀਮਾਰੀ, 46 ਲੋਕ ਬੀਮਾਰ

ਫਗਵਾੜਾ (ਜਲੋਟਾ)- ਫਗਵਾੜਾ ਦੇ ਮੁਹੱਲਾ ਸ਼ਾਮਨਗਰ, ਪੀਪਾਰੰਗੀ ਅਤੇ ਸ਼ਿਵਪੁਰੀ ਆਦਿ ਇਲਾਕਿਆਂ ’ਚ ਗੰਦੇ ਪਾਣੀ ਦੀ ਸਪਲਾਈ ਹੋਣ ਕਾਰਨ ਕਰੀਬ 46 ਲੋਕਾਂ ਦੇ ਬੀਮਾਰ ਹੋਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ’ਚੋਂ ਕਈ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਸਮੇਤ ਇਲਾਕੇ ਦੇ ਪ੍ਰਾਈਵੇਟ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ, ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਕੁਝ ਹੋਰ ਲੋਕ ਬੀਮਾਰ ਹੋਏ ਦੱਸੇ ਜਾ ਰਹੇ ਹਨ। ਬੀਮਾਰ ਹੋਏ ਲੋਕਾਂ ਨੂੰ ਉਲਟੀਆਂ-ਟੱਟੀਆਂ ਅਤੇ ਪੇਟ ’ਚ ਤੇਜ਼ ਦਰਦ ਸਮੇਤ ਬੁਖਾਰ ਹੋਣ ਦੀ ਸ਼ਿਕਾਇਤ ਹੈ।

ਮਿਲੀ ਜਾਣਕਾਰੀ ਮੁਤਾਬਕ ਕੁਝ ਮਰੀਜ਼ਾਂ ਨੂੰ ਇਲਾਜ ਲਈ ਵੱਡੇ ਹਸਪਤਾਲਾਂ ਨੂੰ ਵੀ ਰੈਫਰ ਕੀਤਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ’ਚ ਬਣੇ ਹੋਏ ਗੰਭੀਰ ਹਾਲਾਤ ਨੂੰ ਲੈ ਕੇ ਉਥੇ ਰਹਿ ਰਹੇ ਲੋਕਾਂ ’ਚ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਆਮ ਜਨਤਾ ਦਾ ਖੁੱਲ੍ਹਾ ਦੋਸ਼ ਹੈ ਕਿ ਉਨ੍ਹਾਂ ਦੇ ਖੇਤਰਾਂ ’ਚ ਬਣ ਰਹੇ ਗੰਭੀਰ ਹਾਲਾਤ ਦੇ ਬਾਵਜੂਦ ਉਨ੍ਹਾਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ ਹੈ ਅਤੇ ਉਹ ਲਗਾਤਾਰ ਗੰਦਾ ਪਾਣੀ ਹੀ ਪੀਂਦੇ ਰਹੇ ਹਨ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਸਿਵਲ ਹਸਪਤਾਲ ’ਚ ਡੇਂਗੂ ਬੁਖਾਰ ਹੋਣ ਤੋਂ ਬਾਅਦ 2 ਮਰੀਜ਼ਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸੇ ਦੌਰਾਨ ਮੁਹੱਲਾ ਸ਼ਾਮਨਗਰ, ਪੀਪਾਰੰਗੀ ਅਤੇ ਸ਼ਿਵਪੁਰੀ ਆਦਿ ਇਲਾਕਿਆਂ ’ਚ ਰਹਿੰਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਖੇਤਰਾਂ ’ਚ ਗੰਦੇ ਪਾਣੀ ਦੀ ਸਪਲਾਈ ਬੀਤੇ ਕਈ ਦਿਨਾਂ ਤੋਂ ਆ ਰਹੀ ਹੈ ਅਤੇ ਇਹੋ ਗੰਦਾ ਪਾਣੀ ਪੀਣ ਕਾਰਨ ਇਲਾਕੇ ਦੇ ਲੋਕ ਲਗਾਤਾਰ ਬੀਮਾਰ ਹੋ ਰਹੇ ਹਨ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸਰਕਾਰੀ ਪੱਧਰ ’ਤੇ ਹਾਲਾਤ ਖਰਾਬ ਹੋਣ ਦੇ ਬਾਵਜੂਦ ਕਿਸੇ ਨੇ ਸਾਰ ਨਹੀਂ ਲਈ ਹੈ ਅਤੇ ਹਾਲੇ ਵੀ ਗੰਦੇ ਪਾਣੀ ਦੀ ਸਪਲਾਈ ਜਾਰੀ ਹੈ। ਕੁਝ ਲੋਕਾਂ ਨੇ ਕਿਹਾ ਕਿ ਉਹ ਗਰੀਬ ਹਨ ਅਤੇ ਮਜਬੂਰੀ ’ਚ ਉਨ੍ਹਾਂ ਨੂੰ ਗੰਦਾ ਪਾਣੀ ਪੀਣਾ ਪਿਆ ਕਿਉਂਕਿ ਉਨ੍ਹਾਂ ਕੋਲ ਅਜਿਹਾ ਜੇ ਕੋਈ ਸਾਧਨ ਨਹੀਂ ਹੈ, ਜਿਸ ਦੀ ਵਰਤੋਂ ਕਰਦੇ ਹੋਏ ਉਹ ਸਾਫ਼-ਸੁਥਰਾ ਪਾਣੀ ਪੀ ਸਕਣ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ 'ਤੇ ਭਖੀ ਸਿਆਸਤ, ਜਾਣੋ ਕੀ ਬੋਲੇ ਸੁਖਦੇਵ ਸਿੰਘ ਢੀਂਡਸਾ

ਫਗਵਾੜਾ ਸਿਵਲ ਹਸਪਤਾਲ ’ਚ 21 ਤੇ ਪ੍ਰਾਈਵੇਟ ਹਸਪਤਾਲਾਂ ’ਚ 23 ਬੀਮਾਰ ਲੋਕ ਕਰਵਾ ਰਹੇ ਨੇ ਇਲਾਜ
ਸਿਵਲ ਹਸਪਤਾਲ ਫਗਵਾੜਾ ਦੇ ਐੱਸ. ਐੱਮ. ਓ. ਡਾ. ਲੈਂਬਰ ਰਾਮ ਨੇ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ ਪੀਪਾਰੰਗੀ, ਸ਼ਾਮਨਗਰ, ਸ਼ਿਵਪੁਰੀ ਆਦਿ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਗੰਦਾ ਪਾਣੀ ਪੀਣ ਕਾਰਨ ਗੈਸਟ੍ਰੋਇੰਟਰਾਈਟਸ ਬੀਮਾਰੀ ਫੈਲੀ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ 23 ਬੀਮਾਰ ਲੋਕਾਂ ਨੂੰ, ਜਿਨ੍ਹਾਂ ’ਚੋਂ 12 ਪੁਰਸ਼ ਅਤੇ 11 ਔਰਤਾਂ ਸ਼ਾਮਲ ਹਨ, ਨੂੰ ਇਲਾਜ ਲਈ ਲਿਆਂਦਾ ਗਿਆ ਹੈ, ਜਿਨ੍ਹਾਂ ’ਚੋਂ 2 ਪੀਡ਼ਤਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਅਗੇਤੇ ਇਲਾਜ ਲਈ ਅੱਗੇ ਵੱਡੇ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ 21 ਬੀਮਾਰ ਲੋਕ ਸਿਵਲ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ। ਇਸੇ ਤਰ੍ਹਾਂ ਕਰੀਬ 23 ਹੋਰ ਲੋਕ ਇਥੇ ਦੇ ਪ੍ਰਾਈਵੇਟ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਆਪ੍ਰੇਸ਼ਨ ਕਰਨ ਲਈ ਭੇਜ ਦਿੱਤਾ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ।

ਗੰਦੇ ਪਾਣੀ ਦੀ ਸਮੱਸਿਆ ਦਾ ਹੋਵੇਗਾ ਪੱਕਾ ਹੱਲ : ਐੱਸ. ਡੀ. ਓ. ਚੌਟਾਨੀ
ਸੀਵਰੇਜ ਬੋਰਡ ਦੇ ਐੱਸ. ਡੀ. ਓ. ਪ੍ਰਦੀਪ ਚੌਟਾਨੀ ਨੇ ਕਿਹਾ ਹੈ, ਜਿਨ੍ਹਾਂ ਖੇਤਰਾਂ ’ਚ ਗੰਦੇ ਪਾਣੀ ਦੀ ਸਮੱਸਿਆ ਹੋਵੇਗੀ, ਉਥੇ ਇਸ ਦਾ ਪੱਕੇ ਤੌਰ ’ਤੇ ਹਰ ਉਪਰਾਲਾ ਕਰਦੇ ਹੋਏ ਸਰਕਾਰੀ ਪੱਧਰ ’ਤੇ ਹੱਲ ਕੀਤਾ ਜਾਵੇਗਾ। ਇਸ ਨੂੰ ਲੈ ਕੇ ਸੀਵਰੇਜ ਬੋਰਡ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਇਹ ਲੋਕ ਸਮੱਸਿਆ ਜਲਦ ਹੱਲ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ

ਸਿਵਲ ਹਸਪਤਾਲ ਦਾ ਵਿਧਾਇਕ ਧਾਲੀਵਾਲ ਨੇ ਕੀਤਾ ਦੌਰਾ
ਫਗਵਾੜਾ ਦੇ ਸ਼ਾਮਨਗਰ, ਪੀਪਾਰੰਗੀ, ਸ਼ਿਵਪੁਰੀ ਆਦਿ ਇਲਾਕਿਆਂ ’ਚ ਗੰਦਾ ਪਾਣੀ ਪੀਣ ਤੋਂ ਬਾਅਦ ਬੀਮਾਰ ਹੋਏ ਕਰੀਬ 4 ਦਰਜਨ ਲੋਕਾਂ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਿਵਲ ਹਸਪਤਾਲ ਪੁੱਜੇ, ਇਥੇ ਬੀਮਾਰ ਹੋਏ ਲੋਕਾਂ ਦਾ ਹਾਲ-ਚਾਲ ਪੁੱਛਿਆ ਅਤੇ ਮੌਕੇ ’ਤੇ ਹੀ ਐੱਸ. ਐੱਮ. ਓ. ਡਾ. ਲੈਂਬਰ ਰਾਮ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਹ ਪੱਕਾ ਕਰਨ ਕਿ ਹਸਪਤਾਲ ’ਚ ਆਉਣ ਵਾਲੇ ਸਾਰੇ ਬੀਮਾਰ ਲੋਕਾਂ ਦਾ ਹਰ ਪੱਖੋਂ ਵਧੀਆ ਇਲਾਜ ਹੋਵੇ। ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਨਗਰ ਨਿਗਮ ਫਗਵਾੜਾ ਸਮੇਤ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਰਕਾਰੀ ਪੱਧਰ ’ਤੇ ਹੁਕਮ ਜਾਰੀ ਕੀਤੇ ਹਨ ਕਿ ਉਹ ਹਾਲਾਤ ਦੀ ਗੰਭੀਰਤਾ ਮੁਤਾਬਕ ਪ੍ਰਭਾਵਿਤ ਖੇਤਰਾਂ ’ਚ ਲੋਕਾਂ ਦੀ ਪੂਰੀ ਤਰ੍ਹਾਂ ਮਦਦ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸਬੰਧਤ ਇਲਾਕਿਆਂ ’ਚ ਆਮ ਜਨਤਾ ਨੂੰ ਸਾਫ-ਸੁਥਰਾ ਪਾਣੀ ਹੀ ਪੀਣ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ, ਸੰਜੀਵ ਬੁੱਗਾ ਆਦਿ ਹੋਰ ਪਤਵੰਤੇ ਹਾਜ਼ਰ ਸਨ।

PunjabKesari

‘ਸਾਬਕਾ ਮੇਅਰ ਨੇ ਲਾਏ ਗੰਭੀਰ ਦੋਸ਼, ਪੁੱਛਿਆ ਹੁਣ ਇਨ੍ਹਾਂ ਹਾਲਾਤ ਲਈ ਕੌਣ ਜ਼ਿੰਮੇਵਾਰ’
ਫਗਵਾੜਾ ਦੇ ਮੁਹੱਲਾ ਸ਼ਾਮਨਗਰ ਅਤੇ ਪੀਪਾਰੰਗੀ ’ਚ ਪੀਣ ਵਾਲੇ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਕਰੀਬ 4 ਦਰਜਨ ਲੋਕਾਂ ਦੇ ਬੀਮਾਰ ਹੋਣ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਸਿਵਿਲ ਹਸਪਤਾਲ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਪੁੱਛਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਕਾਰਪੋਰੇਸ਼ਨ ਫਗਵਾੜਾ ਅਤੇ ਸਿਹਤ ਵਿਭਾਗ ਨੂੰ ਖਬਰਦਾਰ ਕਰ ਰਹੇ ਹਨ ਕਿ ਸ਼ਹਿਰ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਪਲਾਈ ਸੁਚਾਰੂ ਨਹੀਂ ਹੈ। ਹਰ ਤਰਫ ਗੰਦਗੀ ਦੇ ਢੇਰ ਹਨ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣੀ ਅਤੇ ਨਤੀਜਾ ਸਾਰਿਆਂ ਦੇ ਸਾਹਮਣੇ ਹੈ। ਸਾਬਕਾ ਮੇਅਰ ਨੇ ਕਿਹਾ ਕਿ ਸ਼ਹਿਰ ਵਿਚ ਮੱਛਰ ਮਾਰ ਦਵਾਈ ਦਾ ਛਿੜਕਾਅ ਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਫਰਜ਼ ਸੀ ਕਿ ਜੇਕਰ ਨਿਗਮ ਕਮਿਸ਼ਨਰ ਨਹੀਂ ਹਨ ਤਾਂ ਕਾਰਪੋਰੇਸ਼ਨ ਅਤੇ ਸਿਹਤ ਮਹਿਕਮੇ ਨੂੰ ਜ਼ਰੂਰੀ ਕਦਮ ਚੁੱਕਣ ਲਈ ਹਦਾਇਤ ਕਰਦੇ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਗਿਣਤੀ ’ਚ ਮਰੀਜ਼ਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਮੰਗਲਵਾਰ ਸ਼ਾਮ ਤੱਕ ਸਿਹਤ ਵਿਭਾਗ ਦਾ ਕੋਈ ਅਧਿਕਾਰੀ ਪਾਣੀ ਦਾ ਸੈਂਪਲ ਲੈਣ ਤੱਕ ਸ਼ਾਮਨਗਰ, ਪੀਪਾਰੰਗੀ ਮੁਹੱਲਿਆਂ ’ਚ ਨਹੀਂ ਗਿਆ। ਨਾ ਹੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਫ਼ ਪਾਣੀ ਦੀ ਸਪਲਾਈ ਨਾ ਹੋਣ ਦੀ ਕੀ ਵਜ੍ਹਾ ਹੈ। ਖੋਸਲਾ ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਵਿਚ ਡੇਂਗੂ ਦਾ ਪ੍ਰਕੋਪ ਬੇਕਾਬੂ ਹੋਣ ਦੀ ਪੂਰੀ ਸੰਭਾਵਨਾ ਹੈ, ਜਿਸ ਦੀ ਜ਼ਿੰਮੇਵਾਰੀ ਹਲਕਾ ਵਿਧਾਇਕ ਅਤੇ ਸੂਬਾ ਸਰਕਾਰ ਦੀ ਹੋਵੇਗੀ।

ਇਹ ਵੀ ਪੜ੍ਹੋ: ਚੱਬੇਵਾਲ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨਣਾਨ-ਭਰਜਾਈ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News