ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਫੂਕੀ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ

Monday, Sep 10, 2018 - 01:42 AM (IST)

ਹੁਸ਼ਿਆਰਪੁਰ,  (ਘੁੰਮਣ)-  ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਤੇਲ ਕੰਪਨੀਆਂ ਦੇ ਮਾਲਕਾਂ ਨੂੰ  ਫਾਇਦਾ ਪਹੁੰਚਾਉਣ ਲਈ ਪੈਟਰੋਲੀਅਮ  ਪਦਾਰਥਾਂ  ਦੀ ਕੀਮਤ ਤੋਂ ਵੱਧ ਉਨ੍ਹਾਂ ’ਤੇ ਟੈਕਸ ਲਾ ਕੇ ਦੇਸ਼ ਦੇ ਲੋਕਾਂ ਦਾ ਕਚੂੰਮਰ  ਕੱਢਿਆ ਜਾ ਰਿਹਾ ਹੈ।  ਪੈਟਰੋਲ  ਤੇ  ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ। ਕੁਝ ਦੇਸ਼ ਭਾਰਤ ਕੋਲੋਂ ਪੈਟਰੋਲੀਅਮ  ਪਦਾਰਥ ਖਰੀਦ ਕੇ ਮੁਨਾਫਾ ਕਮਾਉਣ ਉਪਰੰਤ ਭਾਰਤ ਨਾਲੋਂ ਵੀ ਘੱਟ ਕੀਮਤ ’ਤੇ ਆਪਣੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਵੇਚ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਮੋਦੀ  ਸਰਕਾਰ ਆਮ ਲੋਕਾਂ ਲਈ ਨਹੀਂ, ਸਗੋਂ ਦੇਸ਼ ਅਤੇ ਲੋਕਾਂ ਨੂੰ ਲੁੱਟਣ ਵਾਲੇ ਸਰਮਾਏਦਾਰਾਂ ਲਈ  ਬਹੁਤ ਈਮਾਨਦਾਰੀ ਨਾਲ ਕੰਮ ਕਰ ਰਹੀ ਹੈ। 
ਉਕਤ ਵਿਚਾਰ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਵੱਲੋਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਦੀਆਂ ਬੇਤਹਾਸ਼ਾ ਵਧਾਈਆਂ ਜਾ ਰਹੀਆਂ ਕੀਮਤਾਂ ਵਿਰੁੱਧ ਉਲੀਕੇ ਗਏ ਸੰਘਰਸ਼ ਤਹਿਤ ਤਹਿਸੀਲ ਕਮੇਟੀ ਹੁਸ਼ਿਆਰਪੁਰ ਵੱਲੋਂ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਕੀਤੀ ਗਈ ਇਕ ਰੋਸ ਰੈਲੀ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਉੱਘੇ ਟਰੇਡ ਯੂਨੀਅਨ ਆਗੂ ਮਾਸਟਰ ਹਰਕੰਵਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚੋਣਾਂ ਮੌਕੇ ਕੀਤੇ ਸਾਰੇ ਵਾਅਦਿਆਂ ਦੀ ਫੂਕ ਨਿਕਲਦੀ ਜਾ ਰਹੀ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨ ਦਾ ਵਾਅਦਾ ਵੀ ਚੋਣ ਜੁਮਲਾ ਹੀ ਸਾਬਤ ਹੋਇਆ ਹੈ। 
ਬੁਲਾਰਿਆਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ, ਬੇਰੋਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਆਦਿ ਮੁੱਦਿਆਂ ਨੂੰ ਲੈ ਕੇ ਕੇਂਦਰ ਅਤੇ ਸੂਬੇ ਦੀ ਸਰਕਾਰ ਵਿਰੁੱਧ ਲੋਕਾਂ ਨੂੰ ਵੱਡਾ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਰੈਲੀ ਉਪਰੰਤ ਮਾਰਚ ਕੱਢ ਕੇ ਬੱਸ ਸਟੈਂਡ ਚੌਕ ਵਿਚ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਤੀਸ਼ ਰਾਣਾ, ਦਵਿੰਦਰ ਸਿੰਘ ਕੱਕੋਂ, ਸੋਹਣ ਸਿੰਘ ਭੂੰਨੋ, ਮਨਜੀਤ ਸਿੰਘ ਸੈਣੀ,  ਇੰਦਰਜੀਤ ਵਿਰਦੀ, ਗੁਰਦੇਵ ਦੱਤ, ਡਾ. ਤਰਲੋਚਨ ਸਿੰਘ, ਸੁਨੀਲ ਸ਼ਰਮਾ, ਮਲਕੀਤ ਸਿੰਘ ਸਲੇਮਪੁਰ, ਭੈਣ ਬਿਮਲਾ ਦੇਵੀ, ਬਲਵਿੰਦਰ ਸਿੰਘ ਗਿੱਲ, ਮਨਜੀਤ ਸਿੰਘ ਬਾਜਵਾ, ਅਮਰਜੀਤ ਗਰੋਵਰ, ਸਰਬਣ ਸਿੰਘ ਨੂਰਪੁਰ, ਰਾਕੇਸ਼ ਕੁਮਾਰ ਮਹਿਲਾਂਵਾਲੀ, ਬਲਵੀਰ ਸਿੰਘ ਸੈਣੀ, ਗੁਰਚਰਨ ਸਿੰਘ, ਸੋਹਣ ਸਿੰਘ ਸਲੇਮਪੁਰ, ਦਵਿੰਦਰ ਧਨੋਤਾ, ਰਾਮ ਚੰਦਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।  
ਮਾਹਿਲਪੁਰ, (ਮੁੱਗੋਵਾਲ)-ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀਆਂ ਕੀਮਤਾਂ ’ਚ ਹੋ ਰਹੇ ਲਗਾਤਾਰ ਵਾਧੇ ਦੇ ਵਿਰੋਧ ’ਚ ਅੱਜ ਜੇ. ਪੀ. ਐੱਮ. ਓ. ਬਲਾਕ ਮਾਹਿਲਪੁਰ ਵੱਲੋਂ ਪ੍ਰਿੰ. ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਮਾਹਿਲਪੁਰ ਸ਼ਹਿਰ ’ਚ ਰੈਲੀ ਕੱਢੀ ਗਈ ਉਪਰੰਤ ਮੇਨ ਚੌਕ ’ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ  ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿ ਅੰਤਰ ਰਾਸ਼ਟਰੀ ਬਾਜ਼ਾਰ ਅੰਦਰ ਤੇਲ ਦੀਆਂ ਕੀਮਤਾਂ ਲਗਾਤਾਰ ਘਟਣ ਦੇ ਬਾਵਜੂਦ ਦੇਸ਼ ਅੰਦਰ ਤੇਲ ਦੀਆਂ ਕੀਮਤਾਂ ’ਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਵੱਧ ਰਹੀ ਮਹਿੰਗਾਈ ਕਾਰਨ ਲੋਕਾਂ ਦੀ ਅੰਨੀ ਲੁੱਟ ਹੋ ਰਹੀ ਹੈ ਤੇ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਕਾਰਨ ਗਰੀਬ ਲੋਕ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਰਿਪੋਰਟਾਂ ਇਹ ਦੱਸ ਰਹੀਆਂ ਹਨ ਕਿ ਹੋਰਨਾਂ ਦੇਸ਼ਾਂ ਨੂੰ ਘੱਟ ਕੀਮਤ ’ਤੇ ਤੇਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ  ਨੂੰ ਜੀ.ਐੱਸ.ਟੀ. ਤੋਂ ਬਾਹਰ ਰੱਖ  ਕੇ ਸਰਕਾਰਾਂ ਨੇ ਜਨਤਾਂ ਨੂੰ ਧੋਖੇ ’ਚ ਰੱਖ ਆਪਣੀ ਲੁੱਟ ਦੀ ਆਮਦਨ ਦਾ ਸਾਧਨ ਬਣਾਇਆ ਹੈ।  
ਇਸ ਮੌਕੇ ਪੈਨਸ਼ਨਰਜ਼ ਆਗੂ ਪ੍ਰਿੰ. ਪਿਆਰਾ ਸਿੰਘ, ਸਤਪਾਲ, ਗਿਆਨ ਚੰਦ ਬਾਡ਼ੀਆਂ, ਮੱਖਣ ਸਿੰਘ ਲੰਗੇਰੀ, ਬਲਵੀਰ ਸਿੰਘ, ਮੁੱਖਤਿਆਰ ਸਿੰਘ, ਜਗਤਾਰ ਬਾਹੋਵਾਲ, ਮਾ. ਸੁਖਦੇਵ ਸਿੰਘ, ਅਮਰਜੀਤ, ਨੰਬਰਦਾਰ ਮਹਿੰਦਰ ਪਾਲ ਖਾਨਪੁਰ, ਪਰਮਜੀਤ ਸਿੰਘ, ਮਾ ਹਰੀ ਨਰਾਇਣ, ਅਮਰਜੀਤ ਸਿੰਘ, ਸਰਪੰਚ ਸੰਤੋਖ ਦਾਸ ਖਾਨਪੁਰ, ਨਰਿੰਦਰ ਮਹਿਰਮ, ਕਮਲਜੀਤ ਕੌਰ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।


Related News