ਢਿੱਲਵਾਂ ਰੋਡ ਨਾ ਬਣਾਉਣ ''ਤੇ ਪੀ. ਡਬਲਿਊ. ਡੀ. ਖ਼ਿਲਾਫ਼ ਦਿੱਤਾ ਗਿਆ ਧਰਨਾ

Friday, Jul 03, 2020 - 04:22 PM (IST)

ਢਿੱਲਵਾਂ ਰੋਡ ਨਾ ਬਣਾਉਣ ''ਤੇ ਪੀ. ਡਬਲਿਊ. ਡੀ. ਖ਼ਿਲਾਫ਼ ਦਿੱਤਾ ਗਿਆ ਧਰਨਾ

ਜਲੰਧਰ (ਮਹੇਸ਼, ਸੋਨੂੰ)— ਢਿੱਲਵਾਂ ਰੋਡ ਨਾ ਬਣਾਉਣ ਨੂੰ ਲੈ ਕੇ ਬੀਤੇ ਦਿਨ ਨਗਰ ਨਿਗਮ ਦੇ ਵਾਰਡ ਨੰ. 10 ਦੇ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਦੀ ਅਗਵਾਈ 'ਚ ਢਿੱਲਵਾਂ ਚੌਕ ਦੇ ਨੇੜੇ ਪੀ. ਡਬਲਿਊ. ਡੀ. ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੜਕਤੀ ਧੁੱਪ ਅਤੇ ਗਰਮੀ ਹੋਣ ਦੇ ਬਾਵਜੂਦ ਵੀ ਲੋਕ ਇਸ ਧਰਨੇ 'ਚ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਕੌਂਸਲਰ ਜੱਸਲ ਨੇ ਤਿੰਨ ਦਿਨ ਪਹਿਲਾਂ ਪੀ. ਡਬਲਿਊੂ. ਡੀ. ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਬੁੱਧਵਾਰ ਤਕ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਸਮਰਥਕਾਂ ਨਾਲ ਧਰਨਾ ਦੇਣਗੇ। ਉਸ ਸਬੰਧੀ ਧਰਨਾ ਦਿੱਤਾ ਗਿਆ। ਇਸ ਦੌਰਾਨ ਨਗਰ ਨਿਗਮ ਦੀ ਤੀਜੀ ਵਾਰ ਕੌਂਸਲਰ ਬਣੀ ਬਿਮਲਾ ਰਾਣੀ ਦੇ ਪਤੀ ਕਾਂਗਰਸੀ ਨੇਤਾ ਵਿਜੇ ਕੁਮਾਰ ਦਕੋਹਾ, ਕਾਂਗਰਸ ਦੇ ਰਾਮਾ ਮੰਡੀ ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ, ਓ. ਬੀ. ਸੀ. ਦੇ ਜ਼ਿਲਾ ਚੇਅਰਮੈਨ ਤਿਰਲੋਕ ਸਿੰਘ ਸਰਾਂ, ਪਰਗਟ ਸਿੰਘ ਸੰਧੂ, ਆਸ਼ੂ ਡਾ. ਜੀ. ਐੱਸ. ਘੁੰਮਣ, ਜਸਵੰਤ ਸਿੰਘ ਬਾਂਸਲ ਆਦਿ ਮੁੱਖ ਤੌਰ 'ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦੇ ਹੋਏ ਕੌਂਸਲਰ ਜੱਸਲ ਨੇ ਕਿਹਾ ਕਿ ਢਿੱਲਵਾਂ ਚੌਕ ਨੂੰ ਲੈ ਕੇ ਢਿੱਲਵਾਂ ਰੇਲਵੇ ਫਾਟਕ ਤੱਕ ਰੋਡ ਦੀ ਹਾਲਤ ਬਹੁਤ ਹੀ ਤਰਸਯੋਗ ਹੋਣ ਦੇ ਕਾਰਣ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਇਸ ਸੜਕ ਨੂੰ ਬਣਾਉਣ ਦੀ ਜ਼ਿੰਮੇਵਾਰੀ ਪੀ. ਡਬਲਿਊ. ਡੀ. ਦੀ ਹੈ। ਇੰਨਾ ਹੀ ਨਹੀਂ ਸੜਕ ਦੇ ਪੈਚਵਰਕ ਸੰਬੰਧੀ ਵਿਭਾਗ ਨੂੰ ਐਸਟੀਮੇਟ ਵੀ ਦਿੱਤਾ ਜਾ ਚੁੱਕਾ ਹੈ ਪਰ ਮਹਿਕਮੇ ਵੱਲੋਂ ਵੀ ਕੋਈ ਵੀ ਸੁਣਵਾਈ ਨਾ ਕੀਤੇ ਜਾਣ ਦੇ ਕਾਰਨ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਪੂਰਾ ਦਿਨ ਇਸ ਸੜਕ 'ਤੇ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ, ਜਿਸ ਕਾਰਣ ਇਸ ਨੂੰ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਵਿਜੇ ਕੁਮਾਰ ਦਕੋਹਾ ਕਾਂਗਰਸੀ ਨੇਤਾ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਉਨ੍ਹਾਂ ਦੀ ਆਪਣੀ ਪਾਰਟੀ ਦੀ ਸੂਬੇ ਵਿਚ ਸਰਕਾਰ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀਆਂ ਖ਼ਿਲਾਫ਼ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

PunjabKesari

ਫੋਰਸ ਨਾਲ ਪੁੱਜੇ ਏ. ਸੀ. ਪੀ. ਛੇਤਰਾ
ਢਿੱਲਵਾਂ ਚੌਕ ਨੇੜੇ ਦਿੱਤੇ ਧਰਨੇ ਦੀ ਸੂਚਨਾ ਮਿਲਦੇ ਹੀ ਪੀ. ਪੀ. ਐੱਸ. ਅਧਿਕਾਰੀ ਹਰਸਿਮਰਤ ਸਿੰਘ ਛੇਤਰਾ ਏ. ਸੀ. ਪੀ. ਸੈਂਟਰਲ ਭਾਰੀ ਗਿਣਤੀ 'ਚ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ। ਐੱਸ. ਐੱਚ. ਓ. ਰਾਮਾ ਮੰਡੀ ਸੁਲੱਖਣ ਸਿੰਘ ਬਾਜਵਾ ਅਤੇ ਦਕੋਹਾ (ਨੰਗਲ ਸ਼ਾਮਾ) ਚੌਕੀ ਮੁਖੀ ਵਿਕਟਰ ਮਸੀਹ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜ਼ਿਆਦਾ ਭੀੜ ਨਾ ਇਕੱਠੀ ਨਾ ਹੋਵੇ ਇਸ ਦਾ ਵੀ ਪੁਲਸ ਮੁਲਾਜ਼ਮਾਂ ਨੇ ਪੂਰਾ ਧਿਆਨ ਰੱਖਿਆ।

ਸ਼ੁੱਕਰਵਾਰ ਨੂੰ ਸ਼ੁਰੂ ਹੋ ਜਾਵੇਗਾ ਕੰਮ : ਡਾ. ਜੈਇੰਦਰ ਸਿੰਘ
ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਨਾਲ ਗੱਲ ਕਰਣ ਦੇ ਬਾਅਦ ਮੌਕੇ 'ਤੇ ਪੁੱਜੇ ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ ਨੇ ਧਰਨੇ ਦੀ ਅਗਵਾਈ ਕਰ ਰਹੇ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਨੂੰ ਭਰੋਸਾ ਦਿੱਤਾ ਕਿ ਸ਼ੁੱਕਰਵਾਰ ਨੂੰ ਸਵੇਰੇ ਢਿੱਲਵਾਂ ਰੋਡ 'ਤੇ ਰਿਪੇਅਰ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਫਿਲਹਾਲ ਪੈਚਵਰਕ ਕੀਤੇ ਜਾਣਗੇ। ਅਗਲੇ ਇਕ ਮਹੀਨੇ ਦੇ ਬਾਅਦ ਰੋਡ ਨੂੰ ਨਵੇਂ ਰੂਪ 'ਚ ਬਣਾਉਣ ਲਈ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਐੱਸ. ਡੀ. ਐੱਮ. ਦੇ ਭਰੋਸੇ ਦੇ ਬਾਅਦ ਮਨਦੀਪ ਕੁਮਾਰ ਜੱਸਲ ਨੇ ਧਰਨੇ ਨੂੰ ਸਮਾਪਤ ਕਰ ਦਿੱਤਾ।

PunjabKesari

ਕਾਂਗਰਸੀਆਂ ਨੂੰ ਸਰਕਾਰ ਅਤੇ ਵਿਧਾਇਕ ਖਿਲਾਫ ਲਾਉਣੇ ਚਾਹੀਦੇ ਧਰਨੇ : ਬਲਬੀਰ ਬਿੱਟੂ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਨਗਰ ਨਿਗਮ 'ਚ 10 ਸਾਲ ਕੌਂਸਲਰ ਰਹੇ ਬਲਬੀਰ ਸਿੰਘ ਬਿੱਟੂ ਨੇ ਕਾਂਗਰਸੀਆਂ ਵੱਲੋਂ ਢਿੱਲਵਾਂ ਰੋਡ ਨੂੰ ਲੈ ਕੇ ਪੀ. ਡਬਲਿਊ. ਡੀ. ਖ਼ਿਲਾਫ਼ ਦਿੱਤੇ ਗਏ ਧਰਨੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਢਿੱਲਵਾਂ ਰੋਡ ਨੂੰ ਬਣਾਉਣ ਦੀ ਜ਼ਿੰਮੇਵਾਰੀ ਪੀ. ਡਬਲਿਊ. ਡੀ. ਦੀ ਨਹੀਂ ਸਗੋਂ ਹਲਕੇ ਦੇ ਵਿਧਾਇਕ ਰਾਜਿੰਦਰ ਬੇਰੀ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰਾਜਿੰਦਰ ਬੇਰੀ ਨੂੰ ਚਾਹੀਦਾ ਹੈ ਕਿ ਸੜਕ ਦੀ ਰਿਪੇਅਰ ਕਰਵਾਉਣ ਦੀ ਬਜਾਏ, ਇਸ ਦਾ ਨਵਾਂ ਨਿਰਮਾਣ ਕਰਵਾਉਣ ਤਾਂ ਕਿ ਇਥੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਕਾਂਗਰਸੀਆਂ ਦਾ ਧਰਨਾ ਸਾਫ ਸਪੱਸ਼ਟ ਕਰ ਰਿਹਾ ਹੈ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰ ਵਿਚ ਉਨ੍ਹਾਂ ਦੇ ਨੇਤਾ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀ. ਡਬਲਯੂ. ਡੀ. ਨੂੰ ਤਾਂ ਸਰਕਾਰ ਅਤੇ ਹਲਕੇ ਦੇ ਵਿਧਾਇਕ ਵੱਲੋਂ ਪੈਸੇ ਦਿੱਤੇ ਜਾਂਦੇ ਹਨ ਤਾਂ ਹੀ ਉਹ ਕੰਮ ਸ਼ੁਰੂ ਕਰਦੇ ਹਨ। ਉਨ੍ਹਾਂ ਨੂੰ ਜੇਕਰ ਪੈਸੇ ਹੀ ਨਹੀਂ ਆਉਣਗੇ ਤਾਂ ਉਹ ਕੰਮ ਕਿਥੋਂ ਸ਼ੁਰੂ ਕਰਵਾਉਣਗੇ। 2 ਵਾਰ ਕੌਂਸਲਰ ਰਹੇ ਪਾਰਟੀ ਦੇ ਬਲਾਕ ਰਾਮਾ ਮੰਡੀ ਤੋਂ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸੀਆਂ ਨੇ ਧਰਨਾ ਦੇ ਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਆਦਿ ਨੂੰ ਵੀ ਸਰਕਾਰ ਤੋਂ ਫੰਡ ਜਾਰੀ ਕਰਵਾ ਕੇ ਇਹ ਕੰਮ ਸ਼ੁਰੂ ਕਰਵਾਇਆ ਜਾ ਸਕਦਾ ਸੀ।


author

shivani attri

Content Editor

Related News