ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਲਈ ਐੱਸ. ਐੱਸ. ਪੀ. ਦਫਤਰ ਦਾ ਘਿਰਾਓ

01/23/2020 6:20:05 PM

ਨਵਾਂਸ਼ਹਿਰ/ਗੜ੍ਹਸ਼ੰਕਰ (ਤ੍ਰਿਪਾਠੀ)— ਥਾਣਾ ਪੋਜੇਵਾਲ ਦੇ ਪਿੰਡ ਬੇਗਮਪੁਰ ਦੇ ਇਕ ਨੌਜਵਾਨ ਦੇ ਸ਼ੱਕੀ ਹਾਲਾਤ 'ਚ ਮਿਲੀ ਲਾਸ਼ ਦੇ ਮਾਮਲੇ 'ਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਅੱਜ ਸਵੇਰੇ ਐੱਸ. ਐੱਸ. ਪੀ. ਦਫਤਰ ਦਾ ਘਿਰਾਓ ਕਰਕੇ ਉਕਤ ਮਾਮਲੇ ਨੂੰ ਹੱਤਿਆ ਦਾ ਮਾਮਲਾ ਦੱਸਦੇ ਹੋਏ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨੌਜਵਾਨ ਦੀ ਮੌਤ 'ਤੇ ਮ੍ਰਿਤਕ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਸ਼ਿਵਾ (24) ਦੀ ਉਨ੍ਹਾਂ ਦੇ ਗੁਆਂਢ 'ਚ ਹੀ ਰਹਿਣ ਵਾਲੀ ਇਕ ਲੜਕੀ ਨਾਲ ਪਿਛਲੇ 3-4 ਸਾਲਾਂ ਤੋਂ ਦੋਸਤੀ ਸੀ। ਉਕਤ ਦੋਸਤੀ ਤੋਂ ਖਫਾ ਲੜਕੀ ਦੇ ਪਰਿਵਾਰ ਵਾਲਿਆਂ ਨੇ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਆ ਕੇ ਮੇਰੀ ਪਤਨੀ 'ਤੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਰੋਟੀਆਂ ਬਣਾ ਰਹੀ ਸੀ।

ਉਸ ਨੇ ਦੱਸਿਆ ਕਿ ਘਰ ਵਿਚ ਦਾਖਲ ਹੋਏ ਹਮਲਾਵਾਰ ਨੌਜਵਾਨਾਂ ਨੇ ਉਸ ਦੀ ਪਤਨੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ। ਉਸ ਦੇ ਲੜਕੇ ਅਤੇ ਹੋਰ ਲੋਕਾਂ ਦੇ ਆਉਣ ਤੋਂ ਬਾਅਦ ਹੀ ਉਕਤ ਹਮਲਾਵਰ ਉੱਥੋਂ ਭੱਜੇ। ਘਰ 'ਚ ਵੜ ਕੇ ਕੀਤੇ ਹਮਲੇ ਦੇ ਵਿਰੋਧ 'ਚ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲਸ ਨੇ ਕਥਿਤ ਤੌਰ 'ਤੇ ਹਮਲਾਵਰਾਂ 'ਤੇ ਕਾਰਵਾਈ ਦੇ ਸਥਾਨ 'ਤੇ ਉਸ ਦੇ ਦੂਜੇ ਲੜਕੇ ਨੂੰ ਲੈ ਗਈ ਅਤੇ ਕਥਿਤ ਤੌਰ 'ਤੇ ਉਸ ਨਾਲ ਕੁੱਟਮਾਰ ਕੀਤੀ। ਉਸ ਦਾ ਲੜਕਾ ਸ਼ਿਵਾ ਇਸ ਉਪਰੰਤ ਪਿੰਡ ਸੜੋਆ ਜਿੱਥੇ ਉਹ ਐਲੂਮੀਨੀਅਮ ਦਾ ਕੰਮ ਕਰਦਾ ਹੈ ਚਲਾ ਗਿਆ। ਪਰ ਦੇਰ ਸ਼ਾਮ ਤੱਕ ਉਹ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਫੋਨ ਵੀ ਬੰਦ ਆਉਣ ਲੱਗਾ। ਉਸ ਨੇ ਦੱਸਿਆ ਕਿ ਅਗਲੇ ਦਿਨ ਉਨ੍ਹਾਂ ਨੂੰ ਅਖਬਾਰ 'ਚ ਛਪੀ ਖਬਰ ਰਾਹੀਂ ਲੜਕੇ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲਣ ਦੀ ਜਾਣਕਾਰੀ ਮਿਲੀ। ਐੱਸ. ਐੱਸ. ਪੀ. ਦਫਤਰ 'ਚ ਇਕੱਠੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪੁਲਸ ਨੇ ਸਮੇਂ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਉਸਦਾ ਲੜਕਾ ਅੱਜ ਜਿਊਂਦਾ ਹੁੰਦਾ।

ਮ੍ਰਿਤਕ ਦੀ ਲਾਸ਼ ਦਾ ਨਹੀਂ ਹੋ ਪਾਇਆ ਪੋਸਟਮਾਰਟਮ
ਮ੍ਰਿਤਕ ਨੌਜਵਾਨ ਦੀ ਮਾਂ ਰਮਨਦੀਪ ਕੌਰ ਨੇ ਪੋਜੇਵਾਲ ਥਾਣੇ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਜਦੋਂ ਰੋਟੀਆਂ ਬਣਾ ਰਹੀ ਸੀ ਤਾਂ ਹਮਲਾਵਾਰ ਨੌਜਵਾਨ ਉਸ ਦੇ ਘਰ ਵਿਚ ਆ ਵੜੇ ਅਤੇ ਉਸ ਦੀ ਕੁੱਟਮਾਰ ਕੀਤੀ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਸੂਰਜ ਉਰਫ ਸ਼ਿਵਾ ਦੇ ਪ੍ਰੇਮ ਸਬੰਧ ਗੁਆਂਢ ਦੀ ਹੀ ਲੜਕੀ ਦੇ ਨਾਲ ਸਨ। ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਪਾਇਆ ਸੀ।

ਥਾਣਾ ਗੜ੍ਹਸ਼ੰਕਰ ਦੇ ਪਿੰਡ ਬੋੜਾ 'ਚ ਦਰੱਖਤ ਨਾਲ ਲਟਕਦੀ ਮਿਲੀ ਸੀ ਮ੍ਰਿਤਕ ਦੀ ਲਾਸ਼
21 ਜਨਵਰੀ ਨੂੰ ਪਿੰਡ ਬੇਗਮਪੁਰ (ਪੋਜੇਵਾਲ) ਵਿਚ ਹੋਏ ਝਗੜੇ ਦੇ ਉਪਰੰਤ ਮ੍ਰਿਤਕ ਨੌਜਵਾਨ ਸ਼ਿਵਾ ਉਰਫ ਸੂਰਜ ਘਰ ਤੋਂ ਆਪਣੇ ਕੰਮ ਦੇ ਲਈ ਸੜੋਆ ਗਿਆ ਸੀ ਪਰ ਉਹ ਵਾਪਿਸ ਘਰ ਨਹੀਂ ਆਇਆ ਸੀ। ਉਸਦਾ ਫੋਨ ਵੀ ਸਵਿੱਚ ਆਫ ਆਉਣ ਲੱਗਾ ਸੀ ਜਿਸ ਕਰ ਕੇ ਪਰਿਵਾਰਕ ਮੈਂਬਰ ਸ਼ਿਵਾ ਦੀ ਤਲਾਸ਼ ਕਰ ਰਹੇ ਸਨ। ਇਸ ਦੌਰਾਨ 21 ਜਨਵਰੀ ਨੂੰ ਥਾਣਾ ਗੜ੍ਹਸ਼ੰਕਰ ਦੀ ਪੁਲਸ ਨੂੰ ਪਿੰਡ ਬੋੜਾ ਸਥਿਤ ਬੇਆਬਾਦ ਜਗ੍ਹਾ ਵਿਚ ਅਣਪਛਾਤੇ ਨੌਜਵਾਨ ਦੀ ਲਾਸ਼ ਲਟਕਦੀ ਮਿਲੀ ਸੀ, ਜਿਸ ਦੀ ਪਛਾਣ ਉਕਤ ਸ਼ਿਵਾ ਦੇ ਤੌਰ 'ਤੇ ਹੋਈ ਹੈ।

ਕੀ ਕਹਿਣੈ ਜ਼ਿਲਾ ਪੁਲਸ ਦਾ
ਇਸ ਸਬੰਧ ਵਿਚ ਜਦੋਂ ਐੱਸ. ਪੀ. ਬਲਵਿੰਦਰ ਸਿੰਘ ਭਿੱਖੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਥਾਣਾ ਪੋਜੇਵਾਲ ਦੀ ਸਬੰਧਤ ਥਾਣੇਦਾਰ ਨੂੰ ਲਾਈਨ ਵਿਚ ਭੇਜ ਦਿੱਤਾ ਗਿਆ ਹੈ ਜਦੋਂਕਿ ਮਾਮਲੇ ਦੀ ਪੂਰੀ ਜਾਂਚ ਦਾ ਕੰਮ ਡੀ. ਐੱਸ. ਪੀ. ਬਲਾਚੌਰ ਜਤਿੰਦਰ ਸਿੰਘ ਨੂੰ ਸੌਂਪਿਆ ਗਿਆ ਹੈ। ਪੋਜੇਵਾਲ ਦੇ ਪਿੰਡ ਬੇਗਮਪੁਰ 'ਚ ਮ੍ਰਿਤਕ ਦੀ ਮਾਂ 'ਤੇ ਹੋਏ ਹਮਲੇ ਸਬੰਧੀ ਪੁਲਸ ਮਾਮਲਾ ਥਾਣਾ ਪੋਜੇਵਾਲ ਦੀ ਪੁਲਸ ਨੇ ਦਰਜ ਕਰ ਦਿੱਤਾ ਸੀ ਜਦੋਂਕਿ ਉਕਤ ਲਾਸ਼ ਥਾਣਾ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਪਿੰਡ ਵਿਚ ਮਿਲੀ ਸੀ, ਜਿਸ ਦੀ ਤਫਤੀਸ਼ ਉੱਥੋਂ ਦੀ ਪੁਲਸ ਵੱਲੋਂ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।


shivani attri

Content Editor

Related News