ਕੋਰੋਨਾ ਵਾਇਰਸ ਦਾ ਖੌਫ : ਲੋਕਾਂ ਨੇ ਸਬਜ਼ੀਆਂ ਅਤੇ ਕਰਿਆਨੇ ਦਾ ਸਾਮਾਨ ਕੀਤਾ ਸਟਾਕ

03/19/2020 8:33:28 PM

ਰੂਪਨਗਰ, (ਵਿਜੇ ਸ਼ਰਮਾ)— ਪੰਜਾਬ ਸਰਕਾਰ ਵਲੋਂ ਰਾਜ 'ਚ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਚੁੱਕੇ ਗਏ ਕਦਮਾਂ ਮਗਰੋਂ ਰੂਪਨਗਰ ਜ਼ਿਲੇ 'ਚ ਹਾਹਾਕਾਰ ਮਚ ਗਈ ਹੈ। ਭਾਰੀ ਗਿਣਤੀ 'ਚ ਲੋਕ ਸਬਜ਼ੀ ਮੰਡੀ, ਸਬਜ਼ੀ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਜਿਸ ਕਾਰਣ ਸ਼ਹਿਰ 'ਚ ਟ੍ਰੈਫਿਕ ਜਾਮ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰ ਕੇ ਬੱਸਾਂ, ਹੋਟਲਾਂ, ਰੈਸਟੋਰੈਂਟਾਂ, ਸਕੂਲਾਂ, ਆਦਿ ਨੂੰ ਬੰਦ ਕਰਨ ਦੇ ਜੋ ਸ਼ੁੱਕਰਵਾਰ ਤੋਂ ਹੁਕਮ ਜਾਰੀ ਕੀਤੇ ਹਨ ਇਸ ਕਾਰਣ ਆਮ ਲੋਕਾਂ 'ਚ ਹਫੜਾ-ਦਫੜੀ ਮਚ ਗਈ ਹੈ। ਲੋਕਾਂ ਨੇ ਸਬਜ਼ੀਆਂ, ਕਰਿਆਨਾ ਅਤੇ ਹੋਰ ਜ਼ਰੂਰੀ ਵਸਤਾਂ ਦੇ ਭੰਡਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਸਬਜ਼ੀਆਂ ਅਤੇ ਹੋਰ ਵਸਤੂਆਂ ਦੇ ਭਾਅ ਲਗਭਗ ਦੁੱਗਣੇ ਹੋ ਗਏ ਹਨ। ਇਕ ਪਾਸੇ ਸਰਕਾਰ ਸ਼ਹਿਰਾਂ 'ਚ ਭੀੜ ਨੂੰ ਘੱਟ ਕਰਨਾ ਚਾਹੁੰਦੀ ਹੈ ਪਰ ਬਾਜ਼ਾਰਾਂ 'ਚ ਭੀੜ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਆਮ ਲੋਕਾਂ ਦੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਹ ਇਕਦਮ ਅਜਿਹੇ ਹੁਕਮ ਜਾਰੀ ਨਾ ਕਰੇ ਜਿਸ ਕਾਰਣ ਲੋਕਾਂ 'ਚ ਹਫੜਾ-ਦਫੜੀ ਦੇ ਮਾਹੌਲ ਪੈਦਾ ਹੋ ਜਾਵੇ।

ਮਾਸਕ ਅਤੇ ਸੈਨੇਟਾਈਜ਼ਰ ਦੀ ਭਾਰੀ ਮਾਤਰਾ 'ਚ ਖਰੀਦਦਾਰੀ
ਇਸਦੇ ਨਾਲ ਹੀ ਲੋਕਾਂ ਵੱਲੋਂ ਦਵਾਈਆਂ ਦੀਆਂ ਦੁਕਾਨਾਂ 'ਤੇ ਮਾਸਕ, ਸੈਨੇਟਾਈਜ਼ਰ ਅਤੇ ਹੋਰ ਦਵਾਈਆਂ ਦੀ ਭਾਰੀ ਮਾਤਰਾ 'ਚ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਇਨ੍ਹਾਂ ਚੀਜ਼ਾਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ।


KamalJeet Singh

Content Editor

Related News