ਹਿਮਾਚਲ ਐਂਟਰੀ ਟੈਕਸ ਵਿਰੁੱਧ ਹੁਣ ਪਿੰਡਾਂ ’ਚ ਵੀ ਹੋਣ ਲੱਗੀ ਲੋਕਾਂ ਦੀ ਲਾਮਬੰਦੀ
Monday, Apr 06, 2026 - 07:24 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ 1975 ਟੋਲ ਐਕਟ ਤਹਿਤ ਲਗਾਏ ਜਾ ਰਹੇ ਐਂਟਰੀ ਟੈਕਸ ਖਿਲਾਫ ਪੰਜਾਬ ’ਚ ਸ਼ੁਰੂ ਹੋਇਆ ਸੰਘਰਸ਼ ਹੁਣ ਨਵੇਂ ਪੜਾਅ ’ਚ ਦਾਖਲ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਅਤੇ ਟੈਕਸੀ ਯੂਨੀਅਨਾਂ ਵੱਲੋਂ ਪਹਿਲਾਂ ਹੀ ਤਿੱਖੇ ਵਿਰੋਧ ਤੋਂ ਬਾਅਦ ਹੁਣ ਇਸ ਮੁਹਿੰਮ ਦਾ ਸੇਕ ਪਿੰਡਾਂ ਦੇ ਆਮ ਲੋਕਾਂ ਤੱਕ ਵੀ ਪਹੁੰਚ ਗਿਆ ਹੈ ਜਿਸ ਨੂੰ ਲੈ ਕੇ ਯੂਥ ਕਲੱਬਾਂ, ਆਮ ਲੋਕਾਂ ਅਤੇ ਨੌਜਵਾਨਾਂ ਨੇ ਵੀ ਇਸ ਅੰਦੋਲਨ ਲਈ ਐਂਟਰੀ ਟੈਕਸ ਦੇ ਵਿਰੁੱਧ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਜ਼ਿਲਾ ਰੂਪਨਗਰ ਦੇ ਪਿੰਡ ਜਤੋਲੀ ਵਿਖੇ ਵਿਸ਼ਾਲ ਪੁਰਾਤਨ ਖੇਡ ਮੇਲੇ ਦੌਰਾਨ ਇਸ ਵਿਰੋਧ ਨੂੰ ਨਵੀਂ ਦਿਸ਼ਾ ਮਿਲੀ, ਜਦੋਂ ਸੈਂਕੜੇ ਦੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਖੁੱਲ੍ਹ ਕੇ ਇਸ ਮੁੱਦੇ ’ਤੇ ਆਪਣਾ ਸਮੱਰਥਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਇਹ ਲੜਾਈ ਸਿਰਫ਼ ਟੈਕਸ ਖਿਲਾਫ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਆਰਥਿਕ ਅਜ਼ਾਦੀ ਦੀ ਹੈ। ਉਨ੍ਹਾਂ ਦੱਸਿਆ ਕਿ ਇਕ ਪਾਸੇ ਪੂਰੀ ਸਰਕਾਰੀ ਮਸ਼ੀਨਰੀ ਹੈ ਅਤੇ ਦੂਜੇ ਪਾਸੇ ਆਮ ਲੋਕ, ਪਰ ਇਤਿਹਾਸ ਗਵਾਹ ਹੈ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਨੂੰ ਵੀ ਝੁਕਣਾ ਪੈਂਦਾ ਹੈ।
ਰਾਣਾ ਨੇ ਸੰਭਾਵਿਤ ਚੁਣੌਤੀਆਂ ਵੱਲ ਵੀ ਇਸ਼ਾਰਾ ਕਰਦਿਆਂ ਕਿਹਾ ਕਿ ਸੰਘਰਸ਼ ਦੇ ਇਸ ਪੜਾਅ ’ਚ ਵਿਰੋਧੀਆਂ ਵੱਲੋਂ ਸਾਜ਼ਿਸ਼ਾਂ ਜਾਂ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਖ਼ਾਸ ਕਰ ਕੇ ਜ਼ਿਲ੍ਹਾ ਰੋਪੜ ਦੇ ਨੌਜਵਾਨਾਂ, ਮਾਤਾਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਅਣਚਾਹੀ ਸਥਿਤੀ ਬਣਦੀ ਹੈ ਤਾਂ ਉਹ ਇਸ ਮੋਰਚੇ ਨੂੰ ਸੰਭਾਲਣ ਲਈ ਤਿਆਰ ਰਹਿਣ।
ਉਨ੍ਹਾਂ ਪਿਛਲੇ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਦੀ ਲੜਾਈ ਲੜਨੀ ਪਈ ਹੋਵੇ ਕਿਉਂਕਿ ਖੇਤਰ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰਾਜੈਕਟਾਂ ਦਾ ਵਿਰੋਧ, ਜਬਰਨ ਬਣਾਈਆਂ ਗਈਆਂ ਨਗਰ ਪੰਚਾਇਤਾਂ ਦੇ ਖਿਲਾਫ ਮੁਹਿੰਮ, ਪਸ਼ੂਆਂ ਨਾਲ ਜੁੜੇ ਮੁੱਦੇ, ਹੜ੍ਹਾਂ ਦੌਰਾਨ ਲੋਕਾਂ ਦੀ ਸਹਾਇਤਾ ਅਤੇ ਨੈਸ਼ਨਲ ਹਾਈਵੇ ’ਤੇ ਲੱਗੇ ਟੋਲ ਪਲਾਜ਼ਿਆਂ ਨੂੰ ਰੱਦ ਕਰਵਾਉਣ ਵਰਗੇ ਮਸਲਿਆਂ ’ਚ ਵੀ ਲੋਕਾਂ ਨੇ ਇਕਜੁੱਟ ਹੋ ਕੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਲੋਕਾਂ ਦੀ ਸੱਚਾਈ, ਏਕਤਾ ਅਤੇ ਨਿਸ਼ਠਾ ਨੇ ਜਿੱਤ ਦਿਵਾਈ ਹੈ ਅਤੇ ਇਸ ਵਾਰ ਵੀ ਇਹੀ ਤਾਕਤ ਸਫਲਤਾ ਲਿਆਏਗੀ।
ਐਂਟਰੀ ਟੈਕਸ ਵਿਰੁੱਧ ਮੁਹਿੰਮ ਹੁਣ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ : ਗੌਰਵ ਰਾਣਾ
ਇਸ ਮੌਕੇ ਮੌਜੂਦ ਸੈਂਕੜੇ ਲੋਕਾਂ ਨੇ ਇਕਸੁਰ ’ਚ ਹੱਥ ਖੜ੍ਹੇ ਕਰ ਕੇ ਜੈਕਾਰੇ ਲਗਾਉਂਦਿਆਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਡਟਣ ਦਾ ਐਲਾਨ ਕੀਤਾ। ਕਨਵੀਨਰ ਰਾਣਾ ਨੇ ਕਿਹਾ ਕਿ ਇਹ ਦ੍ਰਿਸ਼ ਆਪਣੇ ਆਪ ’ਚ ਇਸ ਗੱਲ ਦਾ ਸਬੂਤ ਸੀ ਕਿ ਹੁਣ ਇਹ ਮੁਹਿੰਮ ਸਿਰਫ਼ ਕੁਝ ਸੰਗਠਨਾਂ ਤੱਕ ਸੀਮਤ ਨਹੀਂ ਰਹੀ, ਸਗੋਂ ਇਹ ਜਨ ਅੰਦੋਲਨ ਦਾ ਰੂਪ ਧਾਰ ਚੁੱਕੀ ਹੈ। ਸਥਾਨਕ ਆਗੂਆਂ ਅਤੇ ਸਮਾਜਿਕ ਸ਼ਖਸੀਅਤਾਂ ਨੇ ਵੀ ਇਸ ਮੌਕੇ ਕਿਹਾ ਕਿ ਜੇ ਸਰਕਾਰ ਨੇ ਸਮੇਂ ਸਿਰ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ।
ਇਸ ਮੌਕੇ ਬਲਜੀਤ ਧੀਮਾਨ, ਸੋਹਣ ਲਾਲ ਚੇਚੀ, ਗਗਨ ਵੋਹਰਾ, ਅਮਿਤ ਵਰਮਾ, ਮੱਖਣ ਸਿੰਘ ਮੂਸਾਪੁਰ, ਹਰਪ੍ਰੀਤ ਕਾਲਾ ਮੂਸਾਪੁਰ, ਗੁਰੀ ਸੋਹਲ, ਯਸ਼ਪਾਲ ਚੌਧਰੀ, ਸੂਬੇਦਾਰ ਰੋਸ਼ਨ ਲਾਲ, ਬਲਜੀਤ ਬਿੱਟੂ, ਬਿੱਲਾ ਚੌਧਰੀ, ਸ਼ਿੰਦਰਪਾਲ ਚੌਹਾਨ ਤੇ ਪਵਨ ਚੌਧਰੀ ਸਹਿਤ ਸੈਂਕੜੇ ਲੋਕ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
