ਸ਼ਾਮ ਢਲਦਿਆਂ ਹੀ ''ਓਪਨ ਬਾਰ'' ਬਣ ਜਾਂਦੀਆਂ ਹਨ ਪਟੇਲ ਚੌਕ ਦੀਆਂ ਗ੍ਰੀਨ ਬੈਲਟਾਂ

11/12/2019 2:28:30 PM

ਜਲੰਧਰ (ਖੁਰਾਣਾ)— ਪਟੇਲ ਚੌਕ ਇਲਾਕਾ ਜੋ ਸਾਲਾਂ ਤੋਂ ਟਰਾਂਸਪੋਰਟ ਕਾਰੋਬਾਰ ਲਈ ਜਾਣਿਆ ਜਾਂਦਾ ਹੈ। ਪਟੇਲ ਚੌਕ ਸ਼ਹਿਰ ਦਾ ਅੰਦਰੂਨੀ ਅਤੇ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਸ਼ਹਿਰ ਦੇ ਕਿਸੇ ਵੀ ਹਿੱਸੇ 'ਚ ਜਾਣਾ ਹੋਵੇ ਤਾਂ ਪਟੇਲ ਚੌਕ ਤੋਂ ਹੋ ਕੇ ਹੀ ਜਾਇਆ ਜਾ ਸਕਦਾ ਹੈ। ਇਥੇ ਸ਼ਹਿਰ ਦੇ ਹਰ ਹਿੱਸੇ ਨੂੰ ਸੜਕਾਂ ਮੁੜਦੀਆਂ ਹਨ ਅਤੇ ਰੋਜ਼ਾਨਾ ਲੱਖਾਂ ਲੋਕ ਲੰਘਦੇ ਹਨ ਪਰ ਫਿਰ ਵੀ ਇਹ ਇਲਾਕਾ ਨਗਰ ਨਿਗਮ ਅਤੇ ਜਲੰਧਰ ਪੁਲਸ (ਖਾਸ ਕਰਕੇ ਟ੍ਰੈਫਿਕ ਪੁਲਸ) ਦੀ ਨਜ਼ਰਅੰਦਾਜ਼ੀ ਦਾ ਸ਼ਿਕਾਰ ਹੈ।

ਸ਼ਹਿਰ 'ਚ ਸਿਰਫ ਪਟੇਲ ਚੌਕ ਹੀ ਅਜਿਹਾ ਹੈ, ਜਿਥੇ ਕਾਰੋਬਾਰੀ ਅਦਾਰੇ ਅਤੇ ਦਫਤਰਾਂ ਦੇ ਬਾਹਰ ਲੰਬੀਆਂ-ਚੌੜੀਆਂ ਗਰੀਨ ਬੈਲਟਾਂ ਹਨ। ਪਟੇਲ ਚੌਕ ਤੋਂ ਵਰਕਸ਼ਾਪ ਚੌਕ ਜਾਂਦੇ ਸਮੇਂ ਪਹਿਲੀ ਗ੍ਰੀਨ ਬੈਲਟ ਸ਼ਾਮ ਢਲਦਿਆ ਹੀ ਓਪਨ ਬਾਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਥੇ ਪੱਕੇ ਤੌਰ 'ਤੇ ਬੈਠਣ ਵਾਲਿਆਂ ਨੇ ਇਕ ਸੀਮੈਂਟ ਦੀ ਸਿੱਲੀ ਨੂੰ ਬੈਂਚ ਬਣਾਇਆ ਹੋਇਆ ਹੈ, ਜਿਥੇ ਦਿਨ ਦੇ ਸਮੇਂ ਆਰਾਮ ਹੁੰਦਾ ਹੈ ਅਤੇ ਰਾਤ ਨੂੰ ਲੈੱਗ-ਪੈੱਗ ਦੀ ਮਹਿਫਲ ਸਜਦੀ ਹੈ। ਕੋਈ ਸੂਪ ਮੰਗਵਾਉਂਦਾ ਹੈ, ਕੋਈ ਮੱਛੀ ਦਾ ਆਰਡਰ ਕੋਲ ਲੱਗਦੀਆਂ ਰੇਹੜੀਆਂ ਨੂੰ ਦਿੰਦਾ ਹੈ।

PunjabKesari
ਜਲੰਧਰ ਪੁਲਸ ਨੂੰ ਇਸ ਨਾਜਾਇਜ਼ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹੈ ਪਰ ਫਿਰ ਵੀ ਗ੍ਰੀਨ ਬੈਲਟਾਂ ਵਿਚ ਸਭ ਕੁਝ ਸ਼ਰੇਆਮ ਚੱਲਦਾ ਹੈ। ਚਾਹ ਦੀਆਂ ਰੇਹੜੀਆਂ ਤੱਕ ਤੋਂ ਸੋਢਾ ਅਤੇ ਕੋਲਡ ਡਰਿੰਕ ਮਿਲ ਜਾਂਦੇ ਹਨ, ਜਿਨ੍ਹਾਂ ਦੇ ਸਹਾਰੇ ਦੇਰ ਰਾਤ ਤੱਕ ਜਾਮ ਦਾ ਦੌਰ ਚੱਲਦਾ ਹੈ। ਇਨ੍ਹਾਂ ਰੇਹੜੀਆਂ ਆਦਿ ਦੀ ਸਾਰੀ ਗੰਦਗੀ ਵੀ ਗ੍ਰੀਨ ਬੈਲਟਾਂ ਵਿਚ ਹੀ ਪੈਂਦੀ ਰਹਿੰਦੀ ਹੈ। ਗ੍ਰੀਨ ਬੈਲਟ 'ਚ ਕੁਝ ਥਾਵਾਂ 'ਤੇ ਹਰਿਆਲੀ ਬਚੀ ਹੋਈ ਹੈ ਪਰ ਨਿਗਮ ਵੱਲੋਂ ਉਸ ਦੀ ਦੇਖ-ਰੇਖ ਨਹੀਂ ਕੀਤੀ ਜਾ ਰਹੀ।

ਤਹਿਬਾਜ਼ਾਰੀ ਨੇ ਰੇਹੜੀਆਂ ਨੂੰ ਹਟਾਉਣ ਦੀ ਕਈ ਵਾਰ ਕਾਰਵਾਈ ਕੀਤੀ ਪਰ ਅਗਲੇ ਹੀ ਦਿਨ ਸਾਰੀਆਂ ਰੇਹੜੀਆਂ ਦੁਬਾਰਾ ਉਥੇ ਲੱਗ ਜਾਂਦੀਆਂ ਹਨ। ਗ੍ਰੀਨ ਬੈਲਟਾਂ ਦੀਆਂ ਬਾਹਰੀ ਗਰਿੱਲਾਂ ਨੂੰ ਤੋੜ ਕੇ ਜੋ ਰਸਤੇ ਬਣਾਏ ਗਏ ਹਨ, ਉਨ੍ਹਾਂ ਦੀ ਵਰਤੋਂ ਨਾਜਾਇਜ਼ ਕੰਮਾਂ ਲਈ ਹੋ ਰਹੀ ਹੈ। ਗ੍ਰੀਨ ਬੈਲਟਾਂ ਹੋਣ ਦੇ ਬਾਵਜੂਦ ਪਟੇਲ ਚੌਕ ਦੀ ਦੁਰਦਸ਼ਾ ਸਮਝ ਤੋਂ ਪਰ੍ਹੇ ਹੈ। ਜੇਕਰ ਨਿਗਮ ਇਸ ਵੱਲ ਥੋੜ੍ਹਾ ਜਿਹਾ ਧਿਆਨ ਦੇਵੇ ਅਤੇ ਗਰਿੱਲਾਂ ਆਦਿ ਲਗਵਾ ਕੇ ਅੰਦਰ ਬੈਠਣ 'ਤੇ ਪਾਬੰਦੀ ਲਾ ਦੇਵੇ ਤਾਂ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਖੂਬਸੂਰਤ ਇਲਾਕਾ ਬਣ ਸਕਦਾ ਹੈ।


shivani attri

Content Editor

Related News