ਇਕ ਹਫ਼ਤੇ ’ਚ ਫਿਰੌਤੀ ਦੀਆਂ ਵਾਪਰੀਆਂ ਕਈ ਘਟਨਾਵਾਂ ਕਾਰਨ ਕਾਰੋਬਾਰੀ ਜਗਤ ’ਚ ਫੈਲੀ ਦਹਿਸ਼ਤ!
Monday, Nov 11, 2024 - 01:49 PM (IST)
ਕਪੂਰਥਲਾ (ਭੂਸ਼ਣ)-ਸੂਬੇ ਦੇ ਮਾਨਸਾ ਇਲਾਕੇ ’ਚ ਫਿਰੌਤੀ ਖਾਤਰ ਇਕ ਪੈਟ੍ਰੋਲ ਪੰਪ ’ਤੇ ਗ੍ਰਨੇਡ ਨਾਲ ਕੀਤੇ ਗਏ ਹਮਲੇ, ਭਿਖੀਵਿੰਡ ’ਚ ਇਕ ਡਾਕਟਰ ਨੂੰ ਫਿਰੌਤੀ ਲਈ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਕਪੂਰਥਲਾ ਦੇ ਨਜ਼ਦੀਕੀ ਪਿੰਡ ਕੋਟ ਕਰਾਰ ਖਾਂ ’ਚ ਐੱਨ. ਆਰ. ਆਈ. ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ’ਚ ਜਿੱਥੇ ਇਕ ਵਾਰ ਫਿਰ ਤੋਂ ਸੂਬੇ ਦੇ ਵਪਾਰੀਆਂ ’ਚ ਭਾਰੀ ਦਹਿਸ਼ਤ ਮਚਾ ਦਿੱਤੀ ਹੈ। ਉੱਥੇ ਹੀ ਪੰਜਾਬ ਪੁਲਸ ਵੱਲੋਂ ਫਿਰੌਤੀ ਗੈਂਗ ਨਾਲ ਜੁੜੇ ਕਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਅਜਿਹੇ ਮਾਮਲਿਆਂ ’ਚ ਲਗਾਤਾਰ ਹੋ ਰਹੇ ਵਾਧੇ ਨੇ ਪੁਲਸ ਤੰਤਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ 2-3 ਸਾਲਾਂ ਤੋਂ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ’ਚ ਕੰਮ ਕਰਦੇ ਕਾਰੋਬਾਰੀਆਂ ਵੱਲੋਂ ਵਿਦੇਸ਼ੀ ਜਾਂ ਸਥਾਨਕ ਮੋਬਾਈਲ ਨੰਬਰਾਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿਚੋਂ ਕਈ ਜ਼ਿਲ੍ਹਿਆਂ ’ਚ ਵਪਾਰੀਆਂ ਦੀਆਂ ਦੁਕਾਨਾਂ ਦੇ ਅੰਦਰ ਜਾਂ ਬਾਹਰ ਸ਼ਰੇਆਮ ਗੋਲੀ ਚਲਾਉਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ, ਸਕੂਲ/ਕਾਲਜ ਤੇ ਇਹ ਦੁਕਾਨਾਂ ਰਹਿਣਗੀਆਂ ਬੰਦ
ਉਕਤ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਹਰਕਤ ’ਚ ਆਉਂਦਿਆਂ ਕਈ ਵੱਡੇ ਅਪਰਾਧੀਆਂ ਨੂੰ ਕਾਬੂ ਕਰਕੇ ਫਿਰੌਤੀ ਗੈਂਗ ਦਾ ਕਾਫ਼ੀ ਹੱਦ ਤੱਕ ਸਫਾਇਆ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹੁਣ ਪਿਛਲੇ ਇਕ ਹਫ਼ਤੇ ਦੌਰਾਨ ਮਾਨਸਾ, ਭਿੱਖੀਵਿੰਡੀ ਤੇ ਕੋਟ ਕਰਾਰ ਖਾਂ ’ਚ ਵਾਪਰੀਆਂ ਫਿਰੌਤੀ ਦੀਆਂ ਘਟਨਾਵਾਂ ਨੇ ਇਕ ਵਾਰ ਫਿਰ ਵਪਾਰ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹੈਰਾਨੀਜਨਕ ਤੱਥ ਤਾਂ ਇਹ ਹੈ ਕਿ ਹੁਣ ਤੱਕ ਪੁਲਸ ਨੇ ਫਿਰੌਤੀ ਗੈਂਗ ਨਾਲ ਜੁੜੇ ਜਿੰਨੇ ਵੀ ਅਪਰਾਧੀਆਂ ਨੂੰ ਫੜਿਆ ਹੈ, ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਅਪਰਾਧੀ ਸਿਰਫ਼ ਮੋਹਰੇ ਹੀ ਨਿਕਲੇ ਹਨ, ਜਿਨ੍ਹਾਂ ਕੁਝ ਹਜ਼ਾਰ ਰੁਪਏ ਦੀ ਰਕਮ ਦੀ ਖਾਤਰ ਇੰਨੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਪਰ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਕਿਸੇ ਵੱਡੇ ਫਿਰੌਤੀ ਗੈਂਗ ਨਾਲ ਜੁੜੇ ਸਰਗਨਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਸੇ ਕਾਰਨ ਅਜਿਹੇ ਫਿਰੌਤੀ ਗੈਂਗ ਦੇ ਗੈਂਗਸਟਰ ਪਹਿਲਾਂ ਤੋਂ ਹੀ ਬੇਰੋਜ਼ਗਾਰੀ ਅਤੇ ਨਸ਼ੇ ਦਾ ਸ਼ਿਕਾਰ ਨੌਜਵਾਨਾਂ ਨੂੰ ਰਾਤੋ ਰਾਤ ਅਮੀਰ ਬਣਾਉਣ ਦਾ ਸੁਫ਼ਨਾ ਵਿਖਾ ਕੇ ਆਪਣੇ ਗੈਂਗ ਦਾ ਮੈਂਬਰ ਬਣਾ ਰਹੇ ਹਨ ਤੇ ਉਨ੍ਹਾਂ ਨੂੰ ਕੁਝ ਹਜ਼ਾਰ ਕੁ ਰੁਪਏ ’ਚ ਮਿਲਣ ਵਾਲੇ ਨਾਜਾਇਜ਼ ਹਥਿਆਰ ਉਪਲੱਬਧ ਕਰਵਾ ਕੇ ਆਪਣੇ ਟਾਰਗੈੱਟ ’ਤੇ ਫਾਇਰਿੰਗ ਕਰਨ ਦੇ ਲਈ ਭੇਜ ਰਹੇ ਹਨ, ਜੋ ਨਿਸ਼ਚਿਤ ਹੀ ਆਉਣ ਵਾਲੇ ਦਿਨਾਂ ’ਚ ਅਜਿਹੇ ਫਿਰੌਤੀ ਗੈਂਗ ਦੇ ਖ਼ਤਰਨਾਕ ਇਰਾਦਿਆਂ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ
ਵੱਡੇ ਕਾਰੋਬਾਰੀਆਂ ਨੇ ਸੋਸ਼ਲ ਮੀਡੀਆਂ ਤੋਂ ਕਿਨਾਰਾ ਕਰਨਾ ਕੀਤਾ ਸ਼ੁਰੂ
ਗੌਰ ਹੋਵੇ ਕਿ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣੇ ਪ੍ਰੋਡਕਟ ਜਾਂ ਆਪਣੇ ਚੰਗੇ ਸਮਾਜਿਕ ਕੰਮਾਂ ਨੂੰ ਦਿਖਾਉਣ ਵਾਲੇ ਵੱਡੇ ਕਾਰੋਬਾਰੀਆਂ ਤੇ ਐੱਨ. ਆਰ. ਆਈ. ਨੇ ਹੁਣ ਸੋਸ਼ਲ ਮੀਡੀਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸੋਸ਼ਲ ਮੀਡੀਆ ’ਤੇ ਐਕਟਿਵ ਫਿਰੌਤੀ ਗੈਂਗ ਨਾਲ ਜੁੜੇ ਅਜਿਹੇ ਅਪਰਾਧੀ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰ ਕੇ ਵਿਦੇਸ਼ੀ ਨੰਬਰਾਂ ਤੋਂ ਵਪਾਰੀਆਂ ਅਤੇ ਭਾਰਤ ’ਚ ਆਏ ਐੱਨ. ਆਰ. ਆਈ. ਨੂੰ ਕਰੋੜਾਂ ਰੁਪਏ ਦੀ ਫਿਰੌਤੀ ਦੀ ਖਾਤਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉੱਥੇ ਹੀ ਸੂਬੇ ’ਚ ਲਗਾਤਾਰ ਵੱਧ ਰਹੇ ਫਿਰੌਤੀ ਦੇ ਇਨ੍ਹਾਂ ਮਾਮਲਿਆਂ ਦੇ ਕਾਰਨ ਇਸ ਵਾਰ ਕਾਫੀ ਘੱਟ ਗਿਣਤੀ ’ਚ ਵਿਦੇਸ਼ਾਂ ਤੋਂ ਐੱਨ. ਆਰ. ਆਈ. ਪੰਜਾਬ ’ਚ ਆ ਰਹੇ ਹਨ, ਜਿਸਦਾ ਸਿੱਧਾ ਅਸਰ ਸਥਾਨਕ ਪੱਧਰ ਦੇ ਕਾਰੋਬਾਰ ’ਤੇ ਪੈ ਰਿਹਾ ਹੈ।
ਪੰਜਾਬ ’ਚ ਆਉਣ ਤੋਂ ਡਰਨ ਲੱਗੇ ਐੱਨ. ਆਰ. ਆਈਜ਼
ਐੱਨ. ਆਰ. ਆਈਜ਼ ਹੁਣ ਤਾਂ ਪੰਜਾਬ ’ਚ ਆਉਣ ਤੋਂ ਡਰਨ ਲੱਗ ਪਏ ਹਨ। ਆਉਣ ਵਾਲੇ ਸਰਦੀਆਂ ਦੇ ਮੌਸਮ ’ਚ ਵਿਦੇਸ਼ਾਂ ਤੋਂ ਆਉਣ ਵਾਲੇ ਐੱਨ. ਆਰ. ਆਈ. ਦੀ ਗਿਣਤੀ ’ਚ ਭਾਰੀ ਕਮੀ ਹੋਣ ਦੇ ਖਦਸ਼ੇ ਤੋਂ ਵਪਾਰੀ ਵਰਗ ਪਹਿਲਾਂ ਹੀ ਪਰੇਸ਼ਾਨ ਚੱਲ ਰਿਹਾ ਹੈ। ਉੱਥੇ ਹੀ ਹੁਣ ਫਿਰੌਤੀ ਦੀਆਂ ਇਨ੍ਹਾਂ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਦੇ ਕਾਰਨ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ’ਚ ਬੈਠੇ ਐੱਨ. ਆਰ. ਆਈ. ਨੇ ਪੰਜਾਬ ’ਚ ਜਿੱਥੇ ਪ੍ਰਾਪਰਟੀ ਦੇ ਕਾਰੋਬਾਰ ’ਚ ਨਿਵੇਸ਼ ਕਰਨ ਦੀ ਯੋਜਨਾ ਨੂੰ ਤਿਆਗਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ’ਚ ਮੌਜੂਦਾ ਆਪਣੀ ਪ੍ਰਾਪਰਟੀ ਨੂੰ ਵੀ ਵੇਚਣ ਦਾ ਮਨ ਬਣਾ ਲਿਆ ਹੈ। ਐੱਨ. ਆਰ. ਆਈ. ਦੇ ਸਹਾਰੇ ਕਾਰੋਬਾਰ ਕਰਨ ਵਾਲੇ ਵਪਾਰੀਆਂ ਦੇ ਲਈ ਇਹ ਇਕ ਬਹੁਤ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8