ਨਮੀ ਦੀ ਮਾਤਰਾ ਵਧੇਰੇ ਹੋਣ ਕਾਰਨ ਨਵਾਂਸ਼ਹਿਰ ਜ਼ਿਲ੍ਹੇ ’ਚ ਪਹਿਲੇ ਦਿਨ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ

10/02/2022 11:34:02 AM

ਨਵਾਂਸ਼ਹਿਰ (ਤ੍ਰਿਪਾਠੀ) - ਪੰਜਾਬ ਸਰਕਾਰ ਨੇ ਸ਼ਨੀਵਾਰ ਤੋਂ ਮੰਡੀਆਂ ਵਿਚ ਕਿਸਾਨਾਂ ਦੀ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਪਰ ਅੱਜ ਝੋਨੇ ਦੀ ਖ਼ਰੀਦ ਦੇ ਪਹਿਲੇ ਦਿਨ ਜ਼ਿਲ੍ਹਾ ਮੰਡੀ ਵਿਚ ਕੁਝ ਕਿਸਾਨਾਂ ਵੱਲੋਂ ਝੋਨੇ ਦੀ ਆਮਦ ਹੋਣ ਦੇ ਬਾਵਜੂਦ ਖ਼ਰੀਦ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਨੁਮਾਇੰਦੇ ਵੱਲੋਂ ਕਰਿਆਮ ਰੋਡ ’ਤੇ ਸਥਿਤ ਜ਼ਿਲ੍ਹਾ ਮੰਡੀ ਦੇ ਦੌਰੇ ਦੌਰਾਨ ਪਤਾ ਲੱਗਾ ਕਿ ਕੁਝ ਕਿਸਾਨਾਂ ਵੱਲੋਂ ਆਇਆ ਝੋਨਾ ਸੁਕਾਉਣ ਲਈ ਵਿਛਾ ਦਿੱਤਾ ਗਿਆ ਹੈ।

ਜ਼ਿਲ੍ਹੇ ਦੀਆਂ 30 ਮੰਡੀਆਂ ’ਚ ਕੀਤੀ ਜਾਵੇਗੀ ਝੋਨੇ ਦੀ ਖ਼ਰੀਦ

ਜ਼ਿਲ੍ਹਾ ਮੰਡੀ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 30 ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੰਡੀ ਨਵਾਂਸ਼ਹਿਰ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਨਵਾਂਸ਼ਹਿਰ, ਜਾਡਲਾ, ਗਰਚਾ, ਰਾਹੋ, ਫਾਂਬੜਾ, ਬਜੀਦਪੁਰ, ਮਝੂਰ, ਬਹਿਲੂਰ ਕਲਾਂ, ਦੁਪਾਲਪੁਰ, ਜੱਬੋਵਾਲ, ਧੈਂਗੜਪੁਰ, ਮੀਰਪੁਰ ਜੱਟਾਂ, ਬੰਗਾ ਮਾਰਕੀਟ ਕਮੇਟੀ ਵਿਚ ਕਟਾਰੀਆ, ਮਾਹਿਲ-ਗਹਿਲਾ, ਬੰਗਾ, ਬਹਿਰਾਮ, ਪਠਲਾਵਾ, ਮੁਕੰਦਪੁਰ, ਸੂੰਢ, ਉਚਾ ਲਧਾਣਾ, ਹਕੀਮਪੁਰ ਅਤੇ ਬਲਾਚੌਰ ਮਾਰਕੀਟ ਕਮੇਟੀ ਦੇ ਬਲਾਚੌਰ, ਸੜੋਆ, ਬੱਕਾਪੁਰ, ਨਾਨੋਵਾਲ, ਟੌਂਸਾ, ਸੜੋਆ, ਸਾਹਿਬ, ਕਾਠਗੜ੍ਹ, ਕਰਾਵਰ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਲੰਧਰ ਪੁਲਸ ਕਮਿਸ਼ਨਰ ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਪਿਛਲੇ ਸਾਲ 38 ਲੱਖ ਕੁਇੰਟਲ ਦੇ ਮੁਕਾਬਲੇ 10 ਫ਼ੀਸਦੀ ਤੱਕ ਦੀ ਆ ਸਕਦੀ ਹੈ ਘਾਟ

ਪ੍ਸ਼ਾਸਨਿਕ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਜ਼ਿਲ੍ਹੇ ਦੀਆਂ ਮੰਡੀਆਂ ’ਚ 38 ਲੱਖ ਕੁਇੰਟਲ ਝੋਨੇ ਦੀ ਆਮਦ ਹੋਈ ਸੀ ਜਿਸ ’ਚ ਨਵਾਂਸ਼ਹਿਰ ਮਾਰਕੀਟ ਕਮੇਟੀ ’ਚ 19,13,654 ਕੁਇੰਟਲ, ਬੰਗਾ ਵਿਖੇ 13,59,570 ਅਤੇ ਬਲਾਚੌਰ ਵਿਖੇ 5,62,340 ਕੁਇੰਟਲ ਝੋਨੇ ਦੀ ਆਮਦ ਹੋਈ। ਪਿੰਡ ਘਟਾਰੋਂ ਦੇ ਕਿਸਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਉਸਨੇ ਕਰੀਬ 150 ਕਿੱਲੇ ਜ਼ਮੀਨ ’ਚ ਝੋਨੇ ਦੀ ਫ਼ਸਲ ਬੀਜੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਭਰ ’ਚ ਕੁਝ ਬੀਜਾਂ ’ਤੇ ਚਾਈਨਾ ਵਾਇਰਸ ਦੀ ਬੀਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਭਾਵੇਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕਰੀਬ 5-7 ਫ਼ੀਸਦੀ ਫ਼ਸਲ ਬੀਮਾਰੀ ਨਾਲ ਪ੍ਰਭਾਵਿਤ ਹੈ, ਜਿਸ ਕਾਰਨ ਇਸ ਵਾਰ ਪਿਛਲੀ ਆਮਦ ਨਾਲੋਂ 10 ਫ਼ੀਸਦੀ ਦੀ ਘਾਟ ਆ ਸਕਦੀ ਹੈ।

ਜ਼ਿਲ੍ਹੇ ਵਿਚ ਝੋਨੇ ਦੀ ਫ਼ਸਲ ਦੀ ਖ਼ਰੀਦ ਵਿਚ ਹੋ ਸਕਦੀ ਹੈ 1 ਹਫ਼ਤੇ ਦੀ ਦੇਰੀ

ਜ਼ਿਲ੍ਹਾ ਮੰਡੀ ਵਿਚ ਆਏ ਕਿਸਾਨ ਬਲਿਹਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਿਛਲੇ ਦਿਨਾਂ ਵਿੱਚ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਝੋਨੇ ਦਾ ਝਾੜ ਡਿੱਗ ਗਿਆ ਹੈ, ਉੱਥੇ ਖੇਤਾਂ ਵਿਚ ਮਿੱਟੀ ਗਿੱਲੀ ਅਤੇ ਝੋਨੇ ਵਿਚ ਨਮੀ ਹੋਣ ਕਾਰਨ ਕੰਬਾਇਨ ਚਲਾਉਣਾ ਵੀ ਆਸਾਨ ਨਹੀਂ ਹੈ, ਜਿਸਦੇ ਚਲਦੇ ਖਰੀਦ ਵਿਚ ਲਗਭਗ 1 ਹਫ਼ਤੇ ਦੀ ਦੇਰੀ ਹੋ ਸਕਦੀ ਹੈ ਜਦਕਿ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ 3 ਅਕਤੂਬਰ ਨੂੰ ਜ਼ਿਲੇ ਦੀਆਂ ਮੰਡੀਆਂ ’ਚ ਝੋਨੇ ਦੀ ਖ਼ਰੀਦ ਲਈ ਬੋਲੀ ਕਰਵਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਝੋਨੇ ਦੀ ਨਮੀ ਦੀ ਮਾਤਰਾ 17 ਫ਼ੀਸਦੀ ਨਿਰਧਾਰਤ ਹੈ ਪਰ ਨਮੀ ਦੀ ਮਾਤਰੀ ਇਸ ਤੋਂ ਕਿਤੇ ਜ਼ਿਆਦਾ ਸੀ।

ਇਹ ਵੀ ਪੜ੍ਹੋ: ਬਿਜਲੀ ਮਹਿਕਮੇ 'ਚ ਤਕਨੀਕੀ ਸਟਾਫ਼ ਦੀ ਘਾਟ, CMD ਵੱਲੋਂ ਦਫ਼ਤਰਾਂ 'ਚ ਬੈਠੇ ਮੁਲਾਜ਼ਮਾਂ ਨੂੰ ਸਖ਼ਤ ਆਦੇਸ਼ ਜਾਰੀ

ਲਿਫਟਿੰਗ ਠੇਕੇਦਾਰ ਵੱਲੋਂ ਵਿਜੀਲੈਂਸ ਦੀ ਜਾਂਚ ਦਾ ਸਾਹਮਣਾ ਕਰਨ ਕਾਰਨ ਨਹੀਂ ਸ਼ੁਰੂ ਹੋਏ ਲਿਫਟਿੰਗ ਦੇ ਟੈਂਡਰ

ਲਿਫਟਿੰਗ ਠੇਕੇਦਾਰ ਦੇ ਵਿਜ਼ੀਲੈਂਸ ਦੀ ਜਾਂਚ ਅਧੀਨ ਹੋਣ ਅਤੇ ਕੇਸ ਦਰਜ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਲਿਫਟਿੰਗ ਦੇ ਟੈਂਡਰ ਜਾਰੀ ਨਹੀਂ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਟੈਂਡਰ ਨਾ ਆਉਣ ਕਾਰਨ ਝੋਨੇ ਦਾ ਸੀਜ਼ਨ ਤੇਜ਼ ਹੋਣ ਤੋਂ ਬਾਅਦ ਲਿਫਟਿੰਗ ਦੀ ਸਮੱਸਿਆ ਮੁਸ਼ਕਿਲਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਡਿਪਟੀ ਕਮਿਸ਼ਨਰ ਦੇ ਧਿਆਨ ’ਚ ਲਿਆਉਣ ਲਈ ਉਨ੍ਹਾਂ ਦਾ ਵਫ਼ਦ ਜਲਦੀ ਹੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰੇਗਾ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ ਨੂੰ ਦਿੱਤੇ ਗਏ ਸ਼ੈਲਰ ਅਤੇ ਏਜੰਸੀਆਂ ਦੀ ਅਲਾਟਮੈਂਟ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਨ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹਦੀ ਦੇਖੀ ਜਾ ਰਹੀ ਹੈ।

ਕੀ ਕਹਿੰਦੇ ਹਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਾਰ ਜਿੱਥੇ ਚਾਈਨਾ ਵਾਇਰਸ ਦੀ ਬੀਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ ਨੇ ਵੀ ਝੋਨੇ ਦੇ ਪੱਕਣ ਵਿਚ ਦੇਰੀ ਕਰ ਦਿੱਤੀ ਹੈ ਜਦਕਿ ਮਟਰਾਂ ਦੀ ਬਿਜਾਈ ਅਤੇ ਆਲੂ ਦੀ ਫ਼ਸਲ ਲਗਾਉਣ ਦਾ ਸਮਾਂ ਵੀ ਆ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਰ ਝੋਨੇ ਦੀ ਨਮੀ ਵਿਚ ਹੋਰ ਢਿੱਲ ਦਿੱਤੀ ਜਾਵੇ। ਜੇਕਰ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਕਿਸਾਨ ਸੰਘਰਸ਼ ਦਾ ਰਾਹ ਅਪਣਾਉਣ ਤੋਂ ਪਿੱਛੇ ਨਹੀਂ ਹਟਣਗੇ।

ਕੀ ਕਹਿੰਦੇ ਹਨ ਡੀ. ਐੱਫ. ਐੱਸ. ਓ.

ਇਸ ਸਬੰਧੀ ਜਦੋਂ ਡੀ. ਐੱਫ਼. ਐੱਸ. ਓ. ਮੈਡਮ ਰੇਣੂਬਾਲਾ ਦੇ ਨਾਲ ਉਨ੍ਹਾਂ ਦੇ ਫੋਨ ਨੰਬਰ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ: ਜਲੰਧਰ: ਫੁੱਟਬਾਲ ਕੋਚ ਨੇ ਨਹੀਂ ਚੁੱਕਿਆ ਫੋਨ ਤਾਂ ਤੈਸ਼ 'ਚ ਆਈ ਕੁੜੀ ਨੇ ਗਲ਼ ਲਾਈ ਮੌਤ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News