ਸਰਕਾਰੀ ਪ੍ਰਚਾਰ ਦੀ ਖੁੱਲ੍ਹੀ ਪੋਲ, ਲੋਕ ਕੋਰੋਨਾ ਵੈਕਸੀਨ ਲਈ ਤਿਆਰ ਪਰ ਹਸਪਤਾਲਾਂ ਨੇ ਖੜ੍ਹੇ ਕੀਤੇ ਹੱਥ

05/06/2021 2:30:39 PM

ਰੂਪਨਗਰ (ਸੱਜਣ ਸੈਣੀ)-ਕੋਰੋਨਾ ਲਾਗ ਦੀ ਬੀਮਾਰੀ ਸੂਬੇ ’ਚ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਨੇ ਕਈ ਹਦਾਇਤਾਂ ਜਾਰੀ ਕੀਤੀਆਂ ਹਨ। ਇਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਆਪਣੇ ਆਪ ਨੂੰ ਕੋਰੋਨਾ ਤੋਂ ਸੁਰੱਖਿਅਤ ਕਰਨ ਲਈ ਕੋਰੋਨਾ ਰੋਕੂ ਵੈਕਸੀਨ ਲਗਵਾਓ ਪਰ ਦੂਜੇ ਪਾਸੇ ਹਸਪਤਾਲਾਂ ’ਚ ਕੋਰੋਨਾ ਰੋਕੂ ਵੈਕਸੀਨ ਨਾ ਮਿਲਣ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।

PunjabKesari

ਇਸੇ ਤਰ੍ਹਾਂ ਦੇ ਹਾਲਾਤ ਨੇ ਜ਼ਿਲ੍ਹਾ ਰੂਪਨਗਰ ਦੇ, ਜਿਥੇ ਪਿਛਲੇ 10 ਦਿਨਾਂ ਤੋਂ ਕੋ-ਵੈਕਸੀਨ ਦਾ ਸਟਾਕ ਖਤਮ ਹੋਣ ਕਾਰਨ ਮਰੀਜ਼ਾਂ ਨੂੰ ਦੂਜੀ ਖੁਰਾਕ ਲਗਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ।

PunjabKesari

ਇਥੇ ਹੀ ਬਸ ਨਹੀਂ ਬਲਕਿ ਕੋਵੀਸ਼ੀਲਡ ਵੈਕਸੀਨ ਦਾ ਸਟਾਕ ਵੀ ਸਿਵਲ ਹਸਪਤਾਲ ’ਚ ਸਿਰਫ਼ ਇੱਕ ਦਿਨ ਦਾ ਹੀ ਬਚਿਆ ਹੈ । ਜੇ ਸ਼ਾਮ ਤਕ ਕੋਵੀਸ਼ੀਲਡ ਵੈਕਸੀਨ ਜ਼ਿਲ੍ਹੇ ’ਚ ਨਾ ਪਹੁੰਚੀ ਤਾਂ ਕੱਲ੍ਹ ਤੋਂ ਜ਼ਿਲ੍ਹੇ ’ਚ ਕੋਵੀਸ਼ੀਲਡ ਵੈਕਸੀਨ ਲਾਉਣ ਦਾ ਕੰਮ ਵੀ ਠੱਪ ਹੋ ਸਕਦਾ ਹੈ।

PunjabKesari

ਜੇਕਰ ਸਿਹਤ ਵਿਭਾਗ ਤੇ ਸਰਕਾਰ ਦੀ ਮੰਨੀਏ ਤਾਂ ਕੋਰੋਨਾ ਦੀ ਪਹਿਲੀ ਡੋਜ਼ ਤੋਂ ਬਾਅਦ ਦੂਜੀ ਡੋਜ਼ ਚਾਰ ਤੋਂ ਛੇ ਹਫ਼ਤਿਆਂ ’ਚ ਲਗਵਾਉਣੀ ਜ਼ਰੂਰੀ ਹੈ ਪਰ ਜ਼ਿਲ੍ਹਾ ਰੂਪਨਗਰ ਦੇ ਹਸਪਤਾਲਾਂ ’ਚ ਕੋ-ਵੈਕਸੀਨ ਦਾ ਸਟਾਕ ਪਿਛਲੇ 10 ਦਿਨਾਂ ਤੋਂ ਖ਼ਤਮ ਹੋਣ ਕਾਰਨ, ਜਿਨ੍ਹਾਂ ਲੋਕਾਂ ਨੇ ਕੋ-ਵੈਕਸੀਨ ਦੀ ਪਹਿਲੀ ਖੁਰਾਕ ਲਗਾਈ ਸੀ, ਉਨ੍ਹਾਂ ਦਾ ਚਾਰ ਤੋਂ ਛੇ ਹਫ਼ਤਿਆਂ ਦਾ ਸਮਾਂ ਟੱਪ ਚੁੱਕਾ ਹੈ। ਹੁਣ ਮਰੀਜ਼ਾਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ ਕਿ ਜੋ ਉਨ੍ਹਾਂ ਵੱਲੋਂ ਕੋ-ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ ਹੈ, ਕੀ ਸਮਾਂ ਲੰਘਣ ਤੋਂ ਬਾਅਦ ਉਸ ਦਾ ਅਸਰ ਰਹੇਗਾ ਕਿ ਨਹੀਂ ਜਾਂ ਉਨ੍ਹਾਂ ਨੂੰ ਦੁਬਾਰਾ ਕੋ-ਵੈਕਸੀਨ ਲਗਵਾਉਣੀ ਪਵੇਗੀ। ਮਰੀਜ਼ਾਂ ਨੂੰ ਇਹ ਤੱਕ ਨਹੀਂ ਦੱਸਿਆ ਜਾ ਰਿਹਾ ਕਿ ਵੈਕਸੀਨ ਕਦੋਂ ਆਉਣੀ ਹੈ ਤੇ ਜੇ ਵੈਕਸੀਨ ਲਗਵਾਉਣ ਦਾ ਸਮਾਂ ਨਿਕਲ ਜਾਂਦਾ ਤਾਂ ਉਸ ਦੇ ਕੀ ਪ੍ਰਭਾਵ ਹੋਣਗੇ।

PunjabKesari

ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਦੇਸ਼ ਦੀਆਂ ਸਰਕਾਰਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਲਗਾਤਾਰ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ’ਚ ਇਸ਼ਤਿਹਾਰ ਦੇ ਰਹੀਆਂ ਹਨ ਪਰ ਦੂਜੇ ਪਾਸੇ ਹਸਪਤਾਲਾਂ ’ਚ ਕੋਰੋਨਾ ਵੈਕਸੀਨ ਖ਼ਤਮ ਹੋਣ ਕਾਰਨ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ । ਹੁਣ ਦੇਖਣਾ ਹੋਵੇਗਾ ਕਿ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕਿੰਨੀ ਕੁ ਜਲਦੀ ਕੋਰੋਨਾ ਵੈਕਸੀਨ ਮੁਹੱਈਆ ਕਰਵਾ ਕੇ ਲੋਕਾਂ ਨੂੰ ਰਾਹਤ ਦੇਣਗੀਆਂ ।


Manoj

Content Editor

Related News