ਖੱਡ ''ਚ ਡਿੱਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਸਾਥੀ ਗੰਭੀਰ ਜ਼ਖਮੀ

Saturday, Sep 21, 2019 - 12:26 PM (IST)

ਖੱਡ ''ਚ ਡਿੱਗਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ, ਸਾਥੀ ਗੰਭੀਰ ਜ਼ਖਮੀ

ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ-ਊਨਾ ਰੋਡ 'ਤੇ ਪੰਜਾਬ-ਹਿਮਾਚਲ ਹੱਦ 'ਤੇ ਸਥਿਤ ਬਨਖੰਡੀ ਨੇੜੇ ਬੀਤੀ ਦੇਰ ਰਾਤ ਬੇਕਾਬੂ ਮੋਟਰਸਾਈਕਲ ਸੜਕ ਦੇ ਨਾਲ ਕਰੀਬ 70 ਫੁੱਟ ਡੂੰਘੀ ਖੱਡ 'ਚ ਡਿੱਗਣ ਨਾਲ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਲਵਪ੍ਰੀਤ ਸਿੰਘ ਪੁੱਤਰ ਮਦਨ ਲਾਲ ਅਤੇ ਕਸ਼ਿਸ਼ ਨੂੰ ਉਨ੍ਹਾਂ ਦੇ ਦੋਸਤ ਬੜੀ ਮੁਸ਼ਕਲ ਨਾਲ ਖੱਡ 'ਚੋਂ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾ ਰਹੇ ਸਨ ਕਿ ਰਸਤੇ 'ਚ ਹੀ ਲਵਪ੍ਰੀਤ ਦੀ ਮੌਤ ਹੋ ਗਈ। ਗੰਭੀਰ ਰੂਪ 'ਚ ਜ਼ਖ਼ਮੀ ਕਸ਼ਿਸ਼ ਨੂੰ ਡਿਊਟੀ 'ਤੇ ਤਾਇਨਾਤ ਡਾਕਟਰ ਅਤੇ ਮੈਡੀਕਲ ਸਟਾਫ ਨੇ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਸਿਰ 'ਤੇ ਸੱਟ ਲੱਗਣ ਕਾਰਣ ਕਸ਼ਿਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਮਿਲਦੇ ਹੀ ਜ਼ਿਲਾ ਊਨਾ ਦੇ ਹਰੋਲੀ ਥਾਣੇ ਤੋਂ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਸੀ।

ਟਾਂਡਾ ਤੋਂ 3 ਮੋਟਰਸਾਈਕਲਾਂ 'ਤੇ ਸਵਾਰ 6 ਦੋਸਤ ਜਾ ਰਹੇ ਸਨ ਪੀਰ ਨਿਗਾਹਾ
ਸਿਵਲ ਹਸਪਤਾਲ 'ਚ ਹਿਮਾਚਲ ਪੁਲਸ ਦੀ ਹਾਜ਼ਰੀ 'ਚ ਮ੍ਰਿਤਕ ਲਵਪ੍ਰੀਤ ਸਿੰਘ ਦੇ ਪਰਿਵਾਰ ਅਤੇ ਦੋਸਤਾਂ ਨੇ ਦੱਸਿਆ ਕਿ ਬੀਤੀ ਰਾਤ ਟਾਂਡਾ ਤੋਂ 3 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ 6 ਦੋਸਤ ਹਿਮਾਚਲ ਪ੍ਰਦੇਸ਼ ਵਿਚ ਸਥਿਤ ਧਾਰਮਕ ਅਸਥਾਨ ਪੀਰ ਨਿਗਾਹਾ ਮੱਥਾ ਟੇਕਣ ਲਈ ਨਿਕਲੇ ਸਨ। ਰਾਤ 10 ਵਜੇ ਦੇ ਕਰੀਬ ਬਨਖੰਡੀ ਤੋਂ ਅੱਗੇ ਪਹਾੜੀ ਖੇਤਰ ਵਿਚ ਮੋੜ ਕੱਟਣ ਸਮੇਂ ਅਚਾਨਕ ਲਵਪ੍ਰੀਤ ਦਾ ਮੋਟਰਸਾਈਕਲ ਬੇਕਾਬੂ ਹੋ ਕੇ 70 ਫੁੱਟ ਡੂੰਘੀ ਖੱਡ ਵਿਚ ਜਾ ਡਿੱਗਾ। ਮੋਟਰਸਾਈਕਲ 'ਤੇ ਲਵਪ੍ਰੀਤ ਨਾਲ ਉਸ ਦਾ ਦੋਸਤ ਕਸ਼ਿਸ਼ ਵੀ ਸਵਾਰ ਸੀ। ਲਵਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਉ ਮਦਨ ਲਾਲ ਟਾਂਡਾ ਨਗਰ ਪ੍ਰੀਸ਼ਦ 'ਚ ਸੁਪਰਵਾਈਜ਼ਰ ਵਜੋਂ ਤਾਇਨਾਤ ਹੈ।

ਮੋਬਾਇਲਾਂ ਦੀ ਰੌਸ਼ਨੀ 'ਚ ਦੋਸਤਾਂ ਨੇ ਖੱਡ 'ਚੋਂ ਦੋਵਾਂ ਨੂੰ ਕੱਢਿਆ ਬਾਹਰ
ਮ੍ਰਿਤਕ ਦੇ ਦੋਸਤਾਂ ਅਨੁਸਾਰ ਉਹ ਰਾਤ ਦੇ ਹਨੇਰੇ ਵਿਚ ਬੜੀ ਮੁਸ਼ਕਲ ਨਾਲ ਮੋਬਾਇਲਾਂ ਦੀ ਰੌਸ਼ਨੀ ਵਿਚ ਪਹਾੜੀ ਤੋਂ ਹੇਠਾਂ ਉਤਰ ਕੇ ਬੜੀ ਮੁਸ਼ਕਲ ਨਾਲ ਗੰਭੀਰ ਜ਼ਖ਼ਮੀ ਲਵਪ੍ਰੀਤ ਅਤੇ ਕਸ਼ਿਸ਼ ਨੂੰ ਲੈ ਕੇ ਸੜਕ 'ਤੇ ਪੁੱਜੇ। ਇਸ ਦੌਰਾਨ ਊਨਾ ਤੋਂ ਹੁਸ਼ਿਆਰਪੁਰ ਵੱਲ ਆ ਰਿਹਾ ਇਕ ਵਾਹਨ ਚਾਲਕ ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਲਿਆਉਣ ਲਈ ਤਿਆਰ ਹੋ ਗਿਆ ਪਰ ਰਸਤੇ ਵਿਚ ਹੀ ਲਵਪ੍ਰੀਤ ਦੀ ਮੌਤ ਹੋ ਗਈ।

ਪੋਸਟਮਾਰਟਮ ਤੋਂ ਬਾਅਦ ਲਾਸ਼ ਕੀਤੀ ਪਰਿਵਾਰ ਦੇ ਹਵਾਲੇ
ਹਾਦਸੇ ਦੀ ਜਾਂਚ ਕਰ ਰਹੇ ਹਰੋਲੀ ਥਾਣੇ ਵਿਚ ਤਾਇਨਾਤ ਸਬ-ਇੰਸਪੈਕਟਰ ਜੀਤ ਰਾਮ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦੇ ਆਧਾਰ 'ਤੇ ਇਸ ਮਾਮਲੇ 'ਚ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।


author

shivani attri

Content Editor

Related News