ਡੀ. ਐੱਸ. ਪੀ. ਦੇ ਘਰ ਸਣੇ ਹੋਰ ਥਾਵਾਂ ਤੋਂ ਚੋਰੀ ਕੀਤੇ 7 ਲੈਪਟਾਪ ਬਰਾਮਦ

11/13/2019 4:43:18 PM

ਜਲੰਧਰ (ਮਹੇਸ਼)— ਪੁਲਸ ਹੈੱਡਕੁਆਰਟਰ ਚੰਡੀਗੜ੍ਹ ਵਿਚ ਤਾਇਨਾਤ ਇਕ ਡੀ. ਸੀ. ਪੀ. ਦੇ ਦੀਪ ਨਗਰ ਸਥਿਤ ਘਰ ਸਣੇ ਹੋਰ ਥਾਵਾਂ ਤੋਂ ਲੈਪਟਾਪ, ਮੋਬਾਇਲ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ 30 ਸਾਲ ਦੇ ਹਰਪ੍ਰੀਤ ਸਿੰਘ ਹੈਪੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਰਾਣੀਪੁਰ ਕੰਬੋਆ ਫਗਵਾੜਾ ਜ਼ਿਲਾ ਕਪੂਰਥਲਾ ਨੂੰ ਪਰਾਗਪੁਰ ਚੌਕੀ ਇੰਚਾਰਜ ਨਰਿੰਦਰ ਮੋਹਨ ਨੇ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਨਾਲ ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ, ਥਾਣਾ ਕੈਂਟ ਦੇ ਇੰਚਾਰਜ ਰਾਮਪਾਲ ਤੇ ਅਡੀਸ਼ਨਲ ਐੱਸ. ਐੱਚ. ਓ. ਜਸਵੰਤ ਸਿੰਘ ਵੀ ਮੌਜੂਦ ਸਨ।

ਤਿੰਨ ਮਹੀਨੇ ਪਹਿਲਾਂ 8 ਅਗਸਤ ਨੂੰ ਜੇਲ ਤੋਂ ਜ਼ਮਾਨਤ 'ਤੇ ਆਏ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਮੁਲਜ਼ਮ ਹੈਪੀ ਤੋਂ ਪੁਲਸ ਨੇ ਚੋਰੀ ਦੇ 7 ਲੈਪਟਾਪ, ਓਪੋ ਤੇ ਸੈਮਸੰਗ ਦੇ ਦੋ ਮੋਬਾਇਲ ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਪਰਮਿੰਦਰ ਸਿੰਘ ਭੰਡਾਲ ਤੇ ਮੇਜਰ ਸਿੰਘ ਢੱਡਾ ਨੇ ਕਿਹਾ ਕਿ ਦੀਪ ਨਗਰ ਰੋਡ 'ਤੇ ਸਥਿਤ ਪੈਟਰੋਲ ਪੰਪ ਕੋਲ ਚੌਕੀ ਪਰਾਗਪੁਰ ਇੰਚਾਰਜ ਨਰਿੰਦਰ ਮੋਹਨ ਵਲੋਂ ਫੜੇ ਗਏ ਮੁਲਜ਼ਮ ਹੈਪੀ ਖਿਲਾਫ ਜਲੰਧਰ ਕੈਂਟ ਵਿਚ ਆਈ. ਪੀ. ਸੀ. ਦੀ ਧਾਰਾ 454 ਤੇ 379 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਕੋਲੋਂ ਹੋਰ ਪੁੱਛਗਿੱਛ ਕਰਨ ਲਈ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

2 ਤੋਂ 3 ਹਜ਼ਾਰ 'ਚ ਵੇਚ ਦਿੰਦਾ ਸੀ ਲੈਪਟਾਪ : ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਮੁਲਜ਼ਮ ਹੈਪੀ ਨਸ਼ਾ ਕਰਨ ਦਾ ਆਦੀ ਸੀ। ਨਸ਼ੇ ਦੀ ਪੂਰਤੀ ਲਈ ਹੀ ਉਹ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਸ ਨੇ ਪੁੱਛਗਿੱਛ ਵਿਚ ਕਿਹਾ ਕਿ ਉਹ ਚੋਰੀ ਕੀਤੇ ਲੈਪਟਾਪ ਨੂੰ ਬਹੁਤ ਸਸਤੇ ਭਾਅ 2 ਤੋਂ 3 ਹਜ਼ਾਰ ਰੁਪਏ ਵਿਚ ਵੇਚ ਦਿੰਦਾ ਸੀ। ਭੰਡਾਲ ਤੇ ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੈਪੀ 'ਤੇ ਥਾਣਾ ਸਤਨਾਮਪੁਰਾ ਫਗਵਾੜਾ ਵਿਚ ਆਈ. ਪੀ. ਸੀ. ਦੀ ਧਾਰਾ 454, 380, 201 ਤੇ 411 ਤਹਿਤ 16 ਅਕਤੂਬਰ 2018 ਨੂੰ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਉਹ ਜੇਲ ਵੀ ਜਾ ਚੁੱਕਾ ਹੈ। ਮੁਲਜ਼ਮ ਕੋਲੋਂ ਬਰਾਮਦ ਹੋਏ ਲੈਪਟਾਪ ਤੇ ਮੋਬਾਇਲਾਂ ਦੀ ਕੀਮਤ ਤਿੰਨ ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।


shivani attri

Content Editor

Related News