ਕੰਪਨੀ ਦੇ ਮਾਲਕ ਜੀਜਾ-ਸਾਲਾ ਨੇ ਸ਼ਿਵ ਵਿਹਾਰ ਤੇ ਹਰਦੀਪ ਨਗਰ ''ਚ ਬਣਾਏ ਘਰ ਵੇਚਣ ''ਤੇ ਲਾਏ

07/22/2020 11:30:06 AM

ਜਲੰਧਰ (ਵਰੁਣ)— ਕਰੋੜਾਂ ਰੁਪਏ ਦਾ ਫਰਾਡ ਕਰਕੇ ਦੌੜੀ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਜੀਜਾ- ਸਾਲਾ ਮਾਲਕ ਸ਼ਿਵ ਵਿਹਾਰ ਅਤੇ ਹਰਦੀਪ ਨਗਰ 'ਚ ਸਥਿਤ ਆਪਣੀਆਂ ਆਲੀਸ਼ਾਨ ਕੋਠੀਆਂ ਵੇਚਣ ਦੀ ਫਿਰਾਕ 'ਚ ਹਨ। ਦੋਵਾਂ ਦੋਸ਼ੀਆਂ ਦੇ ਪਰਿਵਾਰ ਕੋਠੀਆਂ ਵੇਚਣ ਲਈ ਗਾਹਕਾਂ ਨਾਲ ਡੀਲ ਕਰ ਰਹੇ ਹਨ। ਇਹ ਸਾਰੀ ਜਾਣਕਾਰੀ ਦੋਵਾਂ ਦੋਸ਼ੀਆਂ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਫਰਾਰ ਦੋਸ਼ੀਆਂ ਦੇ ਪਰਿਵਾਰ ਗਾਹਕਾਂ ਨੂੰ ਕੋਠੀਆਂ ਦਿਖਾਉਣ ਇਥੇ ਆਉਂਦੇ ਰਹਿੰਦੇ ਹਨ।

ਦੂਜੇ ਪਾਸੇ ਐੱਫ. ਆਈ.ਆਰ. ਦਰਜ ਹੋਇਆਂ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਸ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਦੇ ਿਤੰਨਾਂ ਮਾਲਕਾਂ ਰਣਜੀਤ ਸਿੰਘ, ਗਗਨਦੀਪ ਸਿੰਘ ਅਤੇ ਗੁਰਮਿੰਦਰ ਿਸੰਘ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲਾ ਸਕੀ ਹੈ। ਤਿੰਨੋਂ ਦੋਸ਼ੀ ਅਜੇ ਵੀ ਫਰਾਰ ਹਨ। ਪੁਲਸ ਵੱਲੋਂ ਜਲੰਧਰ 'ਚ ਰਹਿੰਦੇ ਦੋਸ਼ੀਆਂ ਦੇ ਪਰਿਵਾਰਾਂ 'ਤੇ ਸ਼ਿਕੰਜਾ ਨਹੀਂ ਕੱਸਿਆ ਗਿਆ। ਜੇਕਰ ਦੋਸ਼ੀ ਆਪਣੀਆਂ ਕੋਠੀਆਂ ਵੇਚਣ 'ਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਪੁਲਸ ਦੀ ਵੱਡੀ ਲਾਪਰਵਾਹੀ ਹੋਵੇਗੀ ਅਤੇ ਦੋਸ਼ੀਆਂ ਨੂੰ ਲੱਭਣਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ।

ਇਸ ਤੋਂ ਪਹਿਲਾਂ ਵੀ ਪੁਲਸ ਦੀ ਲਾਪਰਵਾਹੀ ਕਾਰਨ ਕੰਪਨੀ ਦਾ ਮਾਲਕ ਰਣਜੀਤ ਸਿੰਘ ਉਸ ਦੇ ਹੱਥੋਂ ਨਿਕਲ ਚੁੱਕਾ ਹੈ। ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਕਿਸਾਨਾਂ ਵੱਲੋਂ ਧਰਨਾ ਦੇਣ ਕਾਰਨ ਪੁਲਸ ਉਧਰ ਰੁੱਝੀ ਰਹੀ, ਜਿਸ ਕਾਰਨ ਮਾਮਲੇ ਦੀ ਜਾਂਚ ਅੱਗੇ ਨਹੀਂ ਵਧ ਸਕੀ। ਹਾਲ ਹੀ 'ਚ ਪੁਲਸ ਨੇ ਕੰਪਨੀ ਦੇ ਤਿੰਨ ਬੈਂਕ ਖਾਤੇ ਫਰੀਜ਼ ਕੀਤੇ ਹਨ, ਇਸ ਤੋਂ ਇਲਾਵਾ ਅਜੇ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਆਪਣੇ ਦਫਤਰਾਂ ਨੂੰ ਤਾਲੇ ਲਾ ਕੇ ਫਰਾਰ ਹੋ ਗਈ ਸੀ। ਕੰਪਨੀ 'ਚ ਨਿਵੇਸ਼ ਕਰਨ ਵਾਲੇ ਡਿਸਟੀਬਿਊਟਰਾਂ ਅਤੇ ਨਿਵੇਸ਼ਕਾਂ ਨੇ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਆਧਾਰ 'ਤੇ ਕੰਪਨੀ ਦੇ ਮਾਲਕ ਰਣਜੀਤ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਨਿਵਾਸੀ ਜਲੰਧਰ ਹਾਈਟਸ-2 ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਸੀ।


shivani attri

Content Editor

Related News