ਜਿਮਖਾਨਾ ਕਲੱਬ ਚੋਣਾਂ: ਕੋਡ ਆਫ਼ ਕੰਡਕਟ ਦੀ ਉਲੰਘਣਾ ਮਾਮਲੇ ’ਚ ਅਚੀਵਰਸ ਗਰੁੱਪ ਦੇ ਸਾਰੇ 12 ਉਮੀਦਵਾਰਾਂ ਨੂੰ ਨੋਟਿਸ ਜਾਰੀ

03/10/2024 2:07:03 PM

ਜਲੰਧਰ (ਖੁਰਾਣਾ)–ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਕਈ ਸਾਲ ਪਹਿਲਾਂ ਕੋਡ ਆਫ ਕੰਡਕਟ ਤਿਆਰ ਕੀਤਾ ਗਿਆ ਸੀ ਅਤੇ ਉਸ ਨੂੰ ਕਲੱਬ ਦੀ ਏ. ਜੀ. ਐੱਮ. ਵਿਚ ਪਾਸ ਵੀ ਕਰਵਾਇਆ ਗਿਆ ਸੀ। 10 ਮਾਰਚ ਨੂੰ ਹੋਣ ਜਾ ਰਹੀਆਂ ਕਲੱਬ ਚੋਣਾਂ ਲਈ ਵੀ ਕੋਡ ਆਫ਼ ਕੰਡਕਟ ਤਹਿਤ ਹੀ ਸਭ ਕੁਝ ਚੱਲ ਰਿਹਾ ਸੀ। ਕੋਡ ਆਫ਼ ਕੰਡਕਟ ਵਿਚ ਨਿਯਮ ਹੈ ਕਿ ਵੋਟਾਂ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਚੋਣ ਪ੍ਰਚਾਰ ਦਾ ਸਿਲਸਿਲਾ ਬੰਦ ਹੋ ਜਾਵੇਗਾ। ਇਸ ਕੋਡ ਆਫ਼ ਕੰਡਕਟ (ਆਦਰਸ਼ ਚੋਣ ਜ਼ਾਬਤਾ) ਦੇ ਉਲੰਘਣ ਦੇ ਮੱਦੇਨਜ਼ਰ ਅੱਜ ਸਹਾਇਕ ਰਿਟਰਨਿੰਗ ਅਧਿਕਾਰੀ ਪੁਨੀਤ ਸ਼ਰਮਾ ਨੇ ਅਚੀਵਰਸ ਗਰੁੱਪ ਦੇ ਸਾਰੇ 12 ਉਮੀਦਵਾਰਾਂ ਨੂੰ ਨੋਟਿਸ ਜਾਰੀ ਕੀਤੇ। ਜਾਰੀ ਨੋਟਿਸ ਅਨੁਸਾਰ ਵੱਖ-ਵੱਖ ਅਹੁਦਿਆਂ ਲਈ ਉਮੀਦਵਾਰ ਅਮਿਤ ਕੁਕਰੇਜਾ, ਤਰੁਣ ਸਿੱਕਾ, ਸੌਰਭ ਖੁੱਲਰ, ਸੁਮਿਤ ਸ਼ਰਮਾ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਮੁਕੇਸ਼ ਮੋਨੂੰ ਪੁਰੀ, ਅਤੁਲ ਤਲਵਾੜ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਐੱਮ. ਬੀ. ਬਾਲੀ ਅਤੇ ਕਰਣ ਅਗਰਵਾਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਵੱਲੋਂ ਜਾਰੀ ਨੋਟਿਸ ਮੁਤਾਬਕ ਇਨ੍ਹਾਂ ਉਮੀਦਵਾਰਾਂ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਵੋਟਿੰਗ ਤੋਂ 24 ਘੰਟੇ ਪਹਿਲਾਂ ਚੋਣ ਪ੍ਰਚਾਰ ’ਤੇ ਲੱਗੀ ਪਾਬੰਦੀ ਦੀ ਉਲੰਘਣਾ ਕੀਤੀ ਹੈ। ਨੋਟਿਸ ਮੁਤਾਬਕ ਵੋਟਿੰਗ 10 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਣੀ ਸੀ, ਜਿਸ ਦੇ ਮੁਤਾਬਕ 9 ਮਾਰਚ ਨੂੰ ਸਵੇਰੇ 8 ਵਜੇ ਪ੍ਰਚਾਰ ਬੰਦ ਕਰ ਦਿੱਤਾ ਗਿਆ ਸੀ।
 

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦੀ ਦੋਆਬਾ ਵਾਸੀਆਂ ਨੂੰ ਸੌਗਾਤ, ਆਦਮਪੁਰ ਹਵਾਈ ਅੱਡੇ ਦਾ ਕੀਤਾ ਉਦਘਾਟਨ

ਜਾਰੀ ਨੋਟਿਸ ਅਨੁਸਾਰ ਇਨ੍ਹਾਂ ਉਮੀਦਵਾਰਾਂ ਨੇ ਚੋਣ ਜ਼ਾਬਤੇ ਦਾ ਉਲੰਘਣ ਕਰਦੇ ਹੋਏ ਆਪਣੀ ਚੋਣ ਮੁਹਿੰਮ ਜਾਰੀ ਰੱਖੀ ਅਤੇ ਵੋਟਰਾਂ ਨੂੰ ਖਾਣੇ ਦਾ ਸੱਦਾ ਦੇਣ ਸਬੰਧੀ ਸੱਦਾ-ਪੱਤਰ ਵੰਡੇ ਗਏ, ਜੋ ਚੋਣ ਜ਼ਾਬਤੇ ਦਾ ਉਲੰਘਣ ਹੈ। ਜਾਰੀ ਨੋਟਿਸ ਅਨੁਸਾਰ ਸਬੰਧਤ ਧਿਰਾਂ ਨੂੰ ਇਸ ਸਬੰਧ ਵਿਚ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਹਾਇਕ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਚੋਣ ਜ਼ਾਬਤੇ ਦਾ ਉਲੰਘਣ ਕਰਨ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦਾ ਉਲੰਘਣ ਕਰਕੇ ਆਯੋਜਿਤ ਪ੍ਰੋਗਰਾਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਚੋਣ ਪ੍ਰਕਿਰਿਆ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੂਰੀ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਵ੍ਹਟਸਐਪ ਗਰੁੱਪਾਂ ਵਿਚ ਇਕ ਇਨਵੀਟੇਸ਼ਨ ਕਾਰਡ ਪਾਇਆ ਜਾਣ ਲੱਗਾ, ਜਿਸ ਵਿਚ ਸਾਫ਼ ਲਿਖਿਆ ਸੀ ਕਿ ਅਚੀਵਰਸ ਗਰੁੱਪ ਦੇ ਸਮਰਥਨ ਵਿਚ ਕਲੱਬ ਕਬਾਨਾ ਵਿਚ ਸ਼ਨੀਵਾਰ ਰਾਤੀਂ ਇਕ ਪਾਰਟੀ ਆਯੋਜਿਤ ਕੀਤੀ ਜਾਵੇਗੀ। ਇਸ ਇਨਵੀਟੇਸ਼ਨ ਕਾਰਡ ਦੇ ਖ਼ਿਲਾਫ਼ ਪ੍ਰੋਗਰੈਸਿਵ ਗਰੁੱਪ ਦੀ ਟੀਮ ਨੇ ਚੋਣ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਇਹ ਕਾਰਵਾਈ ਹੋਈ। ਸ਼ਿਕਾਇਤ ਵਿਚ ਸਬੂਤ ਦਿੱਤੇ ਗਏ ਕਿ ਅਚੀਵਰਸ ਦੇ ਵਧੇਰੇ ਉਮੀਦਵਾਰਾਂ ਨੇ ਆਪਣੇ-ਆਪਣੇ ਸਮਰਥਕਾਂ ਨੂੰ ਇਹੀ ਇਨਵੀਟੇਸ਼ਨ ਕਾਰਡ ਫਾਰਵਰਡ ਕੀਤੇ ਅਤੇ ਇਨ੍ਹਾਂ ਨੂੰ ਗਰੁੱਪਾਂ ਵਿਚ ਵੀ ਪਾਇਆ ਗਿਆ। ਕਈ ਉਮੀਦਵਾਰ ਤਾਂ ਇਹ ਦਲੀਲ ਦਿੰਦੇ ਦਿਸੇ ਕਿ ਪਾਰਟੀ ਜਲੰਧਰ ਤੋਂ ਬਾਅਦ ਯਾਨੀ ਕਪੂਰਥਲਾ ਇਲਾਕੇ ਵਿਚ ਹੋ ਰਹੀ ਹੈ, ਇਸ ਲਈ ਉਥੇ ਕੋਡ ਆਫ ਕੰਡਕਟ ਲਾਗੂ ਨਹੀਂ ਹੁੰਦਾ। ਦੂਜੇ ਗਰੁੱਪ ਦਾ ਇਤਰਾਜ਼ ਸੀ ਕਿ ਕਪੂਰਥਲਾ, ਫਗਵਾੜਾ ਅਤੇ ਹੋਰਨਾਂ ਸ਼ਹਿਰਾਂ ਵਿਚ ਵੀ ਜਿਮਖਾਨਾ ਦੇ ਮੈਂਬਰ ਹਨ, ਇਸ ਲਈ ਵੋਟਿੰਗ ਤੋਂ ਇਕ ਰਾਤ ਪਹਿਲਾਂ ਕੋਈ ਪਾਰਟੀ ਆਯੋਜਿਤ ਨਹੀਂ ਕੀਤੀ ਜਾ ਸਕਦੀ।

ਪਤਾ ਲੱਗਾ ਹੈ ਕਿ ਸ਼ਨੀਵਾਰ ਸ਼ਾਮੀਂ ਅਚੀਵਰਸ ਗਰੁੱਪ ਦੇ ਉਮੀਦਵਾਰ ਨੇ ਆਪਣੇ-ਆਪਣੇ ਜਵਾਬ ਰਿਟਰਨਿੰਗ ਅਫਸਰ ਸਾਹਮਣੇ ਦਾਇਰ ਵੀ ਕਰ ਦਿੱਤੇ, ਜਿਨ੍ਹਾਂ ਵਿਚ ਕਿਹਾ ਗਿਆ ਕਿ ਕਲੱਬ ਕਬਾਨਾ ਵਿਚ ਹੋ ਰਹੀ ਪਾਰਟੀ ਦਾ ਉਨ੍ਹਾਂ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ। ਦੇਰ ਸ਼ਾਮ ਇਸ ਮਾਮਲੇ ਵਿਚ ਇਕ ਹੋਰ ਨਾਟਕੀ ਘਟਨਾਕ੍ਰਮ ਜੁੜਿਆ, ਜਦੋਂ ਇਸ ਪਾਰਟੀ ਦੇ ਪ੍ਰਬੰਧਕ ਤਰਵਿੰਦਰ ਰਾਜੂ, ਨਿਤਿਨ, ਪ੍ਰਵੀਨ ਕੁਮਾਰ ਆਦਿ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਕਲੱਬ ਕਬਾਨਾ ਵਿਚ ਹੋ ਰਹੀ ਪਾਰਟੀ ਉਨ੍ਹਾਂ ਦੀ ਨਿੱਜੀ ਪਾਰਟੀ ਹੈ, ਅਚੀਵਰਸ ਗਰੁੱਪ ਦੀ ਨਹੀਂ ਹੈ।

ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ

ਅਗਰਵਾਲ ਸਮਾਜ ਨੇ ਸੁਮਿਤ ਰਲਹਨ ਨੂੰ ਦਿੱਤਾ ਪੂਰਾ ਸਮਰਥਨ
ਪ੍ਰੋਗਰੈਸਿਵ ਗਰੁੱਪ ਵੱਲੋਂ ਐਗਜ਼ੀਕਿਊਟਿਵ ਪੋਸਟ ਦੇ ਉਮੀਦਵਾਰ ਸੁਮਿਤ ਰਲਹਨ ਦੀ ਪ੍ਰਚਾਰ ਮੁਹਿੰਮ ਨੂੰ ਉਸ ਸਮੇਂ ਭਾਰੀ ਸਮਰਥਨ ਮਿਲਿਆ, ਜਦੋਂ ਅਗਰਵਾਲ ਸਮਾਜ ਨਾਲ ਜੁੜੀ ਅਗਰਵਾਲ ਸਭਾ ਦੇ ਅਹੁਦੇਦਾਰਾਂ ਨੇ ਸੁਮਿਤ ਰਲਹਨ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਅਗਰਵਾਲ ਸਮਾਜ ਦੇ ਕਾਫ਼ੀ ਮੈਂਬਰ ਜਿਮਖਾਨਾ ਕਲੱਬ ਦੇ ਮੈਂਬਰ ਅਤੇ ਵੋਟਰ ਹਨ। ਇਸ ਸਬੰਧ ਵਿਚ ਹੋਈ ਮੀਟਿੰਗ ਦੌਰਾਨ ਅਗਰਵਾਲ ਸਭਾ ਦੇ ਪ੍ਰਧਾਨ ਸੁਭਾਸ਼ ਅਗਰਵਾਲ, ਚੇਅਰਮੈਨ ਐਡਵੋਕੇਟ ਕੇ. ਸੀ. ਗੁਪਤਾ, ਜਨਰਲ ਸੈਕਟਰੀ ਅਮਿਤ ਗੁਪਤਾ, ਰਾਜੀਵ ਗੁਪਤਾ, ਸੀ. ਏ. ਸਲਿਲ ਗੁਪਤਾ ਆਦਿ ਮੌਜੂਦ ਰਹੇ। ਇਸੇ ਵਿਚਕਾਰ ਹਿੰਦੀ ਮਿਲਾਪ ਦੇ ਮੁੱਖ ਸੰਪਾਦਕ ਵਿਸ਼ਾਲ ਸੂਰੀ ਨੇ ਕਿਹਾ ਕਿ ਸੁਮਿਤ ਰਲਹਨ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਦਾ ਸਮਰਥਨ ਪ੍ਰਾਪਤ ਹੋ ਰਿਹਾ ਹੈ, ਇਸ ਲਈ ਉਨ੍ਹਾਂ ਦੀ ਜਿੱਤ ਯਕੀਨੀ ਲੱਗ ਰਹੀ ਹੈ। ਵਿਸ਼ਾਲ ਸੂਰੀ ਨੇ ਦੱਸਿਆ ਕਿ ਸੁਮਿਤ ਫੂਡ ਅਤੇ ਬ੍ਰੈਵਰੀਜ਼ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁ਼ੜੇ ਹੋਏ ਹਨ ਅਤੇ ਉਨ੍ਹਾਂ ਦਾ ਤਜਰਬਾ ਕਲੱਬ ਨੂੰ ਚਲਾਉਣ ਵਿਚ ਕੰਮ ਆਵੇਗਾ।

ਸਪੋਰਟਸ ਇੰਡਸਟਰੀ ਦਾ ਬੇਟਾ ਹੈ ਸੁਮਿਤ ਸ਼ਰਮਾ : ਪ੍ਰਾਣ ਚੱਢਾ
ਜਲੰਧਰ ਦੀ ਵਿਸ਼ਵ ਪ੍ਰਸਿੱਧ ਸਪੋਰਟਸ ਇੰਡਸਟਰੀ ਨੇ ਅਚੀਵਰਸ ਗਰੁੱਪ ਵੱਲੋਂ ਜੁਆਇੰਟ ਸੈਕਟਰੀ ਪੋਸਟ ਦੇ ਉਮੀਦਵਾਰ ਸੁਮਿਤ ਸ਼ਰਮਾ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਪੋਰਟਸ ਇੰਡਸਟਰੀ ਨਾਲ ਜੁੜੇ ਸੀਨੀਅਰ ਮੈਂਬਰ ਪ੍ਰਾਣ ਨਾਥ ਚੱਢਾ ਨੇ ਦੱਸਿਆ ਕਿ ਸੁਮਿਤ ਸ਼ਰਮਾ ਸਪੋਰਟਸ ਇੰਡਸਟਰੀ ਦਾ ਬੇਟਾ ਹੈ ਅਤੇ ਸਾਰੀ ਸਪੋਰਟਸ ਇੰਡਸਟਰੀ ਉਸਦੇ ਨਾਲ ਹੈ। ਜ਼ਿਕਰਯੋਗ ਹੈ ਕਿ ਸੁਮਿਤ ਸ਼ਰਮਾ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਸਪੋਰਟਸ ਇੰਡਸਟਰੀ ਨਾਲ ਜੁੜੇ ਕੱਦਾਵਰ ਆਗੂਆਂ ਅਜੈ ਮਹਾਜਨ, ਰਾਕੇਸ਼ ਕੁਮਾਰ, ਨਿਤਿਨ, ਅਨੁਰਾਗ ਚੱਢਾ, ਪ੍ਰਾਣ ਚੱਢਾ, ਸੰਜੇ ਕੋਹਲੀ, ਆਸ਼ੀਸ਼ ਆਨੰਦ, ਅਖਿਲ ਆਨੰਦ, ਨਿਖਿਲ ਮਹਾਜਨ, ਵਿਸ਼ਾਲ ਮਹਾਜਨ, ਗੌਰਵ ਸਿੰਗਲਾ, ਮਹੇਸ਼ ਚੱਢਾ, ਮਨੀਸ਼ ਕੋਹਲੀ, ਅਲਕੇਸ਼ ਕੋਹਲੀ, ਰਾਜਨ ਕੋਹਲੀ ਆਦਿ ਨੂੰ ਨਾਲ ਲੈ ਕੇ ਵੋਟਰਾਂ ਨਾਲ ਡੋਰ-ਟੂ-ਡੋਰ ਸੰਪਰਕ ਵੀ ਕੀਤਾ। ਸਪੋਰਟਸ ਇੰਡਸਟਰੀ ਨਾਲ ਜੁੜੇ ਇਨ੍ਹਾਂ ਉਦਯੋਗਪਤੀਆਂ ਅਤੇ ਬਰਾਮਦਕਾਰਾਂ ਨੇ ਕਿਹਾ ਕਿ ਸੁਮਿਤ ਸ਼ਰਮਾ ਨੇ ਛੋਟੀ ਉਮਰ ਵਿਚ ਹੀ ਬਿਜ਼ਨੈੱਸ ਮੈਨੇਜਮੈਂਟ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ। ਇਸੇ ਵਿਚਕਾਰ ਸੀ. ਟੀ. ਗਰੁੱਪ ਦੇ ਮਨਬੀਰ ਚੰਨੀ ਅਤੇ ਹਰਪ੍ਰੀਤ ਸਿੰਘ, ਭਾਜਪਾ ਆਗੂ ਅਮਿਤ ਤਨੇਜਾ ਅਤੇ ਵ੍ਹੀਲਕੇਅਰ ਤੋਂ ਗਗਨ ਧਵਨ ਨੇ ਵੀ ਸੁਮਿਤ ਸ਼ਰਮਾ ਦੇ ਖੁੱਲ੍ਹੇ ਸਮਰਥਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:  ਜਲੰਧਰ 'ਚ ਜਿਮਖਾਨਾ ਕਲੱਬ ਚੋਣਾਂ ਅੱਜ: ਮੋਬਾਇਲ ਫੋਨ ਦੀ ਵਰਤੋਂ ’ਤੇ ਪਾਬੰਦੀ ਸਣੇ ਰਹੇਗੀ ਇਹ ਸਖ਼ਤੀ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News