ਗਾਂਧੀ ਪਰਿਵਾਰ ਚਿੰਤਨ ਕਰੇ ਕਿ ਕਿੰਨੇ ਸੂਬਿਆਂ ਦੀ ਕਾਂਗਰਸ ਨੂੰ ਉਨ੍ਹਾਂ ਡਿਪਰੈਸ਼ਨ ’ਚ ਭੇਜਿਆ: ਨਿਮਿਸ਼ਾ ਮਹਿਤਾ

05/16/2022 3:34:20 PM

ਗੜ੍ਹਸ਼ੰਕਰ— ਕਾਂਗਰਸ ਪਾਰਟੀ ’ਚੋਂ ਭਾਜਪਾ ’ਚ ਸ਼ਾਮਲ ਹੋਈ ਗੜ੍ਹਸ਼ੰਕਰ ਤੋਂ ਭਾਜਪਾ ਆਗੂ ਨਿਮਿਸ਼ਾ ਮਹਿਤਾ ਨੇ ਕਾਂਗਰਸ ਪਾਰਟੀ ਵੱਲੋਂ ਰਾਜਸਥਾਨ ’ਚ ਕਰਵਾਏ ਗਏ ‘ਚਿੰਤਨ ਸ਼ਿਵਿਰ’ ’ਚ ਕਾਂਗਰਸ ਪਾਰਟੀ ਦੇ ਸਿਰਮਾਰ ਨੇਤਾ ਰਾਹੁਲ ਗਾਂਧੀ ਵੱਲੋਂ ਕਾਂਗਰਸ ਨੇਤਾਵਾਂ ਦੇ ਡਿਪਰੈਸ਼ਨ ’ਚ ਜਾਣ ਦੇ ਬਿਆਨ ਦਾ ਗਹਿਰਾ ਮਜ਼ਾਕ ਉਡਾਇਆ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਤਿੱਕੜੀ ਨੂੰ ਇਸ ਗੱਲ ਦਾ ਚਿੰਤਨ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਕਮਜ਼ੋਰ ਅਗਵਾਈ ਦੇ ਚਲਦਿਆਂ ਕਿੰਨੇ ਕਾਂਗਰਸੀ ਸੂਬੇ ਕਿੰਨੇ ਕਾਂਗਰਸੀ ਨੇਤਾ ਅਤੇ ਵਰਕਰ ਡਿਪਰੈਸ਼ਨ ’ਚ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਚਿੰਤਨ ਸ਼ਿਵਿਰ ਕਰਕੇ ਅੱਜ ਕਾਂਗਰਸ ਪਾਰਟੀ ਦੇਸ਼ ਦੇ ਨੌਜਵਾਨਾਂ ਨੂੰ ਲਵਾਉਣ ਬਾਰੇ ਬਿਆਨ ਦੇ ਰਹੀ ਹੈ ਪਰ ਲੋਕ ਇਹ ਜਾਣਦੇ ਹਨ ਕਿ ਅਜਿਹੇ ਬਿਆਨ ਦੇ ਕੇ ਕਾਂਗਰਸ ਦਾ ਗਾਂਧੀ ਪਰਿਵਾਰ ਅਕਸਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਲੜਕੀ ਹੂੰ ਲੜ ਸਕਤੀ ਹੂੰ’ ਦਾ ਨਾਅਰਾ ਦੇਣ ਵਾਲੀ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਕਿਸੇ ਸੂਬੇ ’ਚ ਔਰਤਾਂ ਨੂੰ ਟਿਕਟਾਂ ਨਾਲ ਨਹੀਂ ਨਿਵਾਜਿਆ ਅਤੇ ਉੱਤਰ ਪ੍ਰਦੇਸ਼ ’ਚ ਵੀ ਔਰਤਾਂ ਨੂੰ ਫੜ-ਫੜ ਕੇ ਟਿਕਟਾਂ ਤਾਂ ਦਿੱਤੀਆਂ ਗਈਆਂ ਕਿਉਂਕਿ ਬੰਦੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਨੂੰ ਲੈਣ ਨੂੰ ਤਿਆਰ ਹੀ ਨਹੀਂ ਸਨ। 

ਇਹ ਵੀ ਪੜ੍ਹੋ: ਜਲੰਧਰ: ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ

ਭਾਜਪਾ ਆਗੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ 2012 ਦੀ ਪੰਜਾਬ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਬਲਾਕ ਪ੍ਰਧਾਨਾਂ ਦੀ ਪੁੱਛਗਿੱਛ ਅਤੇ ਵਿਧਾਨ ਸਭਾ ਟਿਕਟਾਂ 6 ਮੀਹਨੇ ਪਹਿਲਾਂ ਦੇਣ ਦਾ ਐਲਾਨ ਕੀਤਾ ਸੀ ਪਰ ਨਾ ਕਿਸੇ ਬਲਾਕ ਪ੍ਰਧਾਨ ਨੂੰ ਪੁੱਛਿਆ ਗਿਆ ਅਤੇ ਟਿਕਟਾਂ ਵੀ ਉਹੀ ਹਰ ਵਾਰ ਦੀ ਤਰ੍ਹਾਂ 15-20 ਦਿਨ ਪਹਿਲਾਂ ਹੀ ਐਲਾਨੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਅਤੇ ਆਮ ਲੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਕਿ ਕਾਂਗਰਸੀ ਨੇਤਾ ਵਰਕਰਾਂ ਨੂੰ ਸਿਰਫ਼ ਵਰਤਦੇ ਹਨ। ਅੱਜ ਜਿਹੜੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਰੀੜ ਦੀ ਹੱਡੀ ਦੱਸ ਰਹੀ ਹੈ, ਜਦ-ਜਦ ਪਾਰਟੀ ਸੱਤਾ ’ਚ ਆਉਂਦੀ ਹੈ ਕਾਂਗਰਸ ਨੂੰ ਸੱਤਾ ’ਚ ਲਿਆਉਣ ਵਾਲੇ ਇਹੀ ਵਰਕਰ ਨੇਤਾਵਾਂ ਲਈ ਕਬਾਬ ਦੀ ਹੱਡੀ ਬਣ ਜਾਂਦੇ ਹਨ ਅਤੇ 6 ਮਹੀਨਿਆਂ ’ਚ ਹੀ ਇਨ੍ਹਾਂ ਕਬਾਬ ਦੀਆਂ ਹੱਡੀਆਂ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ। 

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਚੇਅਰਮੈਨੀਆਂ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਵੀ ਕਾਂਗਰਸ ਪਾਰਟੀ ਵੱਲੋਂ ਮੈਨੇਜਮੈਂਟ ਅਤੇ ਜੁਗਾੜਮੈਂਟ ਤੋਂ ਬਿਨਾਂ ਨਹੀਂ ਦਿੱਤੀਆਂ ਜਾਂਦੀਆਂ। ਭਾਜਪਾ ਆਗੂ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਇਹ ਨਿਰਦੇਸ਼ ਦੇਣਾ ਕਿ 15 ਜੂਨ ਤੋਂ ਉਨ੍ਹਾਂ ਦੇ ਨੇਤਾ ਫੀਲਡ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ, ਇਸ ਗੱਲ ਨੂੰ ਦਰਸਾਉਂਦਾ ਹੈ ਕਿ ਗਾਂਧੀ ਪਰਿਵਾਰ ਭਾਰਤ ਦੀ ਜ਼ਮੀਨੀ ਹਕੀਕਤ ਤੋਂ ਬਿਲਕੁਲ ਅਣਜਾਣ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਤਾਪਮਾਨ 50 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਅਤੇ ਉੱਤਰ ਭਾਰਤ ਝੋਨੇ ਦੀ ਬਿਜਾਈ ’ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੂਨ ਦੇ ਮਹੀਨੇ ’ਚ ਤਾਂ ਸਕੂਲਾਂ-ਕਾਲਜਾਂ ਵਿਚ ਵੀ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਇੰਨੀ ਭਰ ਗਰਮੀ ’ਚ ਪ੍ਰੋਗਰਾਮ ਕਰਵਾਉਣ ਦੇ ਹੁਕਮ ਦੇਣਾ ਇਹੀ ਦਰਸਾਉਂਦਾ ਹੈ ਕਿ ਜੇਕਰ ਕਦੇ ਆਪ ਗਾਂਧੀ ਪਰਿਵਾਰ ਨੇ ਗਰਮੀ ਝੱਲੀ ਹੋਵੇ ਤਾਂ ਅਜਿਹੇ ਬੇਹੂਦਾ ਹੁਕਮ ਉਹ ਆਪਣੇ ਵਰਕਰਾਂ ਲਈ ਨਾ ਜਾਰੀ ਕਰਦੇ। 

ਇਹ ਵੀ ਪੜ੍ਹੋ: ਪੰਜਾਬ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧੇ, ਟੁੱਟ ਸਕਦੈ 7 ਸਾਲਾ ਦਾ ਰਿਕਾਰਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News