ਨਗਰ ਨਿਗਮ ’ਚ ਨਵਾਂ ਟ੍ਰੈਂਡ ਸ਼ੁਰੂ! ਹੁਣ ਠੇਕੇਦਾਰੀ ਵੀ ਕਰਨ ਲੱਗੇ ਕਈ ਜੇ. ਈ, ਖੁੱਲ੍ਹਵਾ ਲਈਆਂ ਹਨ ਫਰਮਾਂ
Wednesday, Oct 29, 2025 - 11:57 AM (IST)
ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਦਾ ਘੇਰਾ ਹੁਣ ਇੰਨਾ ਫੈਲ ਚੁੱਕਾ ਹੈ ਕਿ ਕਈ ਕੱਚੇ ਅਤੇ ਪੱਕੇ ਜੂਨੀਅਰ ਇੰਜੀਨੀਅਰ (ਜੇ. ਈ.) ਖ਼ੁਦ ਹੀ ਠੇਕੇਦਾਰੀ ਕਰਨ ਲੱਗੇ ਹਨ। ਕੁਝ ਨੇ ਤਾਂ ਆਪਣੇ ਪਰਿਵਾਰ, ਰਿਸ਼ਤੇਦਾਰਾਂ ਜਾਂ ਜਾਣਕਾਰਾਂ ਦੇ ਨਾਂ ’ਤੇ ਫਰਮਾਂ ਬਣਵਾ ਰੱਖੀਆਂ ਹਨ ਅਤੇ ਉਨ੍ਹਾਂ ਜ਼ਰੀਏ ਨਿਗਮ ਦੇ ਟੈਂਡਰ ਹਾਸਲ ਕਰ ਰਹੇ ਹਨ। ਕਈ ਮਾਮਲਿਆਂ ਵਿਚ ਟੈਂਡਰ ਲੈਣ ਵਾਲੇ ਅਸਲੀ ਠੇਕੇਦਾਰਾਂ ਨੂੰ ਉਨ੍ਹਾਂ ਦਾ ਹਿੱਸਾ ਦੇ ਕੇ ਇਹ ਜੇ. ਈ. ਖ਼ੁਦ ਹੀ ਕੰਮ ਕਰਵਾ ਰਹੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਜੇ. ਈ. ਨਾ ਸਿਰਫ ਠੇਕੇਦਾਰਾਂ ਦੇ ਬਿੱਲ ਖੁਦ ਵੈਰੀਫਾਈ ਕਰਦੇ ਹਨ, ਸਗੋਂ ਮੇਜ਼ਰਮੈਂਟ ਬੁੱਕ (ਐੱਮ. ਬੀ.) ਵੀ ਖੁਦ ਹੀ ਲਿਖਦੇ ਹਨ ਅਤੇ ਫਾਈਲਾਂ ਪਾਸ ਕਰਵਾਉਣ ਤੋਂ ਲੈ ਕੇ ਪੇਮੈਂਟ ਤਕ ਦੀ ਪੂਰੀ ਪ੍ਰਕਿਰਿਆ ਖੁਦ ਹੀ ਪੂਰੀ ਕਰਦੇ ਹਨ। ਯਾਨੀ ਠੇਕਾ ਖੁਦ ਲੈਣਾ, ਕੰਮ ਖੁਦ ਕਰਵਾਉਣਾ, ਜਾਂਚ ਖੁਦ ਕਰਨਾ ਅਤੇ ਬਿੱਲ ਖੁਦ ਪਾਸ ਕਰਵਾਉਣਾ, ਸਭ ਕੁਝ ਇਕ ਹੀ ਵਿਅਕਤੀ ਦੇ ਕੰਟਰੋਲ ਵਿਚ ਹਨ।
ਇਹ ਵੀ ਪੜ੍ਹੋ: PM ਯੋਜਨਾ ’ਚ ਕਰੋੜਾਂ ਦਾ ਘਪਲਾ! ਜਲੰਧਰ ਤੇ ਫਿਲੌਰ ਨਾਲ ਜੁੜੇ ਤਾਰ, ਹੋਏ ਹੈਰਾਨ ਕਰਦੇ ਖ਼ੁਲਾਸੇ
ਸਰਕਾਰ ਦੇ ਨਿਯਮਾਂ ਦੀ ਉੱਡ ਰਹੀਆਂ ਧੱਜੀਆਂ ਪਰ ਕਿਸੇ ਨੂੰ ਫਿਕਰ ਨਹੀਂ
ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਦੇ ਨਿਯਮਾਂ ਮੁਤਾਬਕ ਕਿਸੇ ਵੀ ਆਊਟਸੋਰਸ ਜਾਂ ਕਾਂਟ੍ਰੈਕਟ ਬੇਸ ’ਤੇ ਰੱਖੇ ਗਏ ਕਰਮਚਾਰੀ ਨੂੰ ਵਿੱਤੀ ਪਾਵਰ ਨਹੀਂ ਦਿੱਤੀ ਜਾ ਸਕਦੀ ਪਰ ਜਲੰਧਰ ਨਗਰ ਨਿਗਮ ਨੇ ਇਨ੍ਹਾਂ ਨਿਯਮਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਅੱਜ ਨਿਗਮ ਵਿਚ ਆਊਟਸੋਰਸ ਜੇ. ਈ. ਅਤੇ ਐੱਸ. ਡੀ. ਓ. ਤਕ ਕੋਲ ਫਾਈਨਾਂਸ਼ੀਅਲ ਪਾਵਰ ਹੈ, ਜੋ ਨਾ ਸਿਰਫ਼ ਬਿੱਲ ਪਾਸ ਕਰਦੇ ਹਨ, ਸਗੋਂ ਪ੍ਰਾਜੈਕਟ ਦਾ ਪੂਰਾ ਰਿਕਾਰਡ ਵੀ ਖੁਦ ਚੈੱਕ ਕਰਦੇ ਹਨ। ਕਈ ਵਾਰ ਨਿਗਮ ਦੇ ਕਮਿਸ਼ਨਰਾਂ ਨੂੰ ਇਸ ਗੜਬੜੀ ਦੀ ਜਾਣਕਾਰੀ ਦਿੱਤੀ ਗਈ ਪਰ ਕਿਸੇ ਨੇ ਵੀ ਇਨ੍ਹਾਂ ਕਰਮਚਾਰੀਆਂ ਤੋਂ ਵਿੱਤੀ ਅਧਿਕਾਰ ਵਾਪਸ ਲੈਣ ਦੀ ਹਿੰਮਤ ਨਹੀਂ ਦਿਖਾਈ। ਉਲਟਾ ਉਨ੍ਹਾਂ ਦੇ ਕਾਂਟ੍ਰੈਕਟ ਵਧਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਹੋਰ ਵਧੇਰੇ ਸ਼ਕਤੀਆਂ ਦਿੱਤੀਆਂ ਜਾ ਰਹੀਆਂ ਹਨ। ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨੂੰ ਇਸ ਗਲਤ ਰਵਾਇਤ ਦੀ ਫਿਕਰ ਹੀ ਨਹੀਂ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ Good News! ਮਾਨ ਸਰਕਾਰ ਨੇ ਨੌਕਰੀਆਂ ਨੂੰ ਲੈ ਕੇ ਕੀਤਾ ਅਹਿਮ ਐਲਾਨ
ਨਵੀਂ ਖੇਡ ਸ਼ੁਰੂ, ਜੇ. ਈ. ’ਤੇ ਨਿਰਭਰ ਹੋ ਗਿਆ ਲੱਗਦੈ ਸਿਸਟਮ
ਪਤਾ ਲੱਗਾ ਹੈ ਕਿ ਕਈ ਜੇ. ਈ. ਹੁਣ ਖੁਦ ਹੀ ਠੇਕੇਦਾਰੀ ਵਿਚ ਉੱਤਰ ਚੁੱਕੇ ਹਨ। ਕੁਝ ਤਾਂ ਅਜਿਹੇ ਹਨ, ਜੋ ਠੇਕੇਦਾਰਾਂ ਨਾਲ ਗੰਢ-ਸੰਢ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਤੈਅ ਮੁਨਾਫਾ ਦੇ ਦਿੰਦੇ ਹਨ ਅਤੇ ਫਿਰ ਆਪਣੀ ਟੀਮ ਤੇ ਲੇਬਰ ਜ਼ਰੀਏ ਸਾਰਾ ਕੰਮ ਖੁਦ ਕਰਵਾਉਂਦੇ ਹਨ। ਨਿਗਮ ਦੇ ਕੁਝ ਏਰੀਏ ਵਿਚ ਤਾਂ ਇਥੋਂ ਤਕ ਦੇਖਣ ਨੂੰ ਮਿਲਿਆ ਹੈ ਕਿ ਇਕ ਜੇ. ਈ. ਟਰਾਲੀਆਂ ਅਤੇ ਟਰੈਕਟਰਾਂ ਦੇ ਠੇਕੇ ਵਿਚ ਵੀ ਸ਼ਾਮਲ ਹੈ।
ਜੇਕਰ ਵਿਜੀਲੈਂਸ ਵਿਭਾਗ ਇਸ ਪੂਰੀ ਖੇਡ ਦੀ ਜਾਂਚ ਕਰੇ ਤਾਂ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆ ਸਕਦਾ ਹੈ ਕਿਉਂਕਿ ਇਹੀ ਜੇ. ਈ. ਖੁਦ ਕੰਮ ਕਰਵਾਉਂਦੇ ਹਨ, ਖੁਦ ਜਾਂਚ ਕਰਦੇ ਹਨ ਅਤੇ ਖੁਦ ਹੀ ਬਿੱਲ ਪਾਸ ਕਰਵਾ ਕੇ ਠੇਕੇਦਾਰਾਂ ਦੇ ਨਾਂ ’ਤੇ ਪੇਮੈਂਟ ਤਕ ਕਢਵਾ ਲੈਂਦੇ ਹਨ। ਆਪਣੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਨੂੰ ਆਪਣੇ ਇਲਾਕੇ ਦੇ ਟੈਂਡਰ ਦਿਵਾ ਦਿੰਦੇ ਹਨ ਅਤੇ ਫਿਰ ਵਿਕਾਸ ਕੰਮਾਂ ਵਿਚ ਮਨਮਰਜ਼ੀ ਕਰਦੇ ਹਨ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਨਿਗਮ ਦਾ ਸਾਰਾ ਸਿਸਟਮ ਹੀ ਇਕ ਜੇ. ਈ. ’ਤੇ ਨਿਰਭਰ ਹੋ ਕੇ ਰਹਿ ਗਿਆ ਹੈ।
ਹੌਲੀ-ਹੌਲੀ ਕਿਨਾਰੇ ਹੁੰਦੇ ਜਾ ਰਹੇ ਹਨ ਪੁਰਾਣੇ ਠੇਕੇਦਾਰ
ਭ੍ਰਿਸ਼ਟਾਚਾਰ ਦੇ ਇਸ ਨਵੇਂ ਸਿਸਟਮ ਤੋਂ ਨਿਗਮ ਵਿਚ ਸਾਲਾਂ ਤੋਂ ਕੰਮ ਕਰ ਰਹੇ ਪੁਰਾਣੇ ਠੇਕੇਦਾਰ ਹੁਣ ਸਾਈਡ ਲਾਈਨ (ਕਿਨਾਰੇ) ਹੁੰਦੇ ਜਾ ਰਹੇ ਹਨ। ਕਈ ਠੇਕੇਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਹੁਣ ਟੈਂਡਰਾਂ ਵਿਚੋਂ ਪਾਰਦਰਸ਼ਿਤਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। 60-40 ਅਨੁਪਾਤ ਵਿਚ ਬਿੱਲ ਅਤੇ ਸੈਂਕਸ਼ਨ ਵਾਲੀਆਂ ਫਾਈਲਾਂ ਵਿਕਣ ਲੱਗੀਆਂ ਹਨ। ਕਈ ਮਾਮਲਿਆਂ ਵਿਚ ਤਾਂ ਬਿਨਾਂ ਕੰਮ ਕਰਵਾਏ ਹੀ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ। ਕੁਝ ਠੇਕੇਦਾਰਾਂ ਦਾ ਕਹਿਣਾ ਹੈ ਕਿ ਕਈ ਕੰਮਾਂ ਨੂੰ ਐਮਰਜੈਂਸੀ ਦੱਸ ਕੇ ਸੈਂਕਸ਼ਨ ਦੇ ਆਧਾਰ ’ਤੇ ਕਰਵਾਇਆ ਜਾਂਦਾ ਹੈ, ਫਿਰ ਉਹੀ ਕੰਮ ਮੇਨਟੀਨੈਂਸ ਦੇ ਟੈਂਡਰ ਤਹਿਤ ਦੁਬਾਰਾ ਕਰਵਾ ਲਏ ਜਾਂਦੇ ਹਨ, ਯਾਨੀ ਇਕ ਹੀ ਕੰਮ ਦੇ 2-2 ਬਿੱਲ ਬਣਾ ਕੇ ਨਿਗਮ ਨੂੰ ਦੋਹਰਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸ਼ਰਮਨਾਕ ! ਹੋਟਲ 'ਚ ਲਿਜਾ ਕੇ ਕੁੜੀ ਨੂੰ ਕੀਤਾ ਬੇਹੋਸ਼, ਜਦੋਂ ਅੱਖ ਖੁੱਲ੍ਹੀ ਤਾਂ...
ਵਿਜੀਲੈਂਸ ਜਾਂਚ ਦੀ ਮੰਗ ਤੇਜ਼
ਸੂਤਰਾਂ ਅਨੁਸਾਰ ਕੁਝ ਪੁਰਾਣੇ ਠੇਕੇਦਾਰਾਂ ਨੇ ਇਸ ਪੂਰੇ ਘਪਲੇ ਨਾਲ ਸਬੰਧਤ ਦਸਤਾਵੇਜ਼ ਅਤੇ ਡਾਟਾ ਇਕੱਠਾ ਕਰ ਲਿਆ ਹੈ। ਸੰਭਾਵਨਾ ਹੈ ਕਿ ਜਲਦ ਇਹ ਮਾਮਲਾ ਵਿਜੀਲੈਂਸ ਬਿਊਰੋ ਜਾਂ ਹਾਈ ਕੋਰਟ ਵਿਚ ਪਟੀਸ਼ਨ ਦੇ ਰੂਪ ਵਿਚ ਚੁੱਕਿਆ ਜਾ ਸਕਦਾ ਹੈ। ਸ਼ਹਿਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਨਵੇਂ ਠੇਕੇਦਾਰੀ ਟ੍ਰੈਂਡ ’ਤੇ ਸਖ਼ਤੀ ਨਾਲ ਲਗਾਮ ਨਾ ਲਾਈ ਤਾਂ ਆਉਣ ਵਾਲੇ ਸਮੇਂ ਵਿਚ ਜਲੰਧਰ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਅੱਡਾ ਬਣ ਜਾਵੇਗਾ, ਜਿਥੇ ਅਫਸਰ, ਠੇਕੇਦਾਰ ਅਤੇ ਇੰਜੀਨੀਅਰ ਇਕ ਹੀ ਚੇਨ ਦਾ ਹਿੱਸਾ ਬਣ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੜਕਸਾਰ ਗੁਰੂ ਘਰ ਜਾ ਰਹੇ ਪਾਠੀ ਸਿੰਘ ਦੀ ਦਰਦਨਾਕ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
