ਲੋਕ ਨਿਰਮਾਣ ਵਿਭਾਗ ਗੜ੍ਹਸ਼ੰਕਰ ਦੀ ਲਾਪਰਵਾਹੀ, ਮੁਸਾਫਿਰ ਝੱਲ ਰਹੇ ਨੇ ਮੁਸੀਬਤ!

07/08/2023 3:42:19 PM

ਨੂਰਪੁਰਬੇਦੀ (ਭੰਡਾਰੀ)-ਕਾਹਨਪੁਰ ਖੂਹੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੈਂਦੇ ‘ਹਰੋਂ ਦੇ ਪੋਹ’ ਸਥਾਨ ’ਤੇ ਬਰਸਾਤ ਦੇ ਮੌਸਮ ਦੌਰਾਨ ਪਹਾੜੀਆਂ ਤੋਂ ਨਿਕਲ ਕੇ ਆ ਰਹੀ ਮਿੱਟੀ ਦੇ ਜਮ੍ਹਾ ਹੋਣ ਕਾਰਨ ਇਸ ’ਚ ਫਸ ਕੇ ਵਾਹਨਾਂ ਦੇ ਲੰਬੇ ਜਾਮ ਲੱਗ ਰਹੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਵਰਗੇ ਪਵਿੱਤਰ ਸਥਾਨਾਂ ਨੂੰ ਆਪਸ ਜੋਡ਼ਨ ਕਾਰਨ ਉਕਤ ਮੁੱਖ ਮਾਰਗ ਜਿੱਥੋਂ 24 ਘੰਟੇ ਭਾਰੀ ਆਵਾਜਾਈ ਗੁਜ਼ਰਦੀ ਹੈ ਕਾਫ਼ੀ ਮਹੱਤਵ ਰੱਖਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਰੂਪਨਗਰ ਦੀ ਹੱਦ ਖ਼ਤਮ ਹੋਣ ਅਤੇ ਨਵਾਂਸ਼ਹਿਰ ਦੀ ਹੱਦ ਸ਼ੁਰੂ ਹੋਣ ਦੇ ਸਥਾਨ ’ਤੇ ਪੈਂਦੇ ਉਕਤ ਮਿੱਟੀ ਭਰੇ ਰਸਤਿਓਂ ਗੁਜ਼ਰਦੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨਾਲ ਜੁਡ਼ੀ ਇਸ ਅਹਿਮ ਸਮੱਸਿਆ ਨੂੰ ਦੂਰ ਕਰਨ ਲਈ ਕੋਈ ਕਦਮ ਨਹੀਂ ਉਠਾਇਆ। ਬੀਤੇ ਦਿਨ ਜਦੋਂ ਉਕਤ ਸਥਾਨ ’ਤੇ ਜਾ ਕੇ ਵੇਖਿਆ ਗਿਆ ਤਾਂ ਸੜਕ ’ਤੇ ਜਗ੍ਹਾ-ਜਗ੍ਹਾ ਪਈ ਮਿੱਟੀ ਹੇਠ ਸਮੁੱਚੀ ਸੜਕ ਦੱਬੀ ਹੋਈ ਸੀ। ਜਿਸ ਤੋਂ ਇੰਝ ਜਾਪਦਾ ਸੀ ਕਿ ਉਕਤ ਸਥਾਨ ’ਤੇ ਸੜਕ ਨਾ ਹੋ ਕੇ ਸ਼ਾਇਦ ਮਿੱਟੀ ਹੀ ਪਾਈ ਹੋਈ ਹੋਵੇ। ਇੱਥੇ ਦੱਸਣਾ ਬਣਦਾ ਹੈ ਕਿ ਉਕਤ ਮਾਰਗ ਦੇ ਦੋਵੇਂ ਪਾਸੇ ਵੱਡੀਆਂ-ਵੱਡੀਆਂ ਪਹਾੜੀਆਂ ਸਥਿਤ ਹਨ ਜਿੱਥੋਂ ਹੜ੍ਹ ਕੇ ਆ ਰਹੀ ਮਿੱਟੀ ਸੜਕ ’ਤੇ ਜਮ੍ਹਾ ਹੋ ਰਹੀ ਹੈ।

ਸੜਕ ’ਤੇ ਡੇਢ ਤੋਂ 2 ਫੁੱਟ ਮਿੱਟੀ ਜਮ੍ਹਾ, ਸਰਕਾਰੀ ਸਿਸਟਮ ਕੁੰਭਕਰਨੀ ਨੀਂਦ ਸੁੱਤਾ
ਸੜਕ ’ਤੇ ਕਰੀਬ ਡੇਢ ਤੋਂ 2 ਫੁੱਟ ਮਿੱਟੀ ਦੀ ਪਰਤ ਜਮ੍ਹਾ ਹੋਣ ਕਾਰਨ ਤਮਾਮ ਗੱਡੀਆਂ ਦੇ ਫਸ ਜਾਣ ਕਾਰਨ ਜਿੱਥੇ ਵਾਹਨਾਂ ਦੀਆਂ ਮੁੱਖ ਮਾਰਗ ’ਤੇ ਦੋਵੇਂ ਪਾਸੇ ਲੰਬੀਆਂ ਕਤਾਰਾਂ ਲੱਗ ਗਈਆਂ ਉੱਥੇ ਜਾਮ ’ਚ ਫਸੇ ਹੋਣ ਕਾਰਨ ਲੋਕਾਂ ਦਾ ਗਰਮੀ ’ਚ ਬੁਰਾ ਹਾਲ ਹੋ ਗਿਆ ਜੋ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਇਕ ਦਿਨ ਦਾ ਨਹੀਂ ਜਦਕਿ ਕਈ ਸਾਲਾਂ ਤੋਂ ਰੋਜ਼ਾਨਾ ਹੀ ਉਨ੍ਹਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰੀ ਸਿਸਟਮ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ, 3 ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ

PunjabKesari

ਸਰਕਾਰੀ ਮਸ਼ੀਨਰੀ ਗਾਇਬ, ਲੋਕ ਆਪਣੇ ਪੱਧਰ ’ਤੇ ਟ੍ਰੈਕਟਰਾਂ ਨਾਲ ਵਾਹਨ ਕੱਢਣ ਲਈ ਮਜਬੂਰ
ਇਸ ਸਮੁੱਚੇ ਵਰਤਾਰੇ ਦੀ ਤ੍ਰਾਸਦੀ ਇਹ ਰਹੀ ਕਿ ਰੋਜ਼ਾਨਾ ਮਿੱਟੀ ’ਚ ਫਸਣ ਵਾਲੇ ਵਾਹਨਾਂ ਨੂੰ ਕੱਢਣ ਲਈ ਮੌਕੇ ’ਤੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਸ਼ੀਨਰੀ ਉਪਲੱਬਧ ਨਾ ਹੋਣ ਕਾਰਨ ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਤੋਂ ਕਿਰਾਏ ’ਤੇ ਜਾਂ ਫਿਰ ਕਿਸੇ ਦੀ ਮਿੰਨਤ ਕਰ ਕੇ ਟ੍ਰੈਕਰਟਰਾਂ ਆਦਿ ਦੀ ਸਹਾਇਤਾ ਲੈ ਕੇ ਆਪਣੇ ਵਾਹਨ ਕੱਢਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਦਕਿ ਚਾਹੀਦਾ ਦਾ ਤਾਂ ਇਹ ਸੀ ਕਿ ਵਿਭਾਗ ਆਪਣੇ ਪੱਧਰ ’ਤੇ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਦੀ ਪੋਕਲੇਨ ਜਾਂ ਫਿਰ ਟ੍ਰੈਕਟਰ ਵਗੈਰਾ ਮੌਕੇ ’ਤੇ ਉਪਲੱਬਧ ਕਰਵਾਉਂਦਾ ਤਾਂ ਜੋ ਮੁੱਖ ਮਾਰਗ ’ਤੇ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਦਾ ਸਮਾਂ ਅਤੇ ਮੁਸ਼ਕਿਲ ਘੱਟ ਹੋ ਸਕੇ।

ਡਿਪਟੀ ਸਪੀਕਰ ਰੋੜੀ ਦੇ ਓ. ਐੱਸ. ਡੀ. ਖੁਦ ਇਸ ਸਮੱਸਿਆ ਤੋਂ ਜਾਣੂ ਹਨ
ਜ਼ਿਕਰਯੋਗ ਹੈ ਉਕਤ ਸਥਾਨ ਲੋਕ ਨਿਰਮਾਣ ਵਿਭਾਗ ਦੀ ਸਬ-ਡਿਵੀਜ਼ਨ ਗੜ੍ਹਸ਼ੰਕਰ ਅਧੀਨ ਆਉਂਦਾ ਹੈ ਅਤੇ ਉਕਤ ਹਲਕੇ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੇ ਓ. ਐੱਸ. ਡੀ. ਚਰਨਜੀਤ ਸਿੰਘ ਚੰਨੀ ਲਾਗਲੇ ਪਿੰਡ ਕਾਹਨਪੁਰ ਖੂਹੀ (ਗੋਚਰ) ਦੇ ਜੰਮਪਲ ਹੋਣ ਕਾਰਨ ਇਸ ਸਮੱਸਿਆ ਤੋਂ ਬਾਖੂਬੀ ਜਾਣੂ ਹਨ। ਇਸ ਮੌਕੇ ਗੱਲ ਕਰਦਿਆਂ ਲੋਕਾਂ ਨੇ ਕਿਹਾ ਕਿ ਜੇਕਰ ਉਹ ਮੁਸਾਫਿਰਾਂ ਦੀ ਰੋਜ਼ਾਨਾ ਦੀ ਇਸ ਸਮੱਸਿਆ ਨੂੰ ਸਮਝਦੇ ਹੋਏ ਨਿਜੀ ਦਿਲਚਸਪੀ ਦਿਖਾਉਣ ਤਾਂ ਉਕਤ ਕਾਰਜ਼ ਦੇ ਸਿਰੇ ਚਡ਼੍ਹਨ ਨਾਲ ਜਾਮ ’ਚ ਫਸਣ ਵਾਲੇ ਰਾਹਗੀਰਾਂ ਨੂੰ ਹਮੇਸ਼ਾ ਲਈ ਭਾਰੀ ਰਾਹਤ ਹਾਸਲ ਹੋਵੇਗੀ।

ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ, ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਮੁੰਡੇ ਦਾ ਕਰ 'ਤਾ ਕਤਲ

ਕੰਕਰੀਟ ਦੀ ਸੜਕ ਬਣਾਉਣ ਦੀ ਯੋਜਨਾ ਬਣਾਈ ਗਈ ਹੈ: ਐੱਸ. ਡੀ. ਓ. ਬਲਿੰਦਰ ਕੁਮਾਰ
ਇਸ ਸਬੰਧ ’ਚ ਗੜ੍ਹਸ਼ੰਕਰ ਸਬ-ਡਿਵੀਜ਼ਨ ਦੇ ਐੱਸ. ਡੀ. ਓ. ਬਲਿੰਦਰ ਕੁਮਾਰ ਨੇ ਗੱਲ ਕਰਨ ’ਤੇ ਦੱਸਿਆ ਕਿ ਉਕਤ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਕਿਹਾ ਕਿ ਪਹਾਡ਼੍ਹਾਂ ਤੋਂ ਪਾਣੀ ਅਤੇ ਮਿੱਟੀ ਆਉਣ ਕਾਰਨ ਸੜਕ ਟੁੱਟ ਜਾਂਦੀ ਹੈ ਅਤੇ ਜਿਸਨੂੰ ਲੈ ਕੇ ਵਿਭਾਗ ਵੱਲੋਂ ਕੰਕਰੀਟ ਦੀ ਸੜਕ ਬਣਾਉਣ ਦੀ ਯੋਜਨਾ ਹੈ। ਇਸ ਸਬੰਧੀ ਐਸਟੀਮੇਟ ਤਿਆਰ ਕਰ ਕੇ ਵਿਭਾਗ ਨੂੰ ਭੇਜਿਆ ਗਿਆ। ਸੜਕ ’ਤੇ ਮਿੱਟੀ ਜਮ੍ਹਾ ਹੋਣ ਦੀ ਸਮੱਸਿਆ ਸਬੰਧੀ ਉਨ੍ਹਾਂ ਆਖਿਆ ਕਿ ਪਹਾਡ਼ੀ ਦੇ ਨਾਲ-ਨਾਲ ਰਿਟੇਨਿੰਗ ਦੀਵਾਰ ਬਣਾਉਣ ਲਈ ਉਚਿਤ ਫੰਡ ਨਾ ਹੋਣ ਕਾਰਨ ਅਜੇ ਇਹ ਮਾਮਲਾ ਵਿਚਾਰ ਅਧੀਨ ਹੈ। ਰੋਜ਼ਾਨਾ ਜਾਮ ਲੱਗਣ ਸਬੰਧੀ ਉਨ੍ਹਾਂ ਕਿਹਾ ਕਿ 2 ਦਿਨ ਪਹਿਲਾਂ ਵੀ ਠੇਕੇਦਾਰ ਨੂੰ ਜੇ. ਸੀ. ਬੀ. ਮਸ਼ੀਨ ਲਗਾਉਣ ਲਈ ਉਕਤ ਸਥਾਨ ’ਤੇ ਭੇਜਿਆ ਗਿਆ ਸੀ ਤਾਂ ਜੋ ਮਿੱਟੀ ’ਚ ਫਸੇ ਵਾਹਨਾਂ ਨੂੰ ਨਿਕਾਲਣ ਲਈ ਚਾਲਕਾਂ ਦੀ ਸਹਾਇਤਾ ਕੀਤੀ ਜਾ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


shivani attri

Content Editor

Related News