ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਵੱਡੀ ਲੀਡ ਦੇਣ ਵਾਲੇ ਨਵਤੇਜ ਚੀਮਾ ਨੂੰ ਬਣਾਇਆ ਜਾ ਸਕਦੈ ਮੰਤਰੀ!

05/30/2019 3:28:43 AM

ਸੁਲਤਾਨਪੁਰ ਲੋਧੀ, (ਸੋਢੀ)- ਦੁਆਬੇ ’ਚ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ’ਚੋਂ ਅਕਾਲੀ ਦਲ ਦਾ ਗਡ਼੍ਹ ਤੋਡ਼ਨ ਵਾਲੇ ਤੇ ਲਗਾਤਾਰ ਤਿੰਨ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਵੱਡੀ ਜਿੱਤ ਦਿਵਾਉਣ ਵਾਲੇ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਚ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਸਮੇਂ ਕੈਪਟਨ ਵਜ਼ਾਰਤ ’ਚ ਦੁਆਬੇ ਦੇ ਜ਼ਿਲਾ ਕਪੂਰਥਲਾ ਇਕ ਵੀ ਮੰਤਰੀ ਨਾ ਹੋਣ ਕਾਰਨ ਹੁਣ ਵਿਧਾਇਕ ਚੀਮਾ ਦਾ ਨੰਬਰ ਲੱਗ ਸਕਦਾ ਹੈ। ਪੰਜਾਬ ’ਚ ਕੈਪਟਨ ਸਰਕਾਰ ਬਣਦੇ ਹੀ ਦੁਆਬੇ ’ਚੋਂ ਰਾਣਾ ਗੁਰਜੀਤ ਸਿੰਘ ਹੀ ਅਜਿਹੇ ਪਹਿਲੇ ਵਿਧਾਇਕ ਹਨ, ਜਿਨ੍ਹਾਂ ਨੂੰ ਕੈਪਟਨ ਸਰਕਾਰ ’ਚ ਮੰਤਰੀ ਮੰਡਲ ’ਚ ਲਿਆ ਗਿਆ ਸੀ ਪਰ ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਪੰਜਾਬ ਦੀ ਕਾਂਗਰਸ ਸਰਕਾਰ ਦੇ ਅਜਿਹੇ ਮੰਤਰੀ ਬਣੇ ਕੇ ਸ਼ੁਰੂ ਤੋਂ ਹੀ ਵਿਵਾਦਾਂ ’ਚ ਘਿਰ ਗਏ। ਰੇਤੇ ਦੀਆਂ ਖੱਡਾਂ ਦੀ ਨਿਲਾਮੀ ਦੇ ਮਾਮਲੇ ’ਚ ਸਭ ਤੋਂ ਪਹਿਲਾ ਨਾਂ ਰਾਣਾ ਗੁਰਜੀਤ ਸਿੰਘ ਦਾ ਆਉਣ ਕਾਰਨ ਵਿਰੋਧੀ ਧਿਰਾਂ ਦੀ ਲਗਾਤਾਰ ਕਾਂਗਰਸ ਵਿਰੋਧੀ ਬਿਆਨਬਾਜ਼ੀ ਤੋਂ ਪ੍ਰੇਸ਼ਾਨ ਕਾਂਗਰਸ ਹਾਈ ਕਮਾਂਡ ਨੇ ਰਾਣਾ ਗੁਰਜੀਤ ਸਿੰਘ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ।

ਭਾਵੇਂ ਰਾਣਾ ਗੁਰਜੀਤ ਸਿੰਘ ਨੇ ਵੀ ਕਪੂਰਥਲਾ ਹਲਕੇ ਤੋਂ ਵਿਧਾਨ ਸਭਾ ਚੋਣਾਂ ਸਮੇਂ ਭਾਰੀ ਲੀਡ ਲੈ ਕੇ ਲਗਾਤਾਰ ਜਿੱਤ ਦਰਜ ਕੀਤੀ ਸੀ ਪਰ 2 ਸਾਲਾਂ ਬਾਅਦ ਹੀ ਲੋਕ ਸਭਾ ਚੋਣਾਂ 2019 ਸਮੇਂ ਹਲਕਾ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੀ ਲੀਡ ਅੱਧੀ ਨਾਲੋਂ ਵੀ ਘੱਟ ਰਹਿ ਗਈ, ਜੋ ਵੀ ਪਾਰਟੀ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰਾਣਾ ਗੁਰਜੀਤ ਸਿੰਘ ਦੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਿਸੇ ਹੋਰ ਅਨੁਭਵੀ ਨੌਜਵਾਨ ਵਿਧਾਇਕ ਨੂੰ ਦੁਆਬੇ ’ਚੋਂ ਮੰਤਰੀ ਮੰਡਲ ’ਚ ਲੈਣ ਲਈ ਵਿਚਾਰ ਕਰ ਰਹੇ ਹਨ। ਹੁਣ ਹਲਕਾ ਸੁਲਤਾਨਪੁਰ ਲੋਧੀ ਦੇ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਪਾਰਟੀ ਦੀ ਮਜ਼ਬੂਤੀ ਲਈ ਕੀਤੀ ਗਈ ਕਾਰਗੁਜ਼ਾਰੀ ’ਤੇ ਨਜ਼ਰ ਮਾਰੀਏ ਤਾਂ ਚੀਮਾ ਨੇ ਪਹਿਲਾਂ 2007, ਫਿਰ 2012 ਤੇ ਹੁਣ 2019 ’ਚ ਤੀਜੀ ਵਾਰ ਪਾਰਟੀ ਦਾ ਜਿੱਤ ਦਾ ਝੰਡਾ ਇਸ ਅਕਾਲੀ ਦਲ ਦੇ ਗਡ਼੍ਹ ਸਮਝੇ ਜਾਂਦੇ ਹਲਕੇ ’ਚ ਲਹਿਰਾਇਆ ਹੈ।

ਪਾਰਟੀ ਹਾਈਕਮਾਂਡ ਦੇ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਦੁਆਬੇ ਵਿਚੋਂ ਮੰਤਰੀ ਮੰਡਲ ’ਚ ਨਵਤੇਜ ਸਿੰਘ ਚੀਮਾ ਨੂੰ ਲਏ ਜਾਣ ਦੇ ਪੂਰੇ ਆਸਾਰ ਹਨ। ਦੂਜਾ ਪੱਖ ਇਹ ਵੀ ਹੈ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੁੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਵੀ ਇਸੇ ਸਾਲ ਨਵੰਬਰ ਮਹੀਨੇ ਸੁਲਤਾਨਪੁਰ ਲੋਧੀ ਵਿਚ ਕੌਮਾਂਤਰੀ ਪੱਧਰ ’ਤੇ ਮਨਾਏ ਜਾਣ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ ਤੇ ਕੈਪਟਨ ਸਰਕਾਰ ਇਸ ਸ਼ੁਭ ਦਿਹਾਡ਼ੇ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਸ਼ੇਸ਼ ਵਿਕਾਸ ਲਈ ਚੀਮਾ ਨੂੰ ਮੰਤਰੀ ਮੰਡਲ ’ਚ ਸ਼ਾਮਲ ਕਰ ਕੇ ਇਸ ਨਗਰੀ ਨੂੰ ਹੋਰ ਵੀ ਵੱਡਾ ਮਾਣ ਸਤਿਕਾਰ ਦੇ ਸਕਦੀ ਹੈ।


Bharat Thapa

Content Editor

Related News