ਨਕੋਦਰ ਸਿਟੀ ਥਾਣੇ ’ਚ ਹੰਗਾਮਾ, ਪੁਲਸ ਮੁਲਾਜ਼ਮ ਦੇ ਪੁੱਤਰਾਂ ਤੇ ਪਤਨੀ ਨੇ ASI ਦੀ ਪਾੜੀ ਵਰਦੀ, ਕੀਤੀ ਖਿੱਚ-ਧੂਹ
03/10/2023 5:08:41 PM

ਨਕੋਦਰ (ਪਾਲੀ)- ਸਿਟੀ ਥਾਣੇ ’ਚ ਬੀਤੇ ਦਿਨੀਂ ਉਸ ਸਮੇਂ ਹੰਗਾਮਾ ਹੋ ਗਿਆ, ਜਦ ਪੰਜਾਬ ਪੁਲਸ ਦਾ ਸਟਿੱਕਰ (ਲੋਗੋ) ਲੱਗੀ ਕਾਲੇ ਸ਼ੀਸ਼ਿਆਂ ਵਾਲੀ ਬਲੈਰੋ ਗੱਡੀ ’ਚ ਆਪਣੀ ਮਾਂ ਨਾਲ ਆਏ 2 ਭਰਾਵਾਂ ਦੀ ਥਾਣੇ ’ਚ ਡਿਊਟੀ ’ਤੇ ਤਾਇਨਾਤ ਇਕ ਏ. ਐੱਸ. ਆਈ. ਨਾਲ ਗਾਲੀ-ਗਲੌਚ ਦੋਰਾਨ ਝੜਪ ਹੋ ਗਈ ਅਤੇ ਖਿੱਚ-ਧੂਹ ਕਰਦੇ ਹੋਏ ਵਰਦੀ ਪਾੜ ਦਿੱਤੀ।
ਪੁਲਸ ਨੂੰ ਦਿੱਤੇ ਬਿਆਨ ’ਚ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਕਰੀਬ 3.15 ਵਜੇ ਇਕ ਬਲੈਰੋ ਗੱਡੀ ਰੰਗ ਚਿੱਟਾ ਥਾਣੇ ਦੇ ਮੇਨ ਗੇਟ ’ਤੇ ਆ ਕੇ ਰੁਕੀ। ਇਸ ’ਚੋਂ ਇਕ ਨੌਜਵਾਨ ਕੁਲਵੰਤ ਸਿੰਘ ਉਰਫ਼ ਕੰਤੂ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਅਰਾਈਆ ਨਕੋਦਰ ਉਤਰਿਆ, ਜੋ ਇਹ ਮੁਕੱਦਮਾ ਨੰ. 20 ਮਿਤੀ 26.02.2023 ਥਾਣਾ ਸਿਟੀ ਨਕੋਦਰ ’ਚ ਲੋੜੀਂਦਾ ਹੈ, ਜਿਸ ਨੂੰ ਬੀਤੇ ਦਿਨ ਤਫ਼ਤੀਸ ਹੋਣ ਲਈ ਬੁਲਾਇਆ ਗਿਆ ਸੀ। ਇਸ ਦਾ ਦੂਸਰਾ ਭਰਾ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਇਨ੍ਹਾਂ ਦੀ ਮਾਤਾ ਸਰਬਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵੀ ਗੱਡੀ ’ਚ ਨਾਲ ਆਏ, ਜੋ ਉਸ ਨਾਲ ਗਾਲੀ-ਗਲੌਚ ਕਰਨ ਲੱਗੇ। ਜਦ ਉਸ ਨੇ ਇਨ੍ਹਾਂ ਨੂੰ ਰੋਕਿਆ ਤਾਂ ਕੁਲਵੰਤ ਸਿੰਘ ਉਰਫ਼ ਕੰਤੂ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਉਸ ਦੀ ਵਰਦੀ ਨੂੰ ਹੱਥ ਪਾ ਕੇ ਖਿੱਚ-ਧੂਹ ਕਰਨ ਲੱਗੇ। ਥਾਣੇ ’ਚ ਤਾਇਨਾਤ ਮੁਲਾਜ਼ਮਾਂ ਨੇ ਆ ਕੇ ਉਸ ਨੂੰ ਛੁਡਵਾਇਆ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਨਾਕ ਘਟਨਾ, ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਉਧਰ ਇਸ ਘਟਨਾ ਸਬੰਧੀ ਸਿਟੀ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਰਣਜੀਤ ਸਿੰਘ ਦੇ ਬਿਆਨਾਂ ’ਤੇ ਉਕਤ ਖ਼ਿਲਾਫ਼ ਥਾਣਾ ਸਿਟੀ ਨਕੋਦਰ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਭਰਾਵਾ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਪੁਲਸ ਦਾ ਸਟਿੱਕਰ (ਲੋਗੋ) ਲੱਗੀ ਕਾਲੇ ਸ਼ੀਸ਼ਿਆ ਵਾਲੀ ਬਲੈਰੋ ਗੱਡੀ ਜ਼ਬਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਦੇ ਬਾਥਰੂਮ ’ਚ ਮਿਲੀ ਨਿਹੰਗ ਸਿੰਘ ਦੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।