ਸਰਕਾਰ ਤੇ ਪ੍ਰਸ਼ਾਸਨ ਤੋਂ ਬੇਖੌਫ਼ ਹੋ ਸਾੜਿਆ ਜਾ ਰਿਹੈ ਨਾੜ, ਪਤਾਰਾ ਪੁਲਸ ਵੀ ਨਹੀਂ ਕਰ ਰਹੀ ਕੋਈ ਕਾਰਵਾਈ

05/09/2022 4:45:29 PM

ਜਲੰਧਰ (ਮਹੇਸ਼)-ਨਾੜ ’ਤੇ ਪੰਜਾਬ ਸਰਕਾਰ ਵੱਲੋਂ ਅੱਗ ਲਾਉਣ ਸਬੰਧੀ ਸਖ਼ਤੀ ਨਾਲ ਲਾਈ ਗਈ ਰੋਕ ਦਾ ਕਿਸਾਨਾਂ ’ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਉਹ ਸਰਕਾਰ ਤੇ ਪ੍ਰਸ਼ਾਸਨ ਤੋਂ ਬੇਖੌਫ਼ ਹੋ ਕੇ ਨਾੜ ਨੂੰ ਦਿਨ-ਦਿਹਾੜੇ ਅੱਗ ਲਾ ਰਹੇ ਹਨ। ਐਤਵਾਰ ਨੂੰ ਦੁਪਹਿਰ 3 ਵਜੇ ਦੇ ਲੱਗਭਗ ਜ਼ਿਲ੍ਹਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਅਧੀਨ ਪੈਂਦੇ ਏਰੀਏ ਦਕੋਹਾ-ਤੱਲ੍ਹਣ ਰੋਡ ’ਤੇ ਖੇਤਾਂ ’ਚ ਨਾੜ ਨੂੰ ਲਾਈ ਗਈ ਭਿਆਨਕ ਅੱਗ ਕਾਰਨ ਰੋਡ ਪੂਰੀ ਤਰ੍ਹਾਂ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਇਸ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਤੱਲ੍ਹਣ ਸਾਹਿਬ ਨੂੰ ਜਾਣ ਵਾਲੀ ਸੰਗਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਹਿਰ ਦੀ ਗਰਮੀ ਅਤੇ ਧੁੱਪ ਕਾਰਨ ਲੋਕ ਤਾਂ ਪਹਿਲਾਂ ਹੀ ਕਾਫੀ ਪ੍ਰੇਸ਼ਾਨ ਸਨ। ਅੱਗ ਨੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੋਰ ਵੀ ਵਧਾ ਦਿੱਤਾ।

ਸੰਗਤ ਮੁਤਾਬਕ ਉਹ ਕਿਸ ਤਰ੍ਹਾਂ ਪਹਿਲਾਂ ਗੁਰਦੁਆਰਾ ਸਾਹਿਬ ਅਤੇ ਫਿਰ ਆਪਣੇ ਘਰ ਪਹੁੰਚੇ, ਦੱਸ ਨਹੀਂ ਸਕਦੇ। ਥਾਣਾ ਪਤਾਰਾ ਦੇ ਏਰੀਏ ’ਚ ਲਗਾਤਾਰ ਕਿਸਾਨਾਂ ਵੱਲੋਂ ਨਾੜ ਨੂੰ ਅੱਗ ਲਾਈ ਜਾ ਰਹੀ ਹੈ ਪਰ ਪਤਾਰਾ ਪੁਲਸ ਨੇ ਇਸ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਤਾਰਾ ਪੁਲਸ ਪੰਜਾਬ ਸਰਕਾਰ ਦੇ ਹੁਕਮਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰ ਰਹੀ। ਐੱਸ. ਐੱਚ. ਓ. ਪਤਾਰਾ ਨਾਲ ਇਸ ਸਬੰਧ ’ਚ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
 


Manoj

Content Editor

Related News