ਐੱਨ. ਆਰ. ਆਈ. ਨਾਲ ਕੁੱਟ-ਮਾਰ ਕਰਨ ਵਾਲੇ 5 ਲੋਕਾਂ ਖਿਲਾਫ਼ ਮਾਮਲਾ ਦਰਜ

12/10/2018 2:20:58 AM

ਟਾਂਡਾ ਉਡ਼ਮੁਡ਼, (ਕੁਲਦੀਸ਼, ਪੰਡਿਤ, ਮੋਮੀ)- ਪਿੰਡ ਕਲਿਆਣਪੁਰ ’ਚ ਜ਼ਮੀਨੀ ਝਗਡ਼ੇ ਨੂੰ ਲੈ ਕੇ ਇਕ ਐੱਨ. ਆਰ. ਆਈ. ਨਾਲ ਕੁੱਟ-ਮਾਰ ਕਰਨ ਵਾਲੇ 5 ਲੋਕਾਂ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟ-ਮਾਰ ਦਾ ਸ਼ਿਕਾਰ ਹੋਏ ਗੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨ ਦੇ ਅਾਧਾਰ ’ਤੇ ਉਸ ਦੇ ਚਾਚੇ ਦੇ ਲਡ਼ਕੇ ਦਲਜੀਤ ਸਿੰਘ ਪੁੱਤਰ ਸਤਨਾਮ ਸਿੰਘ, ਸਰਬਜੀਤ ਕੌਰ ਪਤਨੀ ਦਲਜੀਤ ਸਿੰਘ, ਮਲੂਕ ਸਿੰਘ ਛਿੱਬੂ ਪੁੱਤਰ ਦਾਤਾਰ ਸਿੰਘ, ਗੁੱਗਾ ਤੇ ਰਫੀ ਸਾਰੇ ਨਿਵਾਸੀ ਕਲਿਆਣਪੁਰ ਖਿਲਾਫ਼ ਦਰਜ ਕੀਤਾ ਹੈ। 
ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜ ਮਹੀਨੇ ਪਹਿਲਾਂ ਅਮਰੀਕਾ ਤੋਂ ਆਇਆ ਹੈ। ਉਸ ਦਾ ਆਪਣੇ ਚਾਚੇ ਦੇ ਲਡ਼ਕੇ ਦਲਜੀਤ ਸਿੰਘ ਨਾਲ ਜੱਦੀ ਪੁਸ਼ਤੀ ਜ਼ਮੀਨ  ਨੂੰ ਲੈ ਕੇ ਦਸੂਹਾ ਦੇ ਐੱਸ. ਡੀ. ਐੱਮ. ਦੀ ਅਦਾਲਤ ਵਿਚ ਕੇਸ ਚੱਲਦਾ ਹੈ। ਬੀਤੇ ਦਿਨੀਂ ਜਦੋਂ ਉਹ ਆਪਣੀ ਪਤਨੀ ਕਮਲਜੀਤ ਕੌਰ ਨਾਲ ਜ਼ਮੀਨ ਵੱਲ ਫੇਰਾ ਮਾਰਨ ਗਿਆ  ਤਾਂ ਦਲਜੀਤ ਸਿੰਘ ਉਸੇ ਜ਼ਮੀਨ ਵਿਚ ਗੁੱਜਰਾਂ ਦੇ ਰਹਿਣ ਲਈ ਕੁੱਲ ਬਣਵਾ ਰਿਹਾ ਸੀ। 
ਰੋਕਣ ’ਤੇ ਉਕਤ ਨੇ ਮਿਲ ਕੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਉਸ ਦੇ ਦੋਸਤ ਬਲਵੰਤ ਸਿੰਘ ਦੇ ਮੌਕੇ ’ਤੇ ਆਉਣ ਕਰ ਕੇ ਉਕਤ ਸਾਰੇ ਲੋਕ ਮੌਕੇ ਤੋਂ ਭੱਜ ਗਏ। ਉਸ ਨੂੰ ਸਰਕਾਰੀ ਹਸਪਤਾਲ ਟਾਂਡਾ ਵਿਚ ਭਰਤੀ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News