ਜਲੰਧਰ 'ਚ ਮੁਸਲਿਮ ਭਾਈਚਾਰੇ ਨੇ ਪਾਕਿ ਦਾ ਸਾੜਿਆ ਪੁਤਲਾ

02/15/2019 5:32:33 PM

ਜਲੰਧਰ (ਮਜਹਰ)—ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ ਦੇ ਜਵਾਨਾਂ 'ਤੇ ਹੋਏ ਆਤਮਘਾਤੀ ਹਮਲੇ ਦੇ ਖਿਲਾਫ ਅੱਜ ਖਾਮਬੜਾ ਦੀ ਮਸਜਿਦ ਏ ਕੂਬਾ 'ਚ ਜੁਮਾ ਨਮਾਜ ਦੇ ਬਾਅਦ ਸੈਂਕੜੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਮੁਹੰਮਦ ਕਲੀਮ ਆਜ਼ਾਦ ਦੀ ਅਗਵਾਈ 'ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਅੱਤਵਾਦ ਦਾ ਪੁਤਲਾ ਸਾੜਿਆ। ਕਲੀਮ ਆਜ਼ਾਦ ਨੇ ਇਸ ਹਮਲੇ ਦੀ ਨਿੰਦਾ ਕੀਤੀ ਅਤੇ ਸ਼ਹੀਦ ਹੋਣ ਵਾਲੇ ਕਈ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਕਰਦੇ ਹੋਏ ਕਿਹਾ ਕਿ ਇਸ ਸਮੇਂ 'ਚ ਉਨ੍ਹਾਂ ਦੇ ਪਰਿਵਾਰ ਨਾਲ ਬਰਾਬਰ ਦੇ ਸ਼ਰੀਕ ਹਾਂ।

ਕਲੀਮ ਆਜ਼ਾਦ ਨੇ ਕਿਹਾ ਕਿ ਭਾਰਤ ਦੀਆਂ ਸਰਹੱਦਾਂ ਦੀ ਹਿਫਾਜ਼ਤ ਕਰਨ ਵਾਲੇ ਬੇਗੁਨਾਹਾਂ ਅਤੇ ਮਾਸੂਮ ਜਵਾਨਾਂ ਦਾ ਕਤਲ ਪੂਰੇ ਵਤਨ ਲਈ ਅਫਸੋਸ ਵਾਲੀ ਗੱਲ ਹੈ। ਇਸ ਦੁੱਖ ਦੇ ਸਮੇਂ 'ਚ ਵਤਨ ਦੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ। ਕਲੀਮ ਆਜ਼ਾਦ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਆਪਣੇ ਵਤਨ 'ਚ ਬੇਖੌਫ ਹੋ ਕੇ ਜ਼ਿੰਦਗੀ ਗੁਜਾਰ ਰਹੇ ਹਾਂ ਉਨ੍ਹਾਂ ਦੇ ਪਿੱਛੇ ਸਾਡੇ ਵਤਨ ਦੇ ਜਵਾਨਾਂ ਦੀ ਬੇਪਨਾਹ ਕੁਰਬਾਨੀਆਂ ਹਨ। ਉਹ ਸਾਡੀ ਹਿਫਾਜ਼ਤ ਲਈ ਆਪਣੇ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ, ਇਸ ਲਈ ਸਾਡਾ ਉਨ੍ਹਾਂ 'ਤੇ ਹੱਕ ਹੈ ਕਿ ਅਸੀਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣੇ ਵਤਨ ਦੀ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਾਂ।

ਕਲੀਮ ਆਜ਼ਾਦ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਇਸ 'ਤੇ ਸਖਤ ਐਕਸ਼ਨ ਲੈਣ। ਉੱਥੇ ਕਾਸ਼ਿਫ ਕਾਜ਼ਮੀ ਨੇ ਕਿਹਾ ਕਿ ਅਸੀਂ ਕਈ ਲੋਕ ਇਸ ਹਾਦਸੇ ਨਾਲ ਸਦਮੇ 'ਚ ਹਾਂ ਅਤੇ ਦਹਿਸ਼ਤ ਗਰਦੀ ਤੋਂ ਨਫਰਤ ਦਾ ਇਜ਼ਹਾਰ ਕਰਦੇ ਹਾਂ। ਕਾਸ਼ੀਫ ਕਾਜ਼ਮੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਬੁਜ ਦਿਲ ਹਰਕਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਇਨਸਾਨੀਅਤ ਦੇ ਦੁਸ਼ਮਣ ਹਨ।ਇਸ ਮੌਕੇ 'ਤੇ ਐੱਮ ਆਲਮ ਮਜਾਹਿਰੀ, ਕਾਸ਼ਿਫ ਕਾਜ਼ਮੀ, ਕਲੀਮ ਕਾਜ਼ਮੀ, ਅਲਾਊਦੀਨ ਚਾਂਦ, ਸ਼ਹਾਦਤ ਅਲੀ, ਮੁਹੰਮਦ ਅੰਸਾਰ ਖਾਨ, ਮੁਹੰਮਦ ਅਕਬਰ ਅਲੀ, ਇਮਾਮ ਸਾਬਿਤ ਮੁਹੰਮਦ ਇਰਫਾਨ, ਸ਼ਰੀਫ ਠੇਕੇਦਾਰ, ਖਲੀਲ, ਕਿਤਾਬ ਉਦੀਨ ਖਾਨ ਅਤੇ ਹੋਰ ਵੀ ਮੌਜੂਦ ਸਨ।


Shyna

Content Editor

Related News