ਸਿਹਰਾ ਕਤਲ ਕਾਂਡ: ਇਕ ਹੋਰ ਦੋਸ਼ੀ ਕਾਬੂ

02/20/2019 5:30:07 PM

ਜਲੰਧਰ (ਕਮਲੇਸ਼) - ਸਿਹਰਾ ਕਤਲ ਕਾਂਡ ਦੇ ਮਾਮਲੇ 'ਚ ਪੁਲਸ ਨੇ ਇਕ ਹੋਰ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਨੂੰ 2 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਦੋਸ਼ੀ ਦੀ ਪਛਾਣ ਭੁਪਿੰਦਰ ਕੁਮਾਰ ਉਰਫ ਭਿੰਦਾ ਪੁੱਤਰ ਬਿਸ਼ੰਭਰ ਲਾਲ ਵਾਸੀ ਪਿੰਡ ਦੰਡਵਾਂ ਵਜੋਂ ਹੋਈ ਹੈ, ਜਿਸ ਨੂੰ ਪੁਲਸ ਨੇ ਚਿੰਤਪੁਰਨੀ ਰੋਡ, ਹੁਸ਼ਿਆਰਪੁਰ ਤੋਂ ਕਾਬੂ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਮਾਮਲੇ ਦਰਜ ਹਨ, ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ ਜਦੋਂ ਪੁਲਸ ਗੋਲਡੀ ਨੂੰ ਦਿੱਲੀ ਤੋਂ ਕਾਬੂ ਕਰਨ ਗਈ ਸੀ ਤਾਂ ਰੋਹਿਣੀ ਸਥਿਤ ਫਲੈਟ ਦੇ ਹੇਠਾਂ ਪੁਲਸ ਦੀਆਂ ਗੱਡੀਆਂ ਵੇਖ ਭਿੰਦਾ ਤੇ ਮਾਣਕ ਰਫੂ ਚੱਕਰ ਹੋ ਗਏ ਸਨ। ਜਦੋਂਕਿ ਪੁਲਸ ਨੇ ਫਲੈਟ 'ਚੋਂ ਗੋਲਡੀ ਤੇ ਨੰਨੂ ਨੂੰ ਕਾਬੂ ਕਰ ਲਿਆ ਸੀ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਟਿਪ ਮਿਲੀ ਸੀ ਕਿ ਭਿੰਦਾ ਹੁਸ਼ਿਆਰਪੁਰ 'ਚ ਵੇਖਿਆ ਗਿਆ ਸੀ। ਪੁਲਸ ਨੇ ਹੁਸ਼ਿਆਰਪੁਰ 'ਚ ਛਾਪੇਮਾਰੀ ਕਰਕੇ ਭਿੰਦਾ ਨੂੰ ਕਾਬੂ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਕੇਸ 'ਚ ਨਾਮਜ਼ਦ ਹੋਰ ਮੁਲਜ਼ਮਾਂ ਦੀ ਭੂਮਿਕਾ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ।

ਸਿਹਰਾ ਬ੍ਰਦਰਜ਼ ਨੂੰ ਜਾਨੋਂ ਮਾਰਨ ਨਹੀਂ ਗਏ ਸਨ ਮੁਲਜ਼ਮ : ਡੀ. ਸੀ. ਪੀ. ਗੁਰਮੀਤ
ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸਿਹਰਾ ਬ੍ਰਦਰਜ਼ ਨੂੰ ਜਾਨ ਤੋਂ ਮਾਰਨ ਨਹੀਂ ਗਏ ਸਨ, ਸਗੋਂ ਹਮਲਾ ਕਰ ਕੇ ਡਰਾਉਣ ਗਏ ਸਨ। ਉਕਤ ਮੁਲਜ਼ਮਾਂ ਨੇ ਸ਼ਸ਼ੀ ਸ਼ਰਮਾ 'ਤੇ ਹਮਲਾ ਕਰਕੇ ਉਸਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿੱਤਾ ਸੀ। ਮੁਲਜ਼ਮ ਜਦੋਂ ਹਮਲਾ ਕਰਨ ਪਹੁੰਚੇ ਤਾਂ ਉਸ ਦੌਰਾਨ ਸਿਹਰਾ ਬ੍ਰਦਰਜ਼ ਉਨ੍ਹਾਂ 'ਤੇ ਹਾਵੀ ਹੋ ਗਏ ਸਨ ਤੇ ਉਨ੍ਹਾਂ ਦੀ ਜਾਨ 'ਤੇ ਬਣ ਗਈ ਸੀ। ਇਸ ਲਈ ਉਨ੍ਹਾਂ ਸਿਹਰਾ ਬ੍ਰਦਰਜ਼ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਮੌਕੇ 'ਤੇ ਹੀ ਬਾਬੇ ਦੀ ਮੌਤ ਹੋ ਗਈ ਤੇ ਬਾਬੇ ਦਾ ਛੋਟਾ ਭਰਾ ਬੱਬੂ ਜ਼ਖਮੀ ਹੋ ਗਿਆ। ਡੀ. ਸੀ. ਪੀ. ਦਾ ਕਹਿਣਾ ਹੈ ਕਿ ਪੁਲਸ ਨੂੰ ਮੁਲਜ਼ਮ ਭਿੰਦਾ ਦਾ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਤੇ ਪੁੱਛਗਿੱਛ ਦੌਰਾਨ ਪੁਲਸ ਦੀ ਕੋਸ਼ਿਸ਼ ਹੋਵੇਗੀ ਕਿ ਵਾਰਦਾਤ ਵਿਚ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾਣ।


rajwinder kaur

Content Editor

Related News