ਜੋ ਨਿਗਮ ਇਕ ਲਿਫਟ ਤੱਕ ਨਹੀਂ ਚਲਾ ਸਕਦਾ ਉਹ ਸ਼ਹਿਰ ਨੂੰ ਕਿਵੇਂ ਚਲਾਊ?

12/28/2019 2:00:00 PM

ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਦਾ ਬਜਟ ਕਰੀਬ 600 ਕਰੋੜ ਰੁਪਏ ਤੱਕ ਪਹੁੰਚ ਰਿਹਾ ਹੈ। ਨਿਗਮ ਦੇ ਕਰਮਚਾਰੀ ਅਤੇ ਅਧਿਕਾਰੀ 200 ਕਰੋੜ ਰੁਪਏ ਦੇ ਕਰੀਬ ਸਾਲਾਨਾ ਤਨਖਾਹ ਘਰ ਲੈ ਕੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਤੋਂ ਮੇਨਟੀਨੈਂਸ ਦੇ ਛੋਟੇ-ਛੋਟੇ ਕੰਮ ਨਹੀਂ ਹੁੰਦੇ। ਸ਼ਹਿਰ ਵੱਲ ਨਜ਼ਰ ਮਾਰੀਏ ਤਾਂ ਹਰ ਛੋਟੇ-ਵੱਡੇ ਹੋਟਲ, ਹਸਪਤਾਲ ਅਤੇ ਕਮਰਸ਼ੀਅਲ ਅਦਾਰੇ ਨੇ ਆਪਣੀ ਲਿਫਟ ਨੂੰ ਪੂਰੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਅਤੇ ਸ਼ਹਿਰ 'ਚ ਸਾਫ-ਸੁਥਰੀਆਂ ਲਿਫਟਾਂ ਜੋ ਹਰ ਸਮੇਂ ਚੱਲਦੀਆਂ ਰਹਿੰਦੀਆਂ ਹਨ, ਦੀ ਗਿਣਤੀ ਸੈਂਕੜੇ ਨਹੀਂ ਸਗੋਂ ਹਜ਼ਾਰਾਂ 'ਚ ਹੋਵੇਗੀ। ਇਸ ਦੇ ਬਾਵਜੂਦ ਜਲੰਧਰ ਨਗਰ ਨਿਗਮ ਦੀ ਮੇਨ ਬਿਲਡਿੰਗ 'ਚ ਨਿਗਮ ਤੋਂ ਦੋ ਲਿਫਟਾਂ ਦਾ ਸੰਚਾਲਨ ਢੰਗ ਨਾਲ ਨਹੀਂ ਹੋ ਰਿਹਾ।

ਮੇਅਰ ਆਫਿਸ ਦੇ ਕੋਲ ਜੋ ਲਿਫਟ ਲੱਗੀ ਹੋਈ ਹੈ, ਉਹ ਸਿਰਫ ਸ਼ੋਅਪੀਸ ਬਣ ਚੁੱਕੀ ਹੈ ਕਿਉਂਕਿ ਇਹ ਲਿਫਟ ਸਾਲਾਂ ਤੋਂ ਖਰਾਬ ਪਈ ਹੈ। ਮੇਅਰ ਰਹੇ ਰਾਕੇਸ਼ ਰਾਠੌਰ ਦਾ ਕਾਰਜਕਾਲ ਜੇਕਰ ਛੱਡ ਦੇਈਏ ਤਾਂ ਉਨ੍ਹਾਂ ਤੋਂ ਬਾਅਦ 5 ਸਾਲ ਮੇਅਰ ਅਹੁਦੇ 'ਤੇ ਰਹੇ ਸੁਨੀਲ ਜੋਤੀ ਕੋਲੋਂ ਵੀ ਇਹ ਲਿਫਟਾਂ ਨਹੀਂ ਚੱਲ ਸਕੀਆਂ ਅਤੇ ਉਸ ਸਮੇਂ ਆਪੋਜ਼ੀਸ਼ਨ 'ਚ ਬੈਠੀ ਕਾਂਗਰਸ ਨੇ ਉਨ੍ਹਾਂ ਦਾ ਖੂਬ ਮਜ਼ਾਕ ਬਣਾਇਆ ਅਤੇ ਟਿੱਚਰਾਂ ਕੀਤੀਆਂ ਸਨ।

PunjabKesari

ਅੱਜ ਉਹੀ ਕਾਂਗਰਸ ਪਾਰਟੀ ਪੰਜਾਬ 'ਚ 3 ਸਾਲਾਂ ਤੋਂ ਅਤੇ ਜਲੰਧਰ ਨਗਰ ਨਿਗਮ 'ਚ 2 ਸਾਲਾਂ ਤੋਂ ਕਾਬਜ਼ ਹੈ ਪਰ ਇਸ ਕੋਲੋਂ ਵੀ ਇਹ ਲਿਫਟ ਇਕ ਦਿਨ ਵੀ ਨਹੀਂ ਚੱਲੀ। ਇਹ ਵੱਖਰੀ ਗੱਲ ਹੈ ਕਿ ਅੱਜ ਆਪੋਜ਼ੀਸ਼ਨ 'ਚ ਬੈਠੀ ਭਾਜਪਾ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰ ਨਹੀਂ ਸਕੀ। ਇਸ ਲਿਫਟ ਦੇ ਨਾ ਚੱਲਣ ਨਾਲ ਨਗਰ ਨਿਗਮ ਨੂੰ ਸਾਲਾਂ ਤੋਂ ਬਦਨਾਮੀ ਝੱਲਣੀ ਪੈ ਰਹੀ ਹੈ, ਜਿਸ ਦੀ ਕਿਸੇ ਨੂੰ ਪ੍ਰਵਾਹ ਨਹੀਂ। ਭਾਵੇਂ ਇਹ ਕੰਮ ਪ੍ਰਾਈਵੇਟ ਕੰਪਨੀ ਨੂੰ ਮੇਨਟੀਨੈਂਸ 'ਤੇ ਦੇ ਕੇ ਕੁਝ ਲੱਖ ਰੁਪਏ 'ਚ ਕਰਵਾਇਆ ਜਾ ਸਕਦਾ ਹੈ ਪਰ ਇਸ ਵਿਸ਼ੇ 'ਤੇ ਸਿਰਫ ਗੱਲਾਂ ਹੁੰਦੀਆਂ ਹਨ, ਅਸਲ 'ਚ ਕੁਝ ਨਹੀਂ ਹੁੰਦਾ।

20 ਮਿੰਟ ਫਸੇ ਰਹੇ 5 ਲੋਕ
ਬੀਤੇ ਦਿਨ ਨਿਗਮ ਕੰਪਲੈਕਸ ਦੀ ਇਕ ਸਾਈਡ 'ਤੇ ਲੱਗੀ ਲਿਫਟ 'ਚ ਖਰਾਬੀ ਆ ਜਾਣ ਕਾਰਨ ਉਸ ਵਿਚ 5 ਲੋਕ 20 ਮਿੰਟ ਤੱਕ ਫਸੇ ਰਹੇ, ਜਿਨ੍ਹਾਂ 'ਚ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਅਤੇ ਇਲੈਕਟ੍ਰਾਨਿਕ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਵੀ ਸ਼ਾਮਲ ਸਨ। ਸ਼੍ਰੀ ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਉਹ ਲਿਫਟ ਰਾਹੀਂ ਤੀਜੀ ਮੰਜ਼ਿਲ 'ਤੇ ਜਾ ਰਹੇ ਸਨ ਤਾਂ ਦੂਜੀ ਮੰਜ਼ਿਲ 'ਤੇ ਨਿਗਮ ਦੀ ਇਕ ਮਹਿਲਾ ਅਧਿਕਾਰੀ ਜਿਉਂ ਹੀ ਬਾਹਰ ਨਿਕਲੀ ਤਾਂ ਲਿਫਟ 'ਚ ਖਰਾਬੀ ਆ ਗਈ। ਉਸ ਦਾ ਬਾਹਰੀ ਗੇਟ ਜ਼ੋਰ ਨਾਲ ਖੁੱਲ੍ਹ ਗਿਆ ਪਰ ਅੰਦਰੂਨੀ ਗੇਟ ਬੰਦ ਹੋ ਗਿਆ। ਕੁਝ ਸੈਕਿੰਡ ਦਾ ਫਰਕ ਰਹਿ ਗਿਆ ਨਹੀਂ ਤਾਂ ਉਸ ਮਹਿਲਾ ਅਧਿਕਾਰੀ ਨੂੰ ਸੱਟ ਲੱਗ ਸਕਦੀ ਸੀ। ਉਸ ਤੋਂ ਬਾਅਦ ਲਿਫਟ ਬੰਦ ਹੋ ਗਈ ਅਤੇ ਉਹ 20 ਮਿੰਟ ਤੱਕ ਉਸ 'ਚ ਫਸੇ ਰਹੇ। ਬਾਅਦ 'ਚ ਕਿਸੇ ਨੂੰ ਬੁਲਾ ਕੇ ਲਿਫਟ ਨੂੰ ਖੁੱਲ੍ਹਵਾਇਆ ਗਿਆ ਤਾਂ ਜਾ ਕੇ ਉਨ੍ਹਾਂ ਦੇ ਸਾਹ 'ਚ ਸਾਹ ਆਇਆ।


shivani attri

Content Editor

Related News