ਮੋਟਰਸਾਈਕਲ-ਟੈਂਕਰ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
Tuesday, Nov 17, 2020 - 11:12 PM (IST)

ਫਗਵਾੜਾ, (ਹਰਜੋਤ)- ਫਗਵਾੜਾ-ਜਲੰਧਰ ਸੜਕ ’ਤੇ ਸਥਿਤ ਕਾਂਸ਼ੀ ਨਗਰ ਦੇ ਕੋਲ ਇਕ ਮੋਟਰਸਾਈਕਲ ਦੀ ਤੇਲ ਦੇ ਟੈਂਕਰ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਮਾਂ-ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਲੜਕੇ ਨੂੰ ਮ੍ਰਿਤਕ ਐਲਾਣ ਦਿੱਤਾ, ਜਦ ਕਿ ਮਹਿਲਾ ਕੁਲਵੰਤ ਕੌਰ ਦਾ ਇਲਾਜ ਜਾਰੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ (36) ਪੁੱਤਰ ਵਾਸੀ ਜੱਲੋਵਾਲ ਥਾਣਾ ਸਦਰ ਕਪੂਰਥਲਾ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਫਗਵਾੜਾ ਦੇ ਪਲਾਹੀ ਗੇਟ ਵਿਖੇ ਇਕ ਰਿਸ਼ਤੇਦਾਰ ਦੇ ਅੰਤਿਮ ਸਸਕਾਰ ’ਚ ਸ਼ਾਮਲ ਹੋਣ ਲਈ ਆਪਣੀ ਮਾਂ ਕੁਲਵੰਤ ਕੌਰ ਦੇ ਨਾਲ ਮੋਟਰਸਾਈਕਲ ’ਤੇ ਕਪੂਰਥਲਾ ਤੋਂ ਫਗਵਾਡ਼ੇ ਆਇਆ ਸੀ । ਜਦੋਂ ਉਹ ਫਗਵਾੜੇ ਦੇ ਕਾਂਸ਼ੀ ਨਗਰ ਦੇ ਕੋਲ ਪੁੱਜੇ ਤਾਂ ਮੋਟਰਸਾਈਕਲ ਦੀ ਇਕ ਤੇਲ ਦੇ ਕੈਂਟਰ ਨਾਲ ਟੱਕਰ ਹੋ ਗਈ। ਪੁਲਸ ਨੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।