ਨਿਗਮ ਦੇ ਵਧੇਰੇ ਅਫ਼ਸਰ ਆਪਣੇ ਹੀ ਕਮਿਸ਼ਨਰ ਖ਼ਿਲਾਫ਼ ਹੋਏ, ਕੂੜੇ ਸਬੰਧੀ ਆਰਡਰ ਵਾਪਸ ਨਾ ਲਏ ਤਾਂ ਹੋਵੇਗੀ ਹੜਤਾਲ

Friday, Aug 30, 2024 - 12:53 PM (IST)

ਨਿਗਮ ਦੇ ਵਧੇਰੇ ਅਫ਼ਸਰ ਆਪਣੇ ਹੀ ਕਮਿਸ਼ਨਰ ਖ਼ਿਲਾਫ਼ ਹੋਏ, ਕੂੜੇ ਸਬੰਧੀ ਆਰਡਰ ਵਾਪਸ ਨਾ ਲਏ ਤਾਂ ਹੋਵੇਗੀ ਹੜਤਾਲ

ਜਲੰਧਰ (ਖੁਰਾਣਾ)–ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਖ਼ਤੀ ਕਾਰਨ ਪਿਛਲੇ ਕੁਝ ਸਮੇਂ ਤੋਂ ਨਗਰ ਨਿਗਮ ਕਮਿਸ਼ਨਰ ’ਤੇ ਦਬਾਅ ਬਣਿਆ ਹੋਇਆ ਹੈ ਕਿ ਸ਼ਹਿਰ ਵਿਚ ਸਾਫ਼-ਸਫ਼ਾਈ ਦੀ ਸਥਿਤੀ ਨੂੰ ਸੁਧਾਰਿਆ ਜਾਵੇ ਅਤੇ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼ 2016 ਨੂੰ ਸ਼ਹਿਰ ਵਿਚ ਲਾਗੂ ਕੀਤਾ ਜਾਵੇ। ਐੱਨ. ਜੀ. ਟੀ. ਨੇ ਤਾਂ ਆਪਣੇ ਲਿਖਤੀ ਹੁਕਮਾਂ ਵਿਚ ਇਹ ਚਿਤਾਵਨੀ ਤਕ ਦਿੱਤੀ ਹੋਈ ਸੀ ਕਿ ਜੇਕਰ ਜਲੰਧਰ ਵਿਚ ਸਫ਼ਾਈ ਦੀ ਸਥਿਤੀ ਵਿਚ ਸੁਧਾਰ ਨਾ ਆਇਆ ਤਾਂ ਨਿਗਮ ਕਮਿਸ਼ਨਰ ਅਤੇ ਹੋਰ ਸਬੰਧਤ ਅਧਿਕਾਰੀਆਂ ’ਤੇ ਕ੍ਰਿਮੀਨਲ ਕੇਸ ਦਰਜ ਕੀਤੇ ਜਾਣਗੇ। ਐੱਨ. ਜੀ. ਟੀ. ਅਤੇ ਪੀ. ਪੀ. ਸੀ. ਬੀ. ਦੀ ਸਖ਼ਤੀ ਅਤੇ ਇਸ ਸਬੰਧ ਵਿਚ ਚੀਫ਼ ਸੈਕਟਰੀ ਵੱਲੋਂ ਆਏ ਹੁਕਮਾਂ ਕਾਰਨ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਨਿਗਮ ਦੇ ਲਗਭਗ ਸਾਰੇ ਅਧਿਕਾਰੀਆਂ ਦੀ ਡਿਊਟੀ ਸਾਫ਼-ਸਫ਼ਾਈ ਦੇ ਪ੍ਰਬੰਧ, ਕੂੜੇ ਦੀ ਲਿਫ਼ਟਿੰਗ ਅਤੇ ਡੰਪ ਸਥਾਨਾਂ ਨੂੰ ਲੈ ਕੇ ਲਾ ਦਿੱਤੀ ਸੀ।

ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਨਿਗਮ ਦੇ ਅਕਾਊਂਟਸ ਵਿਭਾਗ, ਇੰਜੀਨੀਅਰਿੰਗ ਸੈਕਸ਼ਨ, ਬਿਲਡਿੰਗ ਡਿਪਾਰਟਮੈਂਟ, ਤਹਿਬਾਜ਼ਾਰੀ, ਪ੍ਰਾਪਰਟੀ ਟੈਕਸ ਅਤੇ ਹੋਰਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੂੜੇ ਨਾਲ ਸਬੰਧਤ ਕੰਮਾਂ ਦੀ ਵਾਧੂ ਡਿਊਟੀ ਦੇਣ ਦੇ ਨਿਰਦੇਸ਼ ਦਿੱਤੇ ਗਏ, ਜਿਸ ਕਾਰਨ ਪਿਛਲੇ ਲਗਭਗ 8-10 ਦਿਨਾਂ ਤੋਂ ਨਿਗਮ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਗੁੱਸਾ ਫੈਲ ਰਿਹਾ ਸੀ। ਅੱਜ ਇਹ ਗੁੱਸਾ ਉਸ ਸਮੇਂ ਫੁੱਟ ਪਿਆ, ਜਦੋਂ ਨਗਰ ਨਿਗਮ ਦੀ ਇੰਪਲਾਈਜ਼ ਯੂਨੀਅਨ, ਸਫ਼ਾਈ ਮਜ਼ਦੂਰ ਯੂਨੀਅਨ, ਸੈਨੇਟਰੀ ਸੁਪਰਵਾਈਜ਼ਰ, ਇੰਪਲਾਈਜ਼ ਯੂਨੀਅਨ ਅਤੇ ਸਾਰੇ ਸੰਗਠਨਾਂ ਦੇ ਪ੍ਰਤੀਨਿਧੀ ਯੂਨੀਅਨ ਪ੍ਰਧਾਨ ਬੰਟੂ ਸੱਭਰਵਾਲ, ਰਿੰਪੀ ਕਲਿਆਣ, ਮਨਦੀਪ ਸਿੰਘ ਮਿੱਠੂ ਆਦਿ ਦੀ ਅਗਵਾਈ ਵਿਚ ਸਮਾਰਟ ਸਿਟੀ ਆਫਿਸ ਜਾ ਕੇ ਨਗਰ ਨਿਗਮ ਕਮਿਸ਼ਨਰ ਨੂੰ ਮਿਲੇ, ਜਿੱਥੇ ਉਨ੍ਹਾਂ ਨੂੰ ਮੰਗ-ਪੱਤਰ ਦੇ ਕੇ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਨਿਗਮ ਕਮਿਸ਼ਨਰ ਨੇ ਕੂੜੇ ਸਬੰਧੀ ਡਿਊਟੀਆਂ ਵਾਲੇ ਤਿੰਨੋਂ ਹੁਕਮ ਤੁਰੰਤ ਵਾਪਸ ਨਾ ਲਏ ਤਾਂ ਸ਼ੁੱਕਰਵਾਰ 30 ਅਗਸਤ ਨੂੰ ਨਗਰ ਨਿਗਮ ਦਾ ਮੇਨ ਆਫਿਸ ਅਤੇ ਸਾਰੇ ਜ਼ੋਨ ਦਫ਼ਤਰ ਬੰਦ ਰੱਖੇ ਜਾਣਗੇ ਅਤੇ ਕੋਈ ਕੰਮ ਨਹੀਂ ਹੋਵੇਗਾ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਅਕਾਲੀ ਦਲ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ

ਇਹ ਧਮਕੀ ਵੀ ਦਿੱਤੀ ਗਈ ਕਿ ਜੇਕਰ ਨਿਗਮ ਕਮਿਸ਼ਨਰ ਨੇ ਹੁਕਮ ਵਾਪਸ ਨਾ ਲਏ ਤਾਂ ਮੰਗਲਵਾਰ ਤੋਂ ਪੂਰੇ ਸ਼ਹਿਰ ਵਿਚ ਕੂੜੇ ਦੀ ਲਿਫ਼ਟਿੰਗ ਬੰਦ ਕਰ ਦਿੱਤੀ ਜਾਵੇਗੀ ਅਤੇ ਸਫਾਈ ਸਬੰਧੀ ਹੜਤਾਲ ਰਹੇਗੀ। ਪਤਾ ਲੱਗਾ ਹੈ ਕਿ ਸਮਾਰਟ ਸਿਟੀ ਆਫ਼ਿਸ ਵਿਚ ਨਿਗਮ ਕਮਿਸ਼ਨਰ ਅਤੇ ਬਾਕੀ ਅਧਿਕਾਰੀਆਂ ਵਿਚਕਾਰ ਸ਼ਹਿਰ ਦੀ ਮੌਜੂਦਾ ਹਾਲਤ ਨੂੰ ਲੈ ਕੇ ਕਾਫੀ ਚਰਚਾ ਹੋਈ ਅਤੇ ਕਮਿਸ਼ਨਰ ਨੇ ਖੁਦ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਪਰ ਨਿਗਮ ਦੇ ਬਾਕੀ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਮੰਗ ’ਤੇ ਡਟੇ ਰਹੇ।

ਸਿਰਫ਼ ਹੈਲਥ ਸ਼ਾਖਾ ਤੋਂ ਹੀ ਲਿਆ ਜਾਵੇ ਕੂੜੇ ਨਾਲ ਸਬੰਧਤ ਕੰਮ
ਨਿਗਮ ਦੇ ਸਾਰੇ ਅਧਿਕਾਰੀਆਂ ਵੱਲੋਂ ਕਮਿਸ਼ਨਰ ਨੂੰ ਦਿੱਤੇ ਮੰਗ-ਪੱਤਰ ਵਿਚ ਸਾਫ ਕਿਹਾ ਗਿਆ ਹੈ ਕਿ ਸਿਰਫ ਹੈਲਥ ਸ਼ਾਖਾ ਨੂੰ ਹੀ ਕੂੜੇ ਅਤੇ ਸਾਫ-ਸਫਾਈ ਨਾਲ ਸਬੰਧਤ ਕੰਮ ਦਿੱਤਾ ਜਾਵੇ ਅਤੇ ਬਾਕੀ ਅਧਿਕਾਰੀਆਂ ਦੀ ਇਸ ਸਬੰਧੀ ਲਾਈ ਗਈ ਡਿਊਟੀ ਨੂੰ ਰੱਦ ਕੀਤਾ ਜਾਵੇ। ਤਰਕ ਦਿੱਤਾ ਗਿਆ ਕਿ ਬਾਕੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੈਨੀਟੇਸ਼ਨ ਤੇ ਹੈਲਥ ਸਿਸਟਮ ਬਾਰੇ ਕੋਈ ਗਿਆਨ ਨਹੀਂ ਹੈ, ਜਦੋਂ ਕਿ ਹੈਲਥ ਸ਼ਾਖਾ ਵਿਚ ਪਹਿਲਾਂ ਤੋਂ ਹੀ ਸੈਨੇਟਰੀ ਸੁਪਰਵਾਈਜ਼ਰ, ਸੈਨੇਟਰੀ ਇੰਸਪੈਕਟਰ, ਚੀਫ ਸੈਕਟਰੀ ਇੰਸਪੈਕਟਰ, ਹੈਲਥ ਆਫਿਸਰ ਆਦਿ ਸਟਾਫ ਮੌਜੂਦ ਹੈ। ਅਜਿਹੇ ਹੁਕਮਾਂ ਨਾਲ ਹੈਲਥ ਸਟਾਫ ਦਾ ਮਨੋਬਲ ਵੀ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਛੁੱਟੀ ਵਾਲੇ ਦਿਨ ਨਿਗਮ ਆਫ਼ਿਸ ਨਾ ਲਾਇਆ ਜਾਵੇ
ਸਮਾਰਟ ਸਿਟੀ ਆਫ਼ਿਸ ਵਿਚ ਨਿਗਮ ਕਮਿਸ਼ਨਰ ਨੂੰ ਮਿਲਣ ਤੋਂ ਪਹਿਲਾਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਨਿਗਮ ਅਧਿਕਾਰੀਆਂ ਨੇ ਆਪਸ ਵਿਚ ਕਾਊਂਸਲਿੰਗ ਰੂਮ ਵਿਚ ਇਕ ਮੀਟਿੰਗ ਕੀਤੀ, ਜਿਸ ਦੌਰਾਨ ਸਾਰਿਆਂ ਨੇ ਕਮਿਸ਼ਨਰ ਦੀ ਕਾਰਜਸ਼ੈਲੀ ਨੂੰ ਲੈ ਕੇ ਖੁੱਲ੍ਹ ਕੇ ਭੜਾਸ ਕੱਢੀ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਨਿਗਮ ਕਮਿਸ਼ਨਰ ਨੇ ਹਰ ਛੁੱਟੀ ਵਾਲੇ ਦਿਨ ਆਫਿਸ ਖੋਲ੍ਹਣ ਜਾਂ ਮੀਟਿੰਗ ਆਦਿ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਸ ਕਾਰਨ ਨਿਗਮ ਕਰਮਚਾਰੀ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ।
ਕਮਿਸ਼ਨਰ ਵੱਲੋਂ ਲੱਗਭਗ ਰੋਜ਼ ਹੀ ਆਫ਼ਿ ਦੇ ਸਮੇਂ ਤੋਂ ਬਾਅਦ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਅਤੇ ਕਦੇ-ਕਦਾਈ ਤਾਂ ਰਾਤ 9 ਵਜੇ ਵੀ ਮੀਟਿੰਗ ਬੁਲਾ ਲਈ ਜਾਂਦੀ ਹੈ। ਵਧੇਰੇ ਬੁਲਾਰਿਆਂ ਦਾ ਕਹਿਣਾ ਸੀ ਕਿ ਨਿਗਮ ਕਮਿਸ਼ਨਰ ਨੇ ਜੋ ਵੀ ਕੰਮ ਲੈਣਾ ਹੈ, ਉਹ ਸਰਕਾਰੀ ਸਮੇਂ ਦੇ ਅੰਦਰ ਲਿਆ ਜਾਵੇ। ਹੁਣ ਵੇਖਣਾ ਹੈ ਕਿ ਨਿਗਮ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਵੱਲੋਂ ਇਸ ਮਾਮਲੇ ਵਿਚ ਦਿੱਤੇ ਗਏ ਲਿਖਤੀ ਮੰਗ-ਪੱਤਰ ਤੋਂ ਬਾਅਦ ਨਿਗਮ ਕਮਿਸ਼ਨਰ ਆਪਣੇ ਫ਼ੈਸਲੇ ਬਾਰੇ ਯੂ-ਟਰਨ ਲੈਂਦੇ ਹਨ ਜਾਂ ਆਪਣੇ ਹੁਕਮਾਂ ’ਤੇ ਕਾਇਮ ਰਹਿੰਦੇ ਹਨ।
 

ਇਹ ਵੀ ਪੜ੍ਹੋ- ਪੰਜਾਬ ਕੈਬਨਿਟ 'ਚ ਲਏ ਗਏ ਅਹਿਮ ਫ਼ੈਸਲੇ, ਸੂਬੇ 'ਚ ਵਧਾਈਆਂ ਗਈਆਂ PCS ਦੀਆਂ ਪੋਸਟਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News