ਲਾਪਤਾ ਬਜ਼ੁਰਗ ਰਾਜਿੰਦਰ ਸੈਣੀ ਦੀ ਮਿਲੀ ਲਾਸ਼
Sunday, Nov 10, 2019 - 11:10 PM (IST)
ਹੁਸ਼ਿਆਰਪੁਰ,(ਅਮਰਿੰਦਰ)- ਫਗਵਾਡ਼ਾ ਬਾਈਪਾਸ ਰੋਡ ਤੋਂ ਐਤਵਾਰ ਸਵੇਰੇ ਖੂਨ ਨਾਲ ਲਥਪਥ ਬਜ਼ੁਰਗ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਲੋਕਾਂ ਨੇ ਜਦੋਂ ਇਸ ਦੀ ਸੂਚਨਾ ਥਾਣਾ ਮਾਡਲ ਟਾਊਨ ਅਧੀਨ ਪੁਰਹੀਰਾਂ ਚੌਕੀ ਦੀ ਪੁਲਸ ਨੂੰ ਦਿੱਤੀ ਤਾਂ ਏ. ਐੱਸ. ਆਈ. ਪਰਮਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ ਉੱਤੇ ਪਹੁੰਚੇ ਅਤੇ ਲਾਸ਼ ਪੰਚਨਾਮਾ ਕਰ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਇਸ ਦੌਰਾਨ ਰੇਲਵੇ ਰੋਡ ਨਾਲ ਲੱਗਦੇ ਪ੍ਰੇਮਗਡ਼੍ਹ ਮੁਹੱਲੇ ਵਿਚੋਂ 63 ਸਾਲਾ ਰਾਜਿੰਦਰ ਕੁਮਾਰ ਕੱਲ ਤੋਂ ਲਾਪਤਾ ਚੱਲ ਰਹੇ ਸਨ। ਫਗਵਾਡ਼ਾ ਬਾਈਪਾਸ ਰੋਡ ਤੋਂ ਲਾਸ਼ ਮਿਲਣ ਦੀ ਸੂਚਨਾ ਪਾ ਕੇ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਲਾਸ਼ ਰਾਜਿੰਦਰ ਕੁਮਾਰ ਪੁੱਤਰ ਚੌਧਰੀ ਦੀਵਾਨ ਚੰਦ ਸੈਣੀ ਦੀ ਨਿਕਲੀ। ਸ਼ਨਾਖਤ ਹੋਣ ਤੋਂ ਬਾਅਦ ਹੁਣ ਮਾਡਲ ਟਾਊਨ ਪੁਲਸ ਨੇ ਅਣਪਛਾਤੇ ਚਾਲਕ ਖਿਲਾਫ਼ ਮਾਮਲਾ ਦਰਜ ਕਰਨ ਜਾ ਰਹੀ ਹੈ।
ਸ਼ਨੀਵਾਰ ਸਵੇਰੇ ਘਰੋਂ ਗਏ ਸਨ ਬਜ਼ੁਰਗ ਰਾਜਿੰੰਦਰ ਸੈਣੀ
ਮ੍ਰਿਤਕ ਰਾਜਿੰਦਰ ਕੁਮਾਰ ਸੈਣੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਸ਼ਨੀਵਾਰ ਸਵੇਰੇ 9 ਵਜੇ ਘਰੋਂ ਧਾਰਮਕ ਸਮਾਗਮ ਦੇਖਣ ਲਈ ਗਏ ਸਨ। ਰਾਤੀਂ ਜਦੋਂ ਉਹ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ ਵਿਚ ਲੱਗ ਗਏ। ਮ੍ਰਿਤਕ ਰਾਜਿੰਦਰ ਸੈਣੀ ਹੁਸ਼ਿਆਰਪੁਰ ਨਗਰ ਪਾਲਿਕਾ ਤੋਂ ਕਰੀਬ 6 ਸਾਲ ਪਹਿਲਾਂ ਰਿਟਾਇਰਡ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ 1 ਪੁੱਤਰ ਅਤੇ 1 ਧੀ ਨੂੰ ਰੋਂਦਿਆਂ-ਵਿਲਕਦਿਆਂ ਛੱਡ ਗਏ ਹਨ। ਮ੍ਰਿਤਕ ਰਾਜਿੰਦਰ ਸੈਣੀ ਸ੍ਰੀ ਰਾਮਚਰਿਤ ਮਾਨਸ ਪ੍ਰਚਾਰ ਮੰਡਲ ਦੇ ਪ੍ਰਧਾਨ ਅਤੇ ਸ਼ਹਿਰ ਦੇ ਪ੍ਰਮੁੱਖ ਸਮਾਜ-ਸੇਵੀ ਹਰੀਸ਼ ਸੈਣੀ ਬਿੱਟੂ ਦੇ ਜਿੱਥੇ ਫੁੱਫਡ਼ ਸਨ, ਉਥੇ ਹੀ ਉਨ੍ਹਾਂ ਦੇ ਪਿਤਾ ਚੌਧਰੀ ਦੀਵਾਨ ਚੰਦ ਸੈਣੀ ਨਗਰ ਕੌਂਸਲਰ ਅਤੇ ਡੀ. ਏ. ਵੀ. ਮੈਨੇਜਿੰਗ ਕਮੇਟੀ ਦੇ ਮੈਂਬਰ ਸਨ।
ਲਾਸ਼ ਦਾ ਅੱਜ ਕੀਤਾ ਜਾਵੇਗਾ ਪੋਸਟਮਾਰਟਮ
ਥਾਣਾ ਮਾਡਲ ਟਾਊਨ ਵਿਚ ਤਾਇਨਾਤ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਇਸ ਮਾਮਲੇ ’ਚ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰਨ ਜਾ ਰਹੀ ਹੈ। ਸ਼ੁਰੂਆਤੀ ਜਾਂਚ ਤੋਂ ਲੱਗਦਾ ਹੈ ਕਿ ਘਰੋਂ ਨਿਕਲਣ ਤੋਂ ਬਾਅਦ ਫਗਵਾਡ਼ਾ ਬਾਈਪਾਸ ਰੋਡ ਉੱਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਗਏ ਹੋਣਗੇ, ਜਿਸ ਦੀ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸੋਮਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।