ਪੈਟਰੋਲ ਪੰਪ ਦੇ ਬਾਥਰੂਮ ''ਚੋਂ ਮਿਲੀ ਨੌਜਵਾਨ ਦੀ ਲਾਸ਼

Saturday, Jan 25, 2025 - 11:22 PM (IST)

ਪੈਟਰੋਲ ਪੰਪ ਦੇ ਬਾਥਰੂਮ ''ਚੋਂ ਮਿਲੀ ਨੌਜਵਾਨ ਦੀ ਲਾਸ਼

ਕਪੂਰਥਲਾ (ਮਹਾਜਨ/ਭੂਸ਼ਣ) - ਥਾਣਾ ਸਿਟੀ ਪੁਲਸ ਨੇ ਕਪੂਰਥਲਾ-ਕਾਲਾ ਸੰਘਿਆਂ ਰੋਡ `ਤੇ ਸਥਿਤ ਇੱਕ ਪੈਟਰੋਲ ਪੰਪ ਤੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ 28 ਸਾਲਾ ਮਨਿੰਦਰਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਭੇਟਾਂ ਵਜੋਂ ਹੋਈ ਹੈ। 

ਲਾਸ਼ ਦੀ ਪਛਾਣ ਹੋਣ ਤੇ ਪੁਲਸ ਵੱਲੋਂ ਪਰਿਵਾਰ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਲੰਬੇ ਸਮੇਂ ਤੋਂ ਨਸ਼ੇ ਦਾ ਸੇਵਨ ਕਰ ਰਿਹਾ ਸੀ ਤੇ ਉਸਦਾ ਇਲਾਜ ਨਸ਼ਾ ਛੁਡਾਊ ਕੇਂਦਰ ‘ਚ ਚੱਲ ਰਿਹਾ ਸੀ। ਉਹ 4-5 ਦਿਨ ਪਹਿਲਾਂ ਉੱਥੋਂ ਗਾਇਬ ਹੋ ਗਿਆ ਸੀ, ਪਰ ਘਰ ਨਹੀਂ ਪਹੁੰਚਿਆ। ਇਸ ਦੌਰਾਨ ਸ਼ੁਕਰਵਾਰ ਦੁਪਹਿਰ ਨੂੰ ਕਿਸੇ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮਨਿੰਦਰਜੀਤ ਸਿੰਘ ਦੀ ਲਾਸ਼ ਕਪੂਰਥਲਾ-ਕਾਲਾ ਸੰਘਿਆਂ ਰੋਡ `ਤੇ ਸਥਿਤ ਇੱਕ ਪੈਟਰੋਲ ਪੰਪ ਦੇ ਬਾਥਰੂਮ ਵਿੱਚੋਂ ਮਿਲੀ ਹੈ। 

ਇਹ ਸ਼ੱਕ ਹੈ ਕਿ ਉਸਦੇ ਭਤੀਜੇ ਦੀ ਮੌਤ ਜਿਆਦਾ ਨਸ਼ੇ ਦੇ ਸੇਵਨ ਕਾਰਨ ਹੋਈ ਹੈ। ਉਹ ਕਿਸੇ `ਤੇ ਸ਼ੱਕ ਨਹੀਂ ਕਰਦਾ।ਸਰੀਰ `ਤੇ ਕਿਸੇ ਵੀ ਤਰ੍ਹਾਂ ਦੇ ਨਿਸ਼ਾਨ ਨਹੀਂ ਸਨ ਪਰ ਚਸ਼ਮਦੀਦਾਂ ਨੇ ਦੱਸਿਆ ਕਿ ਸਰੀਰ ਦੇ ਕੋਲ ਇੱਕ ਸਰਿੰਜ ਪਈ ਸੀ। ਚਾਚਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਤੇ ਉਸਦੀ ਇੱਕ 3 ਸਾਲ ਦੀ ਬੇਟੀ ਵੀ ਹੈ। 

ਥਾਣਾ ਸਿਟੀ ਦੇ ਐਸ.ਐਚ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੇ ਚਾਚੇ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ। ਸ਼ਨੀਵਾਰ ਨੂੰ ਮ੍ਰਿਤਕ ਦੀ ਲਾਸ਼ ਕਪੂਰਥਲਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਮੌਤ ਦੇ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗਾ।


author

Inder Prajapati

Content Editor

Related News