ਹਾਊਸ ਦੀ ਬੈਠਕ ’ਚ ਬੋਲੇ ਕੌਂਸਲਰ, ਸਮਾਰਟ ਸਿਟੀ ਦੇ ਪ੍ਰਾਜੈਕਟਾਂ ’ਚ ਕਰੋੜਾਂ ਦਾ ਭ੍ਰਿਸ਼ਟਾਚਾਰ, ਹੋਵੇ ਵਿਜੀਲੈਂਸ ਜਾਂਚ

06/09/2022 10:49:27 AM

ਜਲੰਧਰ (ਖੁਰਾਣਾ)– ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਬੈਠਕ ਬੁੱਧਵਾਰ 7 ਮਹੀਨਿਆਂ ਤੋਂ ਜ਼ਿਆਦਾ ਸਮੇਂ ਦੇ ਵਕਫੇ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਵਿਚ ਹੋਈ ਪਰ ਖਾਸ ਗੱਲ ਇਹ ਰਹੀ ਕਿ ਇਸ ਬੈਠਕ ਵਿਚ ਨਿਗਮ ਨਾਲ ਸਬੰਧਤ ਪ੍ਰਾਜੈਕਟਾਂ ’ਤੇ ਕੋਈ ਖ਼ਾਸ ਚਰਚਾ ਨਹੀਂ ਹੋਈ ਪਰ ਜ਼ਿਆਦਾਤਰ ਸਮਾਂ ਸਮਾਰਟ ਸਿਟੀ ਕੰਪਨੀ ਦੀਆਂ ਨਾਕਾਮੀਆਂ ਦੀ ਚਰਚਾ ਕਰਨ ਵਿਚ ਬੀਤਿਆ। ਬੈਠਕ ਦੌਰਾਨ 80 ਵਿਚੋਂ 53 ਕੌਂਸਲਰ ਹਾਜ਼ਰ ਹੋਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਕੰਪਨੀ ਨਾਲ ਸਬੰਧਤ ਅਫ਼ਸਰਾਂ ਨੇ ਹਰ ਪ੍ਰਾਜੈਕਟ ਵਿਚ ਲਾਪਰਵਾਹੀ ਅਤੇ ਨਾਲਾਇਕੀ ਵਰਤੀ ਅਤੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ।

ਜ਼ਿਆਦਾਤਰ ਕੌਂਸਲਰਾਂ ਦਾ ਕਹਿਣਾ ਸੀ ਕਿ ਭਾਵੇਂ ਸਮਾਰਟ ਸਿਟੀ ਨਾਲ ਸਬੰਧਤ ਕੰਮ ਇਕ ਕੰਪਨੀ ਬਣਾ ਕੇ ਕੀਤੇ ਗਏ ਪਰ ਬਦਨਾਮੀ ਜਲੰਧਰ ਨਿਗਮ ਨੂੰ ਝੱਲਣੀ ਪਈ। ਕੌਂਸਲਰਾਂ ਨੇ ਇਹ ਵੀ ਕਿਹਾ ਕਿ ਸਮਾਰਟ ਸਿਟੀ ਫੰਡ ਨਾਲ ਹੁਣ ਤੱਕ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਜਲੰਧਰ ਸ਼ਹਿਰ ਰੱਤੀ ਭਰ ਵੀ ਸਮਾਰਟ ਨਹੀਂ ਦਿਸ ਰਿਹਾ ਅਤੇ ਜ਼ਿਆਦਾਤਰ ਪ੍ਰਾਜੈਕਟ ਵਿਵਾਦਾਂ ਦੀ ਭੇਟ ਚਡ਼੍ਹ ਗਏ, ਜਿਨ੍ਹਾਂ ਦੀ ਕਿਤੇ ਕੋਈ ਜਾਂਚ ਤੱਕ ਨਹੀਂ ਹੋਈ।

ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ

ਐੱਲ. ਈ. ਡੀ., ਸਮਾਰਟ ਸਿਟੀ ਆਦਿ ’ਤੇ ਹੋਵੇਗੀ ਹਾਊਸ ਦੀ ਵਿਸ਼ੇਸ਼ ਬੈਠਕ
ਅੱਜ ਹੋਈ ਬੈਠਕ ਦੌਰਾਨ ਵਿਸ਼ੇਸ਼ ਗੱਲ ਇਹ ਰਹੀ ਕਿ ਕੌਂਸਲਰਾਂ ਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਮਿਲਿਆ ਪਰ ਬੈਠਕ ਦੇ ਅੰਤ ਵਿਚ ਮੇਅਰ ਜਗਦੀਸ਼ ਰਾਜਾ ਨੇ ਇਹ ਕਹਿ ਕੇ ਮੀਟਿੰਗ ਖਤਮ ਕਰ ਦਿੱਤੀ ਕਿ ਜਲਦ ਹੀ ਐੱਲ. ਈ. ਡੀ. ਪ੍ਰਾਜੈਕਟ, ਸਮਾਰਟ ਸਿਟੀ ਅਤੇ ਹਾਊਸ ਦੀ ਪ੍ਰੋਸੀਡਿੰਗ ਦੇ ਮਾਮਲੇ ਵਿਚ ਵੱਖ-ਵੱਖ ਵਿਸ਼ੇਸ਼ ਬੈਠਕਾਂ ਕੀਤੀਆਂ ਜਾਣਗੀਆਂ, ਜੋ ਸਿਰਫ ਉਸੇ ਵਿਸ਼ੇ ’ਤੇ ਕੇਂਦਰਿਤ ਹੋਣਗੀਆਂ।

PunjabKesari

ਮੇਅਰ ਨੇ ਕਿਹਾ, ਕਰਣੇਸ਼ ਸ਼ਰਮਾ ਦੇ ਕਾਰਜਕਾਲ ਦੌਰਾਨ ਮੇਰੇ ਤੱਕ ਸਮਾਰਟ ਸਿਟੀ ਦੀ ਇਕ ਵੀ ਫਾਈਲ ਨਹੀਂ ਪਹੁੰਚੀ
ਹਾਊਸ ਦੀ ਬੈਠਕ ਦੌਰਾਨ ਜਦੋਂ ਜ਼ਿਆਦਾਤਰ ਕੌਂਸਲਰਾਂ ਨੇ ਸਮਾਰਟ ਸਿਟੀ ਨਾਲ ਸਬੰਧਤ ਘਪਲੇ ਉਠਾਉਣੇ ਸ਼ੁਰੂ ਕੀਤੇ ਅਤੇ ਇਸ ਮਾਮਲੇ ਵਿਚ ਮੇਅਰ ਦੀ ਜ਼ਿੰਮੇਵਾਰੀ ਵੀ ਫਿਕਸ ਕਰਨੀ ਚਾਹੀ ਤਾਂ ਮੇਅਰ ਨੇ ਸਾਫ ਸ਼ਬਦਾਂ ਵਿਚ ਕਹਿ ਹੀ ਦਿੱਤਾ ਕਿ ਉਹ ਸਮਾਰਟ ਸਿਟੀ ਕੰਪਨੀ ਵਿਚ ਡਾਇਰੈਕਟਰ ਜ਼ਰੂਰ ਹਨ, ਜਦੋਂ ਦੀਪਰਵ ਲਾਕੜਾ ਸੀ. ਈ. ਓ. ਸਨ, ਉਦੋਂ ਉਨ੍ਹਾਂ ਕੋਲ ਸਮਾਰਟ ਸਿਟੀ ਦੀਆਂ ਫਾਈਲਾਂ ਆਉਂਦੀਆਂ ਸਨ ਪਰ ਉਸ ਤੋਂ ਬਾਅਦ ਕਿਸੇ ਸੀ. ਈ. ਓ. ਨੇ ਉਨ੍ਹਾਂ ਕੋਲ ਸਮਾਰਟ ਸਿਟੀ ਦੀ ਕੋਈ ਫਾਈਲ ਨਹੀਂ ਪਹੁੰਚਣ ਦਿੱਤੀ।

ਇਹ ਵੀ ਪੜ੍ਹੋ: ਅਹਿਮ ਖ਼ਬਰ, ਇਸ ਦਿਨ ਤੋਂ ਚੱਲੇਗੀ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ, ਅੱਧੇ ਕਿਰਾਏ ’ਚ ਮਿਲੇਗਾ ‘ਲਗਜ਼ਰੀ ਸਫ਼ਰ’

ਬਹੁਮਤ ਦੇ ਬਾਵਜੂਦ ਕੁੱਤਿਆਂ ਦੀ ਨਸਬੰਦੀ ਸਬੰਧੀ ਪ੍ਰਸਤਾਵ ਪੈਂਡਿੰਗ
ਹਾਊਸ ਦੀ ਬੈਠਕ ਵਿਚ ਪ੍ਰਸਤਾਵ ਰੱਖਿਆ ਗਿਆ ਸੀ ਕਿ 6800 ਆਵਾਰਾ ਕੁੱਤਿਆਂ ਦੀ ਨਸਬੰਦੀ ਲਈ 95 ਲੱਖ ਦਾ ਇਕ ਹੋਰ ਟੈਂਡਰ ਲਗਾਇਆ ਜਾਵੇ ਕਿਉਂਕਿ ਸ਼ਹਿਰ ਵਿਚ ਕੁੱਤਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਇਸ ਪ੍ਰਸਤਾਵ ਦੇ ਵਿਰੋਧ ਵਿਚ ਰਾਮਾ ਮੰਡੀ ਹਲਕੇ ਦੇ ਕੌਂਸਲਰਾਂ ਮਨਦੀਪ ਜੱਸਲ, ਸ਼ਮਸ਼ੇਰ ਖਹਿਰਾ, ਮਨਦੀਪ ਕੌਰ ਮੁਲਤਾਨੀ ਆਦਿ ਨੇ ਤਰਕ ਦਿੱਤਾ ਕਿ ਨਸਬੰਦੀ ਦੇ ਬਾਅਦ ਸ਼ਹਿਰ ਦੇ ਕੁੱਤੇ ਰਾਮਾ ਮੰਡੀ ਹਲਕੇ ਵਿਚ ਹੀ ਛੱਡ ਦਿੱਤੇ ਜਾਂਦੇ ਹਨ, ਜਿਸ ਕਾਰਨ ਇਸ ਪੂਰੇ ਇਲਾਕੇ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਹੋ ਗਈ ਹੈ। ਪੂਰੇ ਸ਼ਹਿਰ ਵਿਚ ਇੰਨੇ ਕੁੱਤੇ ਨਹੀਂ ਹੋਣਗੇ, ਜਿੰਨੇ ਰਾਮਾ ਮੰਡੀ ਦੇ 4-5 ਵਾਰਡਾਂ ਵਿਚ ਹਨ।  ਇਸ ਪ੍ਰਸਤਾਵ ਦੇ ਹੱਕ ਵਿਚ ਬੰਟੀ ਨੀਲਕੰਠ, ਮਨਮੋਹਨ ਰਾਜੂ, ਦਵਿੰਦਰ ਸਿੰਘ ਰੋਨੀ ਅਤੇ ਨਿਰਮਲ ਸਿੰਘ ਨਿੰਮਾ ਆਦਿ ਨੇ ਮੰਗ ਕੀਤੀ ਕਿ ਇਹ ਪ੍ਰਸਤਾਵ ਜ਼ਰੂਰ ਪਾਸ ਕੀਤਾ ਜਾਵੇ ਤਾਂ ਜੋ ਕੁੱਤਿਆਂ ਦੀ ਸਮੱਸਿਆ ਨੂੰ ਆਉਣ ਵਾਲੇ ਸਮੇਂ ਵਿਚ ਪੱਕੇ ਤੌਰ ’ਤੇ ਖ਼ਤਮ ਕੀਤਾ ਜਾ ਸਕੇ। ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਰਾਮਾ ਮੰਡੀ ਹਲਕੇ ਦੀ ਸਮੱਸਿਆ ਹੱਲ ਕਰਨ ਲਈ ਯਤਨ ਕੀਤੇ ਜਾ ਸਕਦੇ ਹਨ ਪਰ ਨਵਾਂ ਟੈਂਡਰ ਜ਼ਰੂਰ ਲਗਾਇਆ ਜਾਣਾ ਚਾਹੀਦਾ ਹੈ। ਮੇਅਰ ਦੀ ਰਾਏ ਸੀ ਕਿ ਕੁੱਤਿਆਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਉਨ੍ਹਾਂ ਨੂੰ ਸੁਝਾਅ ਦਿੱਤੇ ਜਾਣ, ਉਦੋਂ ਤੱਕ ਇਸ ਪ੍ਰਸਤਾਵ ਨੂੰ ਪੈਂਡਿੰਗ ਰੱਖ ਲਿਆ ਜਾਵੇ। ਖਾਸ ਗੱਲ ਇਹ ਸੀ ਕਿ 4-5 ਕੌਂਸਲਰਾਂ ਨੂੰ ਛੱਡ ਕੇ ਸਾਰਾ ਹਾਊਸ ਇਸ ਨੂੰ ਪਾਸ ਕਰਨਾ ਚਾਹੁੰਦਾ ਸੀ ਪਰ ਫਿਰ ਵੀ ਇਸ ਨੂੰ ਪੈਂਡਿੰਗ ਰੱਖ ਲਿਆ ਗਿਆ।

ਕਿਸੇ ਅਫ਼ਸਰ ਨੇ ਮੂੰਹ ਤੱਕ ਨਹੀਂ ਖੋਲ੍ਹਿਆ
ਹਾਊਸ ਦੀ ਹੋਈ ਬੈਠਕ ਦੌਰਾਨ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਠੀਕ ਨਾ ਹੋਣ ਕਾਰਨ ਹਾਜ਼ਰ ਨਹੀਂ ਹੋਈ। ਇਨ੍ਹਾਂ ਦੇ ਸਥਾਨ ’ਤੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਮੌਜੂਦ ਸਨ। 2 ਦਰਜਨ ਦੇ ਲਗਭਗ ਅਫਸਰ ਵੀ ਬੈਠਕ ਦੌਰਾਨ ਮੌਜੂਦ ਸਨ ਪਰ ਕਿਸੇ ਅਫ਼ਸਰ ਨੇ ਪੂਰੀ ਬੈਠਕ ਦੌਰਾਨ ਆਪਣਾ ਮੂੰਹ ਤੱਕ ਨਹੀਂ ਖੋਲ੍ਹਿਆ ਅਤੇ ਨਾ ਹੀ ਕਿਸੇ ਕੌਂਸਲਰ ਨੂੰ ਕਿਸੇ ਗੱਲ ਦਾ ਜਵਾਬ ਹੀ ਦਿੱਤਾ। ਜੁਆਇੰਟ ਕਮਿਸ਼ਨਰ ਵੀ ਇਕ ਸ਼ਬਦ ਨਹੀਂ ਬੋਲੀ। ਪਹਿਲੀ ਵਾਰ ਹੋਇਆ ਕਿ ਹਾਊਸ ਵਿਚ ਸਵਾਲਾਂ ਦੇ ਜਵਾਬ ਦੇਣਾ ਅਗਲੀ ਬੈਠਕ ਤੱਕ ਟਾਲ ਦਿੱਤਾ ਗਿਆ।

PunjabKesari

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਖ਼ੁਲਾਸਾ, ਮਾਨ ਸਰਕਾਰ 'ਤੇ ਚੁੱਕੇ ਸਵਾਲ

ਸੁਰੱਖਿਆ ਅਜਿਹੀ ਜਿਵੇਂ ਦੰਗੇ ਦੀ ਸੰਭਾਵਨਾ ਹੋਵੇ
ਕੌਂਸਲਰ ਹਾਊਸ ਦੀ ਬੈਠਕ ਭਾਵੇਂ ਜਲੰਧਰ ਨਗਰ ਨਿਗਮ ਦਾ ਅੰਦਰੂਨੀ ਮਾਮਲਾ ਹੈ ਪਰ ਅੱਜ ਰੈੱਡ ਕਰਾਸ ਭਵਨ ਵਿਚ ਜੋ ਬੈਠਕ ਹੋਈ, ਉਸ ਦੌਰਾਨ ਜਲੰਧਰ ਪੁਲਸ ਨੇ ਇੰਨੀ ਭਾਰੀ ਸੁਰੱਖਿਆ ਉਪਲੱਬਧ ਕਰਵਾਈ ਜਿਵੇਂ ਕਿਤੇ ਦੰਗੇ ਦੀ ਸੰਭਾਵਨਾ ਹੋਵੇ। ਹਾਊਸ ਦੀ ਬੈਠਕ ਕਾਰਨ ਦਰਜਨਾਂ ਜਵਾਨਾਂ ’ਤੇ ਆਧਾਰਿਤ ਏ. ਆਰ. ਪੀ. ਦੀ ਵਿਸ਼ੇਸ਼ ਟੀਮ ਇਕ ਬੱਸ ਵਿਚ ਬੈਠਕ ਸਥਾਨ ’ਤੇ ਲਿਆਂਦੀ ਗਈ। ਜਲੰਧਰ ਪੁਲਸ ਦੇ ਕਈ ਵੱਡੇ ਅਧਿਕਾਰੀ ਪੂਰਾ ਸਮੇਂ ਦੌਰਾਨ ਬੈਠਕ ਸਥਾਨ ’ਤੇ ਮੌਜੂਦ ਰਹੇ। ਭਾਰੀ ਗਿਣਤੀ ਵਿਚ ਲੇਡੀਜ਼ ਪੁਲਸ ਬਲ ਵੀ ਤਾਇਨਾਤ ਰਿਹਾ ਪਰ ਬੈਠਕ ਵਿਚ ਕੋਈ ਗੜਬੜ ਨਹੀਂ ਹੋਈ।

ਵਿਧਾਇਕਾਂ ਨੇ ਬੈਠਕ ਨੂੰ ਗੰਭੀਰਤਾ ਨਾਲ ਹੀ ਨਹੀਂ ਲਿਆ
ਸ਼ਹਿਰ ਦੇ 5 ਵਿਧਾਇਕ ਜਿਨ੍ਹਾਂ ਵਿਚੋਂ 2 ਕਾਂਗਰਸ ਅਤੇ 3 ਆਮ ਆਦਮੀ ਪਾਰਟੀ ਤੋਂ ਹਨ, ਜੋ ਜਲੰਧਰ ਨਿਗਮ ਦੇ ਕੌਂਸਲਰ ਹਾਊਸ ਦੇ ਮੈਂਬਰ ਹਨ। ਪਿਛਲੀ ਵਾਰ ਜਦੋਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਗਈ ਸੀ ਅਤੇ ਜਲੰਧਰ ਨਿਗਮ ਵਿਚ ਅਕਾਲੀ-ਭਾਜਪਾ ਦਾ ਸ਼ਾਸਨ ਸੀ, ਉਦੋਂ ਕਾਂਗਰਸ ਦੇ ਜਿੱਤੇ ਚਾਰਾਂ ਵਿਧਾਇਕਾਂ ਨੇ ਕੌਂਸਲਰ ਹਾਊਸ ਵਿਚ ਆ ਕੇ ਅਕਾਲੀ-ਭਾਜਪਾ ਦੀ ਨੱਕ ਵਿਚ ਦਮ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਿਗਮ ’ਤੇ ਵੀ ਕਾਂਗਰਸ ਦਾ ਕਬਜ਼ਾ ਹੋ ਗਿਆ ਸੀ। ਬੀਤੇ ਦਿਨ ਕੀਤੀ ਬੈਠਕ ਦੌਰਾਨ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਚੁੱਕੀ ਆਮ ਆਦਮੀ ਪਾਰਟੀ ਦੇ ਤਿੰਨੇ ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ ਅਤੇ ਬਲਕਾਰ ਸਿੰਘ ਮੌਜੂਦ ਨਹੀਂ ਰਹੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਕਾਂਗਰਸੀ ਸ਼ਾਸਨਕਾਲ ਵਿਚ ਹੋਏ ਭ੍ਰਿਸ਼ਟਾਚਾਰ ’ਤੇ ਹਮਲਾ ਕਰਨ ਦਾ ਸਹੀ ਮੌਕਾ ਗੁਆ ਦਿੱਤਾ ਹੈ।

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News