ਦਵਾਈਆਂ ਦੀ ਕੀਮਤ ਬ੍ਰਾਂਡ ਨਹੀਂ, ਸਗੋਂ ਸਾਲਟ ਮੁਤਾਬਕ ਹੋਣੀ ਚਾਹੀਦੀ ਹੈ : ਬਲਬੀਰ ਸਿੱਧੂ

01/13/2020 12:16:02 AM

ਜਲੰਧਰ, (ਰੱਤਾ)- ਗਰੀਬਾਂ ਨੂੰ ਘੱਟ ਕੀਮਤ ’ਤੇ ਸਾਰੀਆਂ ਦਵਾਈਆਂ ਦੀ ਉਪਲੱਬਧਤਾ ਨੂੰ ਭਰੋਸੇਯੋਗ ਬਣਾਉਣ ਲਈ ਦਵਾਈਆਂ ਦੀ ਕੀਮਤ ਬ੍ਰਾਂਡ ਮੁਤਾਬਕ ਨਹੀਂ, ਸਗੋਂ ਸਾਲਟ ਮੁਤਾਬਕ ਹੋਈ ਚਾਹੀਦੀ ਹੈ। ਇਹ ਗੱਲ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਬਲਬੀਰ ਸਿੱਧੂ ਨੇ ਐਤਵਾਰ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਪੰਜਾਬ ਦੀ 72ਵੀਂ ਸਾਲਾਨਾ ਕਾਨਫਰੰਸ ’ਚ ਬਤੌਰ ਮੁੱਖ ਮਹਿਮਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਹੁਣੇ ਜਿਹੇ ਉਨ੍ਹਾਂ ਨੇ ਕੈਮੀਕਲ ਤੇ ਖਾਦ ਮੰਤਰਾਲਾ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਦਵਾਈਆਂ ਦੀਆਂ ਕੀਮਤਾਂ ’ਚ ਇਕਸਾਰਤਾ ਲਿਆਂਦੀ ਜਾਏ ਤਾਂ ਕਿ ਸਾਰਿਆਂ ਨੂੰ ਇਸ ਦਾ ਲਾਭ ਮਿਲ ਸਕੇ।

ਸ਼੍ਰੀ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਲਈ ਉਹ ਦਵਾਈਆਂ ਦੀਆਂ ਕੀਮਤਾਂ ਦੀ ਸਾਲਟ ਮੁਤਾਬਕ ਤੈਅ ਕਰਨ ਲਈ ਕੇਂਦਰ ਸਰਕਾਰ ਨੂੰ ਵੀ ਕਹੇਗੀ। ਸਿਹਤ ਮੰਤਰੀ ਨੇ ਆਈ. ਐੱਮ. ਏ. ਦੇ ਅਹੁਦੇਦਾਰਾਂ ਨੂੰ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ ਐਸੋਸੀਏਸ਼ਨ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇ ਅਤੇ ਇਸ ਦੇ ਲਈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਵੱਧ ਤੋਂ ਵੱਧ ਹਸਪਤਾਲਾਂ ਨੂੰ ਰਜਿਸਟਰ ਕਰਵਾਇਆ ਜਾਏ ਤਾਂ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਸਬ ਸੈਂਟਰਾਂ ਨੂੰ ਅਪਗ੍ਰੇਡ ਕਰਕੇ ਲਗਭਗ ਤਿੰਨ ਹਜ਼ਾਰ ਹੈਲਥ ਐਂਡ ਵੈੱਲਨੈੱਸ ਸੈਂਟਰ ਸ਼ੁਰੂ ਕਰ ਰਹੀ ਹੈ, ਜਿਥੇ ਪੜ੍ਹਿਆ-ਲਿਖਿਆ ਸਟਾਫ ਕਮਿਊਨਿਟੀ ਹੈਲਥ ਆਫਿਸਰ ਵਾਂਗ ਕੰਮ ਕਰੇਗਾ।

ਉਨ੍ਹਾਂ ਆਈ. ਐੱਮ. ਏ. ਨੂੰ ਪੰਜ ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੋਫੈਸ਼ਨ ਨੂੰ ਮਹੱਤਵਪੂਰਨ ਤੇ ਪਵਿੱਤਰ ਪੇਸ਼ਾ ਮੰਨਿਆ ਜਾਂਦਾ ਹੈ, ਇਸ ਲਈ ਡਾਕਟਰ ਸਾਹਿਬਾਨ ਇਸ ਮਾਣ ਨੂੰ ਬਰਕਰਾਰ ਰੱਖਦਿਆਂ ਲੋੜਵੰਦਾਂ ਤੇ ਪੱਛੜੇ ਵਰਗ ਲਈ ਵੱਧ ਤੋਂ ਵੱਧ ਕੰਮ ਕਰਨ। ਇਸ ਤੋਂ ਇਲਾਵਾ ਕਾਨਫਰੰਸ ਦੇ ਸਾਇੰਟਿਫਿਕ ਸੈਸ਼ਨ ’ਚ ਵੱਖ-ਵੱਖ ਸ਼ਹਿਰਾਂ ਤੋਂ ਆਏ ਮਾਹਿਰਾਂ ਨੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਦੀਆਂ ਆਧੁਨਿਕ ਤਕਨੀਕਾਂ ਬਾਰੇ ਹਾਜ਼ਰ ਡਾਕਟਰ ਸਾਹਿਬਾਨ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਡਾਕਟਰ ਹਾਜ਼ਰ ਸਨ।

ਡਾ. ਵਿਜੇ ਮਹਾਜਨ, ਡਾ. ਐੱਸ. ਕੇ. ਸ਼ਰਮਾ, ਡਾ. ਹਰਿੰਦਰ ਕੌਰ ਤੇ ਡਾ. ਇੰਦਰਜੀਤ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

ਮੈਡੀਕਲ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਉਣ, ਕਈ ਪ੍ਰਾਪਤੀਆਂ ਹਾਸਲ ਕਰਨ ਤੇ ਸ਼ਾਨਦਾਰ ਕੰਮਾਂ ਲਈ ਟੈਗੋਰ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਦੇ ਚੀਫ ਮੈਨੇਜਿੰਗ ਡਾਇਰੈਕਟਰ ਡਾ. ਵਿਜੇ ਮਹਾਜਨ, ਪਟੇਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਸ਼ਰਮਾ, ਮੈਡੀਕਲ ਕਾਲਜ ਅੰਮ੍ਰਿਤਸਰ ’ਚ ਐੱਚ. ਓ. ਡੀ. ਰਹੇ ਡਾ. ਹਰਿੰਦਰ ਕੌਰ ਤੇ ਡਾ. ਇੰਦਰਜੀਤ ਸਿੰਘ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਪੰਜਾਬ ਵਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ।


KamalJeet Singh

Content Editor

Related News