MBBS ਦੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਚਿੰਤਪੂਰਨੀ ਮੈਡੀਕਲ ਕਾਲਜ ਖ਼ਿਲਾਫ਼ ਲਾਏ ਗੰਭੀਰ ਦੋਸ਼

Sunday, Sep 15, 2024 - 12:21 PM (IST)

MBBS ਦੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਚਿੰਤਪੂਰਨੀ ਮੈਡੀਕਲ ਕਾਲਜ ਖ਼ਿਲਾਫ਼ ਲਾਏ ਗੰਭੀਰ ਦੋਸ਼

ਜਲੰਧਰ (ਮ੍ਰਿਦੁਲ)–ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਦੇ 200 ਤੋਂ ਵੱਧ ਵਿਦਿਆਰਥੀਆਂ ਦੀ ਸਾਰੀ ਅਧਿਐਨ ਸਮੱਗਰੀ ਕੱਪੜੇ ਅਤੇ ਹੋਰ ਸਾਮਾਨ ਗਾਇਬ ਹੋਣ ਨਾਲ ਵਿਦਿਆਰਥੀ ਬਹੁਤ ਪ੍ਰੇਸ਼ਾਨ ਹੋਏ। ਇਸ ਘਟਨਾ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੇ ਮੈਡੀਕਲ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਾਲਾਨਾ ਪ੍ਰੀਖਿਆ ਤੋਂ ਸਿਰਫ਼ 2 ਮਹੀਨੇ ਪਹਿਲਾਂ ਸਾਰੀ ਅਧਿਐਨ ਸਮੱਗਰੀ ਦਾ ਗਾਇਬ ਹੋਣਾ ਉਨ੍ਹਾਂ ਦੇ ਵਿਦਿਅਕ ਕੈਰੀਅਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ। ਇਹ ਦੋਸ਼ ਡਾ. ਦੀਪਕ ਜਾਂਗਰਾ ਸਮੇਤ ਹੋਰਨਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਲਾਏ।

ਮੀਡੀਆ ਨਾਲ ਗੱਲਬਾਤ ਦੌਰਾਨ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋਸਟਲ ਵਿਚੋਂ ਆਪਣਾ ਸਾਮਾਨ ਲੈਣ ਗਏ ਵਿਦਿਆਰਥੀਆਂ ਨੇ ਹੋਸਟਲ ਦੇ ਸਾਰੇ ਕਮਰਿਆਂ ਵਿਚ ਅਲਮਾਰੀਆਂ ਟੁੱਟੀਆਂ ਪਾਈਆਂ ਅਤੇ ਸਾਰਾ ਸਾਮਾਨ ਗਾਇਬ ਸੀ। ਪੀੜਤ 155 ਵਿਦਿਆਰਥੀਆਂ ਨੇ ਉਸੇ ਦਿਨ ਨੇੜਲੇ ਪੁਲਸ ਥਾਣਾ ਮਾਮੂਨ (ਪਠਾਨਕੋਟ) ਵਿਚ ਆਪਣੀ ਲਿਖਤੀ ਸ਼ਿਕਾਇਤ ਦਿੱਤੀ ਪਰ ਘਟਨਾ ਦੇ 4 ਦਿਨ ਬੀਤ ਜਾਣ ਦੇ ਬਾਅਦ ਵੀ ਜ਼ਿਲਾ ਪੁਲਸ ਨੇ ਵਿਦਿਆਰਥੀਆਂ ਦੇ ਗਾਇਬ ਹੋਏ ਸਾਮਾਨ ਦੀ ਭਾਲ ਕਰਨ ਦੀ ਕੋਸ਼ਿਸ਼ ਤਾਂ ਦੂਰ ਅਜੇ ਤਕ ਐੱਫ਼. ਆਈ. ਆਰ. ਤਕ ਦਰਜ ਨਹੀਂ ਕੀਤੀ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ : ਧੀ ਨਾਲ 7 ਸਾਲ ਤੱਕ ਜਬਰ-ਜ਼ਿਨਾਹ ਕਰਦਾ ਰਿਹਾ ਪਿਓ, ਇੰਝ ਖੁੱਲ੍ਹਿਆ ਭੇਤ

ਪੀੜਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਕਤ ਕਾਲਜ ਸਾਲ 2011 ਵਿਚ ਸਥਾਪਤ ਹੋਇਆ ਸੀ ਪਰ ਇਥੇ ਪਿਛਲੇ 13 ਸਾਲਾਂ ਤੋਂ ਇਕ ਵੀ ਡਾਕਟਰ ਪਾਸ ਨਹੀਂ ਹੋਇਆ। ਬੀਤੇ ਸਾਲਾਂ ਵਿਚ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ 2011, 2014 ਅਤੇ 2016 ਵਿਚ ਮਿਲੇ ਤਿੰਨ ਬੈਚਾਂ ਦੇ ਵਿਦਿਆਰਥੀ ਮੁੱਢਲੀਆਂ ਸਹੂਲਤਾਂ ਵਿਚ ਕਮੀਆਂ ਕਾਰਨ ਸੂਬੇ ਦੇ ਦੂਜੇ ਮੈਡੀਕਲ ਕਾਲਜ ਵਿਚ ਸ਼ਿਫਟ ਕਰ ਦਿੱਤੇ ਗਏ ਸਨ। ਉਸ ਸਮੇਂ ਕਾਲਜ ਦੀ 10 ਕਰੋੜ ਰੁਪਏ ਦੀ ਬੈਂਕ ਗਾਰੰਟੀ ਵੀ ਸੂਬਾ ਸਰਕਾਰ ਨੇ ਜ਼ਬਤ ਕਰ ਲਈ ਸੀ। ਸਾਲ 2017 ਤੋਂ 2020 ਤਕ ਇਸ ਕਾਲਜ ਨੂੰ ਮੁੱਢਲੀਆਂ ਸਹੂਲਤਾਂ ਵਿਚ ਕਮੀਆਂ ਕਾਰਨ ਕੋਈ ਵੀ ਐੱਮ. ਬੀ. ਬੀ. ਐੱਸ. ਦਾ ਬੈਚ ਨਹੀਂ ਦਿੱਤਾ ਗਿਆ।

ਸਾਲ 2021 ਵਿਚ ਇਸ ਕਾਲਜ ਨੇ ਆਪਣੀਆਂ ਕਮੀਆਂ ਦੂਰ ਕਰ ਿਦੱਤੇ ਜਾਣ ਦੀ ਸਹੁੰ ਨਾਲ ਕਿਸੇ ਤਰ੍ਹਾਂ ਦਾਖ਼ਲੇ ਦੀ ਇਜਾਜ਼ਤ ਲੈ ਲਈ। ਮੌਜੂਦਾ ਸਮੇਂ ਇਸ ਕਾਲਜ ਵਿਚ ਐੱਮ. ਬੀ. ਬੀ. ਐੱਸ. ਦੇ 2 ਬੈਚ 2021 ਸੈਸ਼ਨ ਦੇ 108 ਵਿਦਿਆਰਥੀ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਹਨ ਅਤੇ 150 ਵਿਦਿਆਰਥੀ ਦੂਜੇ ਸਾਲ ਵਿਚ ਐੱਮ. ਬੀ. ਬੀ. ਐੱਸ. ਕਰ ਰਹੇ ਹਨ। ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰ ਕੇ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਕਾਊਂਸਲਿੰਗ ਰਾਹੀਂ ਇਥੇ ਐਡਮਿਸ਼ਨ ਲਈ ਸੀ। ਲਗਾਤਾਰ ਮੁੱਢਲੀਆਂ ਸਹੂਲਤਾਂ ਦੀ ਕਮੀ ਕਾਰਨ ਇਸ ਕਾਲਜ ਨੂੰ ਐੱਨ. ਐੱਮ. ਸੀ. ਨੇ ਸਾਲ 2023 ਅਤੇ 2024 ਦੇ ਦਾਖ਼ਲੇ ਦੀ ਮਨਜ਼ੂਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ

ਇਸ ਦੇ ਨਾਲ ਹੀ ਬਾਬਾ ਫਰੀਦ ਯੂਨੀਵਰਸਿਟੀ ਨੇ ਇਸ ਕਾਲਜ ਦੀ ਐਫੀਲਿਏਸ਼ਨ ਵੀ ਰੱਦ ਕਰ ਦਿੱਤੀ। ਇਨ੍ਹਾਂ ਕਮੀਆਂ ਨਾਲ ਜੂਝਦੇ ਹੋਏ ਵਿਦਿਆਰਥੀਆਂ ਨੇ ਸਾਲ 2023 ਵਿਚ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਨੂੰ ਸੂਬੇ ਦੇ ਕਿਸੇ ਕਾਲਜ ਵਿਚ ਸ਼ਿਫਟ ਕਰਨ ਦੀ ਫਰਿਆਦ ਕੀਤੀ, ਜਿਸ ’ਤੇ ਹਾਈਕੋਰਟ ਨੇ 10 ਜਨਵਰੀ 2024 ਨੂੰ ਜਾਰੀ ਹੁਕਮ ਵਿਚ ਸਾਰੇ 258 ਵਿਦਿਆਰਥੀਆਂ ਨੂੰ ਹੋਰਨਾਂ ਕਾਲਜਾਂ ਵਿਚ ਸ਼ਿਫ਼ਟ ਕਰਨ ਦਾ ਹੁਕਮ ਦਿੱਤਾ। ਪਟੀਸ਼ਨ ਦੀ ਸੁਣਵਾਈ ਵਿਚ ਹਾਈਕੋਰਟ ਵੱਲੋਂ 22 ਅਗਸਤ 2024 ਨੂੰ ਮਾਣਯੋਗ ਚੀਫ ਜਸਟਿਸ ਦੇ ਬੈਂਚ ਨੇ ਕਾਲਜ ’ਤੇ 10 ਲੱਖ ਦਾ ਜੁਰਮਾਨਾ ਲਾਉਂਦੇ ਹੋਏ ਉਸਦੀ ਅਪੀਲ ਰੱਦ ਕਰ ਦਿੱਤੀ, ਜਿਸ ਕਾਰਨ ਬੱਚਿਆਂ ਦੀ ਸ਼ਿਫਟਿੰਗ ਦਾ ਰਸਤਾ ਆਸਾਨ ਹੋ ਗਿਆ। ਕਾਲਜ ਵੱਲੋਂ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਗਈ ਪਰ ਉਥੇ ਵੀ 2 ਸਤੰਬਰ ਨੂੰ ਕਾਲਜ ਦੀ ਅਪੀਲ ਰੱਦ ਹੋ ਗਈ।

ਪਰਿਵਾਰਕ ਮੈਂਬਰਾਂ ਨੇ ਕਾਲਜ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਹਾਈਕੋਰਟ ਦੇ ਹੁਕਮ ਤੋਂ ਬਾਅਦ ਜਦੋਂ 10 ਸਤੰਬਰ ਨੂੰ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿਚ ਉਹ ਹੋਸਟਲ ਵਿਚੋਂ ਆਪਣਾ ਸਾਮਾਨ ਲੈਣ ਲਈ ਗਏ ਤਾਂ ਲੜਕੀਆਂ ਦਾ ਸਾਮਾਨ ਤਕ ਹੋਸਟਲ ਵਿਚੋਂ ਗਾਇਬ ਸੀ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੱਚਿਆਂ ਨੇ 12 ਜੁਲਾਈ ਨੂੰ ਆਪਣੇ ਹੋਸਟਲ ਦੇ ਕਮਰਿਆਂ ਵਿਚ ਪਿਆ ਸਾਮਾਨ ਸਭ ਕੁਝ ਦੇਖਣ ਤੋਂ ਬਾਅਦ ਕਮਰੇ ਨੂੰ ਤਾਲਾ ਲਾਇਆ ਸੀ। ਜਦੋਂ ਦੋਬਾਰਾ ਸਾਮਾਨ ਲੈਣ ਲਈ ਗਏ ਤਾਂ ਤਾਲੇ ਕਟਰ ਨਾਲ ਕੱਟੇ ਹੋਏ ਸਨ। ਉਨ੍ਹਾਂ ਮੰਗ ਕੀਤੀ ਕਿ ਪੁਲਸ ਪ੍ਰਸ਼ਾਸਨ ਜਲਦ ਤੋਂ ਜਲਦ ਕਾਲਜ ਪ੍ਰਸ਼ਾਸਨ ਖ਼ਿਲਾਫ਼ ਕੇਸ ਦਰਜ ਕਰੇ ਤਾਂ ਕਿ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਇਸ ਮੌਕੇ ਵਿਕਾਸ ਛਾਬੜਾ, ਰਾਕੇਸ਼ ਗੁਪਤਾ, ਰਾਜਵੀਰ ਸਿੰਘ, ਪਰਮਿੰਦਰ ਸਿੰਘ, ਵਰਿੰਦਰ ਸਿੰਗਲਾ, ਵਿਕਰਮ ਧੁਰੀਆ, ਰਜਨੀਸ਼ ਗਿਰਧਰ, ਜਗਜੀਤ ਸਿੰਘ ਕੰਗ, ਸੁਨੀਲ ਮੌਰਿਆ, ਅਸ਼ੋਕ ਵਧਵਾ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News